ਸਵਿੱਸ ਬੈਂਕਾਂ ’ਚ ਕਾਲਾ ਧਨ ਜਮ੍ਹਾਂ ਕਰਾਉਣ ਵਾਲਿਆਂ ਦੀ ਖ਼ੈਰ ਨਹੀਂ: ਗੋਇਲ


ਨਵੀਂ ਦਿੱਲੀ - ਭਾਰਤੀਆਂ ਵੱਲੋਂ ਸਵਿੱਸ ਬੈਂਕਾਂ ’ਚ ਵਾਧੂ ਪੈਸਾ ਜਮ੍ਹਾਂ ਕਰਾਏ ਜਾਣ ਦਰਮਿਆਨ ਸਰਕਾਰ ਨੇ ਅੱਜ ਸੰਕੇਤ ਦਿੱਤੇ ਕਿ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਵੱਲੋਂ ਪੈਸਾ ਬਾਹਰ ਭੇਜਣ ਦੀ ਸ਼ੁਰੂ ਕੀਤੀ ਗਈ ਨਰਮ ਯੋਜਨਾ ਕਰਕੇ ਇਹ ਵਾਧਾ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕੋਤਾਹੀ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਰੁਪਏ ’ਚ ਗਿਰਾਵਟ ਨਾਲ ਨਜਿੱਠਣ ਲਈ ਸਰਕਾਰ ਨੇ ਤੁਰੰਤ ਕੋਈ ਕਦਮ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਦੁਵੱਲੀ ਟੈਕਸ ਸੰਧੀ ਤਹਿਤ ਅਗਲੇ ਸਾਲ ਤੋਂ ਸਰਕਾਰ ਨੂੰ ਸਵਿੱਟਜ਼ਰਲੈਂਡ ਤੋਂ ਭਾਰਤੀਆਂ ਦੇ ਬੈਂਕ ਖ਼ਾਤਿਆਂ ਬਾਰੇ ਵੇਰਵੇ ਮਿਲਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਵਿੱਸ ਬੈਂਕਾਂ ’ਚ ਜਮ੍ਹਾਂ ਸਾਰੇ ਧਨ ਨੂੰ ਗ਼ੈਰਕਾਨੂੰਨੀ ਆਖਣਾ ਗ਼ਲਤ ਹੈ। ਉਧਰ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਭਾਰਤੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਸਵਿੱਸ ਬੈਂਕਾਂ ’ਚ ਗ਼ੈਰਕਾਨੂੰਨੀ ਪੈਸਾ ਹੈ ਤਾਂ ਉਨ੍ਹਾਂ ਖ਼ਿਲਾਫ਼ ਕਾਲੇ ਧਨ ਕਾਨੂੰਨ ਤਹਿਤ ਕਾਰਵਾਈ ਆਰੰਭੀ ਜਾਵੇਗੀ। ਸ੍ਰੀ ਜੇਤਲੀ ਨੇ ਆਪਣੇ ਬਲੌਗ ’ਚ ਕਿਹਾ ਕਿ ਖ਼ਬਰ ਨਸ਼ਰ ਹੋਣ ਮਗਰੋਂ ਸਰਕਾਰ ਦੇ ਕਾਲੇ ਧਨ ਸਬੰਧੀ ਚੁੱਕੇ ਗਏ ਕਦਮਾਂ ਉਪਰ ਸਵਾਲ ਉਠਣੇ ਸ਼ੁਰੂ ਹੋ ਗਏ ਹਨ ਪਰ ਟੈਕਸ ਵਿਭਾਗ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਫੰਡ ਵਿਦੇਸ਼ੀ ਪਾਸਪੋਰਟ ਹਾਸਲ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀਆਂ ਦੇ ਹਨ ਅਤੇ ਇਹ ਪੈਸਾ ਐਨਆਰਆਈਜ਼ ਦਾ ਹੈ। ਇਸ ਤੋਂ ਇਲਾਵਾ ਕਈ ਭਾਰਤੀ ਨਾਗਰਿਕਾਂ ਨੇ ਜਾਇਜ਼ ਢੰਗ ਨਾਲ ਵਿਦੇਸ਼ ’ਚ ਨਿਵੇਸ਼ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਭਾਰਤੀਆਂ ਵੱਲੋਂ 2017 ’ਚ ਸਵਿੱਸ ਬੈਂਕਾਂ ’ਚ ਜਮਾਂ ਕਰਾਇਆ ਪੈਸਾ 50 ਫ਼ੀਸਦੀ ਤੋਂ ਵਧ ਹੋ ਗਿਆ ਹੈ ਅਤੇ ਇਹ ਰਕਮ 7 ਹਜ਼ਾਰ ਕਰੋੜ ਰੁਪਏ ਬਣਦੀ ਹੈ। ਕਾਲੇ ਧਨ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਪਿਛਲੇ ਤਿੰਨ ਸਾਲਾਂ ਦਾ ਇਹ ਰੁਝਾਨ 2017 ’ਚ ਮੋੜਾ ਖਾ ਗਿਆ। ਉਧਰ ਰੁਪਏ ਦੀ ਗਿਰਾਵਨ ਨੂੰ ਰੋਕਣ ਬਾਰੇ ਕੇਂਦਰੀ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਆਲਮੀ ਹਾਲਾਤ ਨੂੰ ਵਾਚਣ ਮਗਰੋਂ ਹੀ ਢੁੱਕਵੇਂ ਕਦਮ ਉਠਾਏ ਜਾਣਗੇ। ਵਿਸ਼ਵ ਵਪਾਰ ਡਿਊਟੀਆਂ ਸਬੰਧੀ ‘ਜੰਗ’ ਛਿੜਨ, ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਅਤੇ ਅਮਰੀਕਾ ’ਚ ਵਿਆਜ ਦਰਾਂ ’ਚ ਵਾਧੇ ਨਾਲ ਵਿਦੇਸ਼ੀ ਪੂੰਜੀ ਦੀ ਨਿਕਾਸੀ ਦਰਮਿਆਨ ਕੱਲ ਪਹਿਲੀ ਵਾਰ ਡਾਲਰ ਦੇ ਮੁਕਾਬਲੇ ਰੁਪਇਆ 69.10 ਤਕ ਡਿੱਗ ਗਿਆ ਸੀ। ਅੱਜ ਦੁਪਹਿਰ ਦੇ ਕਾਰੋਬਾਰ ਦੌਰਾਨ ਰੁਪਏ ’ਚ ਹੋਰ ਸੁਧਾਰ ਦੇਖਿਆ ਗਿਆ ਅਤੇ ਇਹ 68.36 ਰੁਪਏ ’ਤੇ ਪਹੁੰਚ ਗਿਆ ਸੀ। ਸ੍ਰੀ ਗੋਇਲ ਨੇ ਕਿਹਾ ਕਿ ਸਰਕਾਰ ਅਤੇ ਆਰਬੀਆਈ ਇਕੱਠੇ ਬੈਠ ਕੇ ਇਸ ਬਾਰੇ ਵਿਚਾਰ ਵਟਾਂਦਰਾ ਕਰਨਗੇ।
ਰਾਹੁਲ ਵੱਲੋਂ ਮੋਦੀ ’ਤੇ ਨਿਸ਼ਾਨਾ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਵਿੱਸ ਬੈਂਕਾਂ ’ਚ ਭਾਰਤੀਆਂ ਦੇ ਪੈਸੇ ’ਚ ਵਾਧੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ਹੁਣ ਆਖ ਰਹੇ ਹਨ ਕਿ ਇਹ ਜਾਇਜ਼ ਪੈਸਾ ਹੈ ਅਤੇ ਕੋਈ ਕਾਲਾ ਧਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੇ 2014 ’ਚ ਕਿਹਾ ਸੀ ਕਿ ਉਹ ਸਵਿੱਸ ਬੈਂਕਾਂ ’ਚੋਂ ਕਾਲਾ ਧਨ ਲਿਆ ਕੇ ਹਰੇਕ ਭਾਰਤੀ ਦੇ ਖਾਤੇ ’ਚ 15-15 ਲੱਖ ਰੁਪਏ ਜਮਾਂ ਕਰਾਉਣਗੇ। ਉਨ੍ਹਾਂ ਕਿਹਾ ਸੀ ਕਿ ਨੋਟਬੰਦੀ ਨਾਲ ਕਾਲੇ ਧਨ ’ਤੇ ਲਗਾਮ ਲੱਗੇਗੀ ਪਰ ਸਵਿੱਸ ਬੈਂਕਾਂ ’ਚ ਇਹ ਧਨ ਕਿਥੋਂ ਆਇਆ। ਰੁਪਏ ਦੀ ਗਿਰਾਵਟ ਬਾਰੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਟਵੀਟ ਕਰਕੇ ਕਿਹਾ,‘‘ਭਾਜਪਾ ਦੇ ਅੱਛੇ ਦਿਨਾਂ ਦੀ ਉਡੀਕ ਹੈ ਜਦੋਂ ਇਕ ਅਮਰੀਕੀ ਡਾਲਰ ਦੀ ਕੀਮਤ 40 ਰੁਪਏ ਹੋਵੇਗੀ।’’

 

 

fbbg-image

Latest News
Magazine Archive