ਖੇਤੀ ਆਮਦਨ ਵਧਾਉਣ ਲਈ ਬਜਟ ਕੀਤਾ ਦੁੱਗਣਾ: ਮੋਦੀ


ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਨੇ ਸੰਨ 2022 ਤੱਕ ਖੇਤੀ ਤੋਂ ਆਮਦਨ ਦੁੱਗਣੀ ਕਰਨ ਲਈ ਖੇਤੀ ਬਜਟ 2.12 ਲੱਖ ਕਰੋੜ ਰੁਪਏ ਕਰ ਦਿੱਤਾ ਹੈ। ਇੱਥੇ 600 ਜ਼ਿਲ੍ਹਿਆਂ ਦੇ ਕਿਸਾਨਾਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਰਾਬਤਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਵੱਲੋਂ ਖੇਤੀ ਖ਼ਰਚਿਆਂ ਲਈ ਬਜਟ ਲਗਭਗ ਦੁੱਗਣਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਆਮਦਨ ਵਧਾਉਣ ਲਈ ਸਰਕਾਰ ਨੇ ਬਹੁਪੱਖੀ ਨੀਤੀ ਉਤੇ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਖੇਤੀ ਲਾਗਤਾਂ ਘਟਾਉਣ, ਫ਼ਸਲ ਦਾ ਢੁੱਕਵਾਂ ਮੁੱਲ ਦੇਣ, ਜਿਣਸਾਂ ਨੂੰ ਗ਼ਲਣ ਤੋਂ ਬਚਾਉਣ ਅਤੇ ਆਮਦਨ ਦੇ ਹੋਰ ਵਸੀਲੇ ਪੈਦਾ ਕਰਨ ਉਤੇ ਜ਼ੋਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਕਿਸਾਨਾਂ  ਨੂੰ ਉਨ੍ਹਾਂ ਦੇ ਉਤਪਾਦਨ ਮੁੱਲ ਦੇ 150 ਫੀਸਦ ਦੇ ਬਰਾਬਰ ਭਾਅ ਦਿੱਤੇ ਜਾਣ ਲਈ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭੋਜਨ ਪਦਾਰਥਾਂ ਦੇ ਨਾਲ-ਨਾਲ ਦੁੱਧ, ਫ਼ਲਾਂ ਅਤੇ ਸਬਜ਼ੀਆਂ ਦੀ ਰਿਕਾਰਡ ਪੈਦਾਵਾਰ ਹੋਈ ਹੈ। ਇਸੇ ਦਾ ਨਾਲ ਹੀ ਦਾਲਾਂ ਦੀ ਪੈਦਾਵਾਰ ਵੀ 10.5 ਫੀਸਦ ਵਧੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਦੇ ਹਰ ਪੱਧਰ ਉਤੇ ਸੇਧ ਦੇਣ ਲਈ ਵਚਨਬੱਧ ਹੈ ਫੇਰ ਚਾਹੇ ਉਹ ਬਿਜਾਈ ਦਾ ਸਮਾਂ ਹੋਵੇ ਜਾਂ ਫ਼ਸਲ ਦੀ ਵਾਢੀ ਦਾ। ਉਨ੍ਹਾਂ ਕਿਹਾ ਕਿ ‘ਈ-ਨੈਮ’ ਮੰਡੀਆਂ ਵੀ ਇਸੇ ਦਾ ਹਿੱਸਾ ਹਨ।   

 

Latest News
Magazine Archive