ਫਿਟਨੈੱਸ ਚੁਣੌਤੀ: ਕੁਮਾਰਾਸਵਾਮੀ ਦੀ ਥਾਂ

86 ਸਾਲਾ ਦੇਵਗੌੜਾ ਸਨ ਸਹੀ ਵਿਅਕਤੀ


ਬੰਗਲੌਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਿੱਟਨੈੱਸ ਸਬੰਧੀ ਦਿੱਤੀ ਗਈ ਚੁਣੌਤੀ ਨੂੰ ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਾਸਵਾਮੀ ਨੇ ਬੜੀ ਨਿਮਰਤਾ ਨਾਲ ਅਸਵੀਕਾਰ ਕਰ ਦਿੱਤਾ ਸੀ। ਸ੍ਰੀ ਕੁਮਾਰਾਸਵਾਮੀ ਜਿਨ੍ਹਾਂ ਦਾ ਦਿਲ ਦਾ ਅਪਰੇਸ਼ਨ ਹੋ ਚੁੱਕਾ ਹੈ, ਜ਼ਿਆਦਾ ਮੁਸ਼ੱਕਤ ਵਾਲੀ ਕਸਰਤ ਕਰਨ ਦੀ ਹਾਲਤ ਵਿੱਚ ਨਹੀਂ ਹਨ ਅਤੇ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਨੂੰ ਫਿੱਟਨੈੱਸ ਦੀ ਚੁਣੌਤੀ ਦਿੱਤਾ ਜਾਣਾ ਉਨ੍ਹਾਂ ਦੇ ਸਮਰਥਕਾਂ ਨੂੰ ਚੰਗਾ ਨਹੀਂ ਲੱਗਿਆ।
ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਨੇ ਸ੍ਰੀ ਕੁਮਾਰਾਸਵਾਮੀ ਦੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਨੂੰ ਇਹ ਚੁਣੌਤੀ ਦਿੱਤੀ ਹੁੰਦੀ ਤਾਂ ਸ਼ਾਇਦ ਉਨ੍ਹਾਂ ਨੂੰ ਵਧੀਆ ਤੇ ਹੈਰਾਨੀਜਨਕ ਜਵਾਬ ਮਿਲਣਾ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸ੍ਰੀ ਕੁਮਾਰਾਸਵਾਮੀ ਦੇ ਪਿਤਾ ਐਚ.ਡੀ. ਦੇਵਗੌੜਾ ਨਿਯਮਤ ਤੌਰ ’ਤੇ ਕਸਰਤ ਕਰਦੇ ਹਨ ਅਤੇ ਉਨ੍ਹਾਂ ਦੇ ਬੰਗਲੌਰ ਸਥਿਤ ਘਰ ਵਿੱਚ ਪੂਰਾ ਜਿਮ ਹੈ।
86 ਸਾਲਾ ਸ੍ਰੀ ਦੇਵਗੌੜਾ ਜੋ ਸਾਬਕਾ ਪ੍ਰਧਾਨ ਮੰਤਰੀ, ਸੱਤ ਵਾਰ ਵਿਧਾਇਕ ਅਤੇ ਸੱਤ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ, ਮੁਸ਼ੱਕਤ ਵਾਲੀ ਕਸਰਤ ਕਰਨ ਵਿੱਚ ਇਕ 40 ਸਾਲ ਦੇ ਵਿਅਕਤੀ ਨੂੰ ਸ਼ਰਮਸਾਰ ਕਰ ਸਕਦੇ ਹਨ। ਸ੍ਰੀ ਦੇਵਗੌੜਾ ਕੋਲ ਕਾਰਤਿਕ ਨਾਂ ਦਾ ਇਕ ਫਿੱਟਨੈੱਸ ਟਰੇਨਰ ਹੈ ਅਤੇ ਉਹ ਹਰ ਰੋਜ਼ ਕਈ ਮੁਸ਼ਕਿਲ ਕਸਰਤਾਂ ਕਰਦੇ ਹਨ। ਸਵੇਰੇ ਜਲਦੀ ਉੱਠ ਕੇ ਉਹ ਇਕ ਘੰਟੇ ਤੋਂ ਵੱਧ ਸਮਾਂ ਟਰੈਡਮਿੱਲ ’ਤੇ ਦੌੜਨ, ਵੇਟ ਲਿਫ਼ਟਿੰਗ ਕਰਨ, ਡੰਬਲਾਂ ਤੇ ਜਿਮ ਦੇ ਹੋਰ ਉਪਕਰਨਾਂ ਨਾਲ ਕਸਰਤ ਕਰਨ ’ਤੇ ਲਗਾਉਂਦੇ ਹਨ। ਇਸ ਬਾਰੇ ਗੱਲ ਕਰਨ ’ਤੇ ਸ੍ਰੀ ਦੇਵਗੌੜਾ ਕਹਿੰਦੇ ਹਨ ਕਿ ਉਹ ਦਹਾਕਿਆਂ ਤੋਂ ਕਸਰਤ ਕਰਦੇ ਆ ਰਹੇ ਹਨ ਅਤੇ ਇਸ ਵਿੱਚ ਕੁਝ ਵੀ ਖ਼ਾਸ ਨਹੀਂ ਹੈ। ਉਹ 86 ਸਾਲ ਦੀ ਉਮਰ ਵਿੱਚ ਵੀ ਇਸ ਫਿੱਟਨੈੱਸ ਦਾ ਕਾਰਨ ਆਪਣਾ ਖਾਣ-ਪਾਣ ਅਤੇ ਅਨੁਸ਼ਾਸਨ ਵਾਲਾ ਰਹਿਣ-ਸਹਿਣ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਘੱਟ ਖਾਂਦੇ ਹਨ, ਸ਼ਰਾਬ ਨਹੀਂ ਅਤੇ ਸਿਗਰਟ-ਬੀੜੀ ਨਹੀਂ ਪੀਂਦੇ। ਉਹ ਸਿਰਫ਼ ਸਾਧਾਰਨ ਸ਼ਾਕਾਹਾਰੀ ਖਾਣਾ ਖਾਂਦੇ ਹਨ। ਉਹ ਘੱਟ ਸੌਂਦੇ ਹਨ। ਸਵੇਰੇ ਜਲਦੀ ਉੱਠਦੇ ਹਨ ਅਤੇ ਉਨ੍ਹਾਂ ਨੂੰ ਲਾਲਚ ਨਹੀਂ ਹੈ।
ਪ੍ਰਧਾਨ ਮੰਤਰੀ ਦੀ ਫਿੱਟਨੈੱਸ ਸਬੰਧੀ ਚੁਣੌਤੀ ਬਾਰੇ ਪੁੱਛਣ ’ਤੇ ਸ੍ਰੀ ਦੇਵਗੌੜਾ ਸਿਰਫ ਮੁਸਕਰਾ ਦਿੱਤੇ। ਲੰਘੇ ਫਰਵਰੀ ਮਹੀਨੇ ਵਿੱਚ ਉਹ 40 ਡਿਗਰੀ ਤਾਪਮਾਨ ਵਿੱਚ ਗੋਮਾਤੇਸ਼ਵਰਾ ਜਾਂ ਬਾਹੂਬਲੀ ਦੇ ਦਰਸ਼ਨ ਕਰਨ ਲਈ ਸ਼ਰਵਨਬੈਲਾਗੋਲਾ 1300 ਕਦਮ ਚੱਲ ਕੇ ਗਏ ਸਨ।

 

 

fbbg-image

Latest News
Magazine Archive