ਰੂਸ 48 ਸਾਲ ਮਗਰੋਂ ਪ੍ਰੀ ਕੁਆਰਟਰ ਫਾਈਨਲਜ਼ ’ਚ


ਮਾਸਕੋ - ਮੇਜ਼ਬਾਨ ਰੂਸ ਨੇ ਵਿਸ਼ਵ ਕੱਪ 2018 ਵਿੱਚ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਅੱਜ ਇੱਥੇ 2010 ਦੀ ਚੈਂਪੀਅਨ ਸਪੇਨ ਨੂੰ ਪੈਨਲਟੀ ਸ਼ੂਟਆਊਟ ਵਿੱਚ 4-3 ਗੋਲਾਂ ਨਾਲ ਹਰਾ ਕੇ 48 ਸਾਲ ਮਗਰੋਂ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ। ਰੂਸ ਦੀ ਇਸ ਜਿੱਤ ਦਾ ਨਾਇਕ ਉਸ ਦਾ ਗੋਲਕੀਪਰ ਇਗੋਰ ਅਕੀਨਫੀਵ ਰਿਹਾ, ਜਿਸ ਨੇ ਮੈਚ ਦੌਰਾਨ ਕਈ ਸ਼ਾਨਦਾਰ ਬਚਾਅ ਕੀਤੇ ਅਤੇ ਫਿਰ ਪੈਨਲਟੀ ਸ਼ੂਟ ਆਊਟ ਵਿੱਚ ਵੀ ਦੋ ਬਚਾਅ ਕਰਕੇ ਲੁਜ਼ਨਿਕੀ ਸਟੇਡੀਅਮ ਨੂੰ ਜਸ਼ਨ ਵਿੱਚ ਡੁਬੋ ਦਿੱਤਾ। ਸਪੇਨ ਨੇ ਤੈਅ ਅਤੇ ਵੱਧ ਸਮੇਂ ਵਿੱਚ ਫੁਟਬਾਲ ਨੂੰ 79 ਫੀਸਦੀ ਸਮੇਂ ਤੱਕ ਆਪਣੇ ਕਬਜ਼ੇ ਵਿੱਚ ਰੱਖਿਆ, ਪਰ ਉਹ ਰੂਸੀ ਡਿਫੈਂਸ ਨੂੰ ਤੋੜਨ ਵਿੱਚ ਅਸਫਲ ਰਿਹਾ। ਉਸ ਨੇ 11ਵੇਂ ਮਿੰਟ ਵਿੱਚ ਸਰਗੇਈ ਇਗਨਾਸ਼ੇਵਿਚ ਦੇ ਆਤਮਘਾਤੀ ਗੋਲ ਨਾਲ ਲੀਡ ਬਣਾਈ। ਰੂਸ ਨੂੰ 41ਵੇਂ ਮਿੰਟ ਵਿੱਚ ਪੈਨਲਟੀ ਮਿਲੀ, ਜਿਸ ’ਤੇ ਆਰਟਮ ਦਜ਼ਯੁਬਾ ਨੇ ਬਰਾਬਰੀ ਦਾ ਗੋਲ ਕੀਤਾ। ਅਖ਼ੀਰ ਵਿੱਚ ਜੇਤੂ ਦਾ ਫ਼ੈਸਲਾ ਪੈਨਲਟੀ ਸ਼ੂਟਆਊਟ ਨਾਲ ਹੋਇਆ।
ਰੂਸ ਲਈ ਫੇਡੋਰ ਸਮੋਲੋਵ, ਇਗਨਾਸ਼ੇਵਿਚ, ਅਲੈਕਜੈਂਡਰ ਗੋਲੋਵਿਨ ਅਤੇ ਡੇਨਿਸ ਚੈਰੀਸ਼ੇਵ ਨੇ ਗੋਲ ਕੀਤੇ। ਸਪੇਨ ਵੱਲੋਂ ਆਂਦਰੇਈ ਇਨਿਸਟਾ, ਗੇਰਾਰਡ ਪਿਕ ਅਤੇ ਸਰਗੀਓ ਰਾਮੋਜ਼ ਨੇ ਗੋਲ ਦਾਗ਼ੇ। 
ਯੁਰੂਗੁਏ ਨੇ ਪੁਰਤਗਾਲ ਨੂੰ ਕੀਤਾ ਬਾਹਰ; ਕਵਾਨੀ ਨੇ ਦਾਗ਼ੇ ਦੋ ਗੋਲ
ਸੋਚੀ - ਐਡਿਨਸਨ ਕਵਾਨੀ ਦੇ ਦੋ ਗੋਲਾਂ ਦੀ ਮਦਦ ਨਾਲ ਯੁਰੂਗੁਏ ਨੇ ਕ੍ਰਿਸਟਿਆਨੋ ਰੋਨਾਲਡੋ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਤੋੜਦਿਆਂ ਇੱਥੇ ਪ੍ਰੀ ਕੁਆਰਟਰ ਫਾਈਨਲ ਵਿੱਚ ਪੁਤਰਗਾਲ ਨੂੰ 2-1 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਹੈ। ਪੈਰਿਸ ਸੇਂਟ ਜਰਮਨ ਦੇ ਸਟਰਾਈਕਰ ਕਵਾਨੀ ਨੇ 62ਵੇਂ ਮਿੰਟ ਵਿੱਚ ਯੁਰੂਗੁਏ ਵੱਲੋਂ ਜੇਤੂ ਗੋਲ ਦਾਗ਼ਿਆ। ਇਸ ਤੋਂ ਪਹਿਲਾਂ ਕਵਾਨੀ ਨੇ ਸੱਤਵੇਂ ਮਿੰਟ ਵਿੱਚ ਹੀ ਯੁਰੂਗੁਏ ਨੂੰ ਲੀਡ ਦਿਵਾ ਦਿੱਤੀ ਸੀ, ਪਰ ਪੁਰਤਗਾਲ ਨੇ 55ਵੇਂ ਮਿੰਟ ਵਿੱਚ ਪੇਪੇ ਦੇ ਗੋਲ ਦੀ ਮਦਦ ਨਾਲ ਬਰਾਬਰੀ ਕਰ ਲਈ। ਇਸ ਜਿੱਤ ਨਾਲ ਯੁਰੂਗੁਏ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ, ਜਿੱਥੇ ਉਸ ਦਾ ਸਾਹਮਣਾ ਸ਼ੁੱਕਰਵਾਰ ਨੂੰ ਫਰਾਂਸ ਨਾਲ ਹੋਵੇਗਾ। ਪੇਪੇ ਪਹਿਲਾ ਖਿਡਾਰੀ ਹੈ, ਜੋ ਮੌਜੂਦਾ ਟੂਰਨਾਮੈਂਟ ਵਿੱਚ ਦੱਖਣੀ ਅਮਰੀਕੀ ਟੀਮ ਯੁਰੂਗੁਏ ਖ਼ਿਲਾਫ਼ ਗੋਲ ਕਰਨ ਵਿੱਚ ਸਫਲ ਰਿਹਾ ਹੈ।  

 

 

fbbg-image

Latest News
Magazine Archive