ਅਫ਼ਗ਼ਾਨਿਸਤਾਨ ’ਚ ਧਮਾਕਾ; 12 ਸਿੱਖਾਂ ਸਣੇ 19 ਹਲਾਕ


ਜਲਾਲਾਬਾਦ (ਅਫ਼ਗ਼ਾਨਿਸਤਾਨ) - ਮੁਲਕ ਦੇ ਪੂਰਬੀ ਹਿੱਸੇ ’ਚ ਆਤਮਘਾਤੀ ਬੰਬਾਰ ਵੱਲੋਂ ਕੀਤੇ ਧਮਾਕੇ ’ਚ ਘੱਟੋ ਘੱਟ 19 ਵਿਅਕਤੀ ਹਲਾਕ ਅਤੇ 20 ਜਣੇ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਵੱਡੀ ਗਿਣਤੀ ਸਿੱਖਾਂ ਦੀ ਦੱਸੀ ਜਾਂਦੀ ਹੈ। ਅਫ਼ਗ਼ਾਨ ਸਦਰ ਅਸ਼ਰਫ਼ ਗ਼ਨੀ ਮੁਲਕ ਦੇ ਇਸੇ ਹਿੱਸੇ ਦੀ ਫ਼ੇਰੀ ’ਤੇ ਹਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਦੱਸੇ ਜਾਂਦੇ ਹਨ।
ਸਰਕਾਰੀ ਤਰਜਮਾਨ ਅਤਾਉੱਲ੍ਹਾ ਖੋਗਯਾਨੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਆਤਮਘਾਤੀ ਹਮਲਾਵਰ ਨੇ ਸੂਬਾਈ ਗਵਰਨਰ ਦੇ ਅਹਾਤੇ ਤੋਂ ਕੁਝ ਦੂਰੀ ’ਤੇ ਬਾਜ਼ਾਰ ਨੇੜੇ ਖ਼ੁਦ ਨੂੰ ਉਡਾ ਲਿਆ। ਇਸ ਅਹਾਤੇ ਵਿੱਚ ਅਫ਼ਗ਼ਾਨ ਸਦਰ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ। ਤਰਜਮਾਨ ਨੇ ਦੱਸਿਆ ਕਿ ਮਰਨ ਵਾਲਿਆਂ ’ਚ 12 ਸਿੱਖ ਤੇ ਕੁਝ ਹਿੰਦੂ ਸ਼ਾਮਲ ਹਨ ਅਤੇ 20 ਦੇ ਕਰੀਬ ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਦੌਰਾਨ ਹਸਪਤਾਲ ਦੇ ਬਾਹਰ ਧਮਾਕੇ ਦੇ ਪੀੜਤਾਂ ਦੇ ਸਕੇ-ਸਬੰਧੀਆਂ ਦਾ ਰੋ- ਰੋ ਕੇ ਬੁਰਾ ਹਾਲ ਸੀ। ਇਕ ਵਿਅਕਤੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਸਾਡੇ ਲਈ ਸਭ ਕੁਝ ਖ਼ਤਮ ਹੋ ਗਿਆ, ਉਨ੍ਹਾਂ ਸਾਡਾ ਘੱਟੋ ਘੱਟ ਦਸ ਲੋਕਾਂ ਦਾ ਕਤਲੇਆਮ ਕਰ ਦਿੱਤਾ। ਸੂਬਾਈ ਸਿਹਤ ਡਾਇਰੈਕਟਰ ਨਜੀਬੁੱਲ੍ਹਾ ਕਮਾਵਲ ਨੇ ਧਮਾਕੇ ’ਚ 19 ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਨ੍ਹਾਂ ’ਚ ਵੱਡੀ ਗਿਣਤੀ ਸਿੱਖਾਂ ਦੀ ਹੈ। ਯਾਦ ਰਹੇ ਕਿ ਮੁਸਲਿਮ ਬਹੁਗਿਣਤੀ ਵਾਲੇ ਇਸ ਮੁਲਕ ਵਿੱਚ ਸਿੱਖ ਤੇ ਹਿੰਦੂ ਨਿੱਕੇ ਭਾਈਚਾਰਿਆਂ ਦੇ ਰੂਪ ਵਿੱਚ ਰਹਿੰਦੇ ਹਨ। ਉਂਜ ਅਜੇ ਤਕ ਇਹ ਸਾਫ਼ ਨਹੀਂ ਹੈ ਕਿ ਕੀ ਇਹ ਹਮਲਾ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਗ੍ਰਹਿ ਮੰਤਰੀ ਦੇ ਬੁਲਾਰੇ ਨਜੀਬ ਦਾਨਿਸ਼ ਨੇ ਵੀ ਆਤਮਘਾਤੀ ਬੰਬਾਰ ਵੱਲੋਂ ਕੀਤੇ ਹਮਲੇ ਦੀ ਪੁਸ਼ਟੀ ਕੀਤੀ ਹੈ।
ਉਧਰ ਅਫ਼ਗਾਨ ਸਦਰ ਦੇ ਤਰਜਮਾਨ ਨੇ ਕਿਹਾ ਕਿ ਸ੍ਰੀ ਗਨੀ ਅਜੇ ਵੀ ਨੰਗਰਹਾਰ ਸੂਬੇ ’ਚ ਹਨ ਤੇ ਪੂਰੀ ਤਰ੍ਹਾਂ ‘ਖ਼ਤਰੇ ਤੋਂ ਬਾਹਰ’ ਹਨ। ਸਰਹੱਦੀ ਸੂਬੇ ਦੀ ਆਪਣੀ ਇਸ ਦੋ ਰੋਜ਼ਾ ਫ਼ੇਰੀ ਦੌਰਾਨ ਸ੍ਰੀ ਗਨੀ ਅੱਜ ਜਲਾਲਾਬਾਦ ਵਿੱਚ ਇਕ ਹਸਪਤਾਲ ਦੇ ਉਦਘਾਟਨ ਲਈ ਆਏ ਸਨ। ਕਾਬਿਲੇਗੌਰ ਹੈ ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਜੇ ਦੋ ਦਿਨ ਪਹਿਲਾਂ ਅਫ਼ਗ਼ਾਨ ਸਦਰ ਨੇ ਸਲਾਮਤੀ ਦਸਤਿਆਂ ਨੂੰ 18 ਦਿਨਾਂ ਦੀ ਗੋਲੀਬੰਦੀ ਮਗਰੋਂ ਤਾਲਿਬਾਨ ਖ਼ਿਲਾਫ਼ ਹਮਲੇ ਤੇਜ਼ ਕਰਨ ਦੀ ਹਦਾਇਤ ਕੀਤੀ ਹੈ।

 

Latest News
Magazine Archive