ਯੁਰੂਗੁਏ ਦੀ ਜੇਤੂ ਸ਼ੁਰੂਆਤ; ਮਿਸਰ ਪਸਤ


ਏਕਾਤੇਰਿਨਾਬਰਗ - ਹੋਜ਼ੀ ਗਿਮੇਨੇਜ਼ ਵੱਲੋਂ ਆਖਰੀ ਪਲਾਂ (89ਵੇਂ ਮਿੰਟ) ਵਿੱਚ ਕੀਤੇ ਗੋਲ ਦੀ ਮਦਦ ਨਾਲ ਯੁਰੂਗੁਏ ਨੇ ਮੁਹੰਮਦ ਸਲਾਹ ਤੋਂ ਬਿਨਾਂ ਮੈਦਾਨ ’ਚ ਖੇਡ ਰਹੀ ਮਿਸਰ ਦੀ ਟੀਮ ਨੂੰ ਫੀਫਾ ਵਿਸ਼ਵ ਕੱਪ ਫੁਟਬਾਲ ਦੇ ਪਹਿਲੇ ਮੈਚ ਵਿੱਚ 1-0 ਦੀ ਸ਼ਿਕਸਤ ਦਿੱਤੀ। ਗਰੁੱਪ ਏ ਵਿੱਚ ਇਸ ਤੋਂ ਪਹਿਲਾਂ ਬੀਤੇ ਦਿਨ ਉਦਘਾਟਨੀ ਮੁਕਾਬਲੇ ਵਿੱਚ ਮੇਜ਼ਬਾਨ ਰੂਸ ਨੇ ਸਾਊਦੀ ਅਰਬ ਨੂੰ 5-0 ਦੀ ਸ਼ਿਕਸਤ ਦਿੱਤੀ ਸੀ। ਅੱਜ ਦਾ ਮੈਚ ਭਾਵੇਂ ਇਕ ਗੋਲਰਹਿਤ ਡਰਾਅ ਵੱਲ ਵਧਦਾ ਦਿਸ ਰਿਹਾ ਸੀ, ਪਰ ਯੁਰੂਗੁਏ ਦੀ ਟੀਮ ਨੇ ਮਗਰੋਂ ਦਬਾਅ ਬਣਾਇਆ ਜਿਸ ਦਾ ਲਾਹਾ ਉਸ ਨੂੰ ਗਿਮੇਨੇਜ਼ ਦੇ ਗੋਲ ਦੇ ਰੂਪ ਵਿੱਚ ਮਿਲਿਆ।
ਲੀਵਰਪੂਲ ਦਾ ਧੁਰੰਧਰ ਸਲਾਹ ਮੋਢੇ ਦੀ ਸੱਟ ਕਰਕੇ ਇਹ ਮੈਚ ਨਹੀਂ ਖੇਡ ਸਕਿਆ ਤੇ ਸਟੇਡੀਅਮ ਵਿੱਚ ਉਹਦੀ ਗੈਰਹਾਜ਼ਰੀ ਦੇ ਹੀ ਚਰਚੇ ਹੁੰਦੇ ਰਹੇ। ਮੈਚ ਦੌਰਾਨ ਸਟੇਡੀਅਮ ਦਾ ਵਧੇਰੇ ਹਿੱਸਾ ਖਾਲੀ ਰਹਿਣਾ ਫੀਫਾ ਤੇ ਸਥਾਨਕ ਪ੍ਰਬੰਧਕਾਂ ਲਈ ਚਿੰਤਾ ਦਾ ਸੱਬਬ ਰਿਹਾ। ਪੈਰਿਸ ਸੇਂਟ ਜਰਮੇਨ ਦੇ ਸਟਰਾਈਕਰ ਅਡਿੰਸਨ ਕਾਵਾਨੀ ਨੇ ਉਰੂਗੁਏ ਲਈ ਪਹਿਲੇ ਹਾਫ਼ ਵਿੱਚ ਕੁਝ ਮੌਕੇ ਬਣਾਏ, ਪਰ ਟੀਮ ਇਨ੍ਹਾਂ ਨੂੰ ਗੋਲ ਵਿੱਚ ਬਦਲਣ ’ਚ ਨਾਕਾਮ ਰਹੀ। ਉਧਰ 2014 ਵਿੱਚ ਲੱਗੀ ਪਾਬੰਦੀ ਮਗਰੋਂ ਆਪਣਾ ਪਹਿਲਾ ਮੈਚ ਖੇਡ ਰਿਹਾ ਲੁਇਸ ਸੁਆਰੇਜ਼ ਪਹਿਲੇ ਹਾਫ਼ ਵਿੱਚ ਕੋਈ ਕਮਾਲ ਨਹੀਂ ਵਿਖਾ ਸਕਿਆ। ਮਿਸਰ ਲਈ ਮਾਰਵਾਹ ਮੋਹਸਿਨ ਇਕਹਿਰਾ ਫਾਰਵਰਡ ਸੀ ਤੇ ਸਲਾਹ ਦੀ ਘਾਟ ਟੀਮ ਨੂੰ ਬੁਰੀ ਤਰ੍ਹਾਂ ਰੜਕੀ। ਮੈਚ ਦੀ ਸ਼ੁਰੂਆਤ ਤੋਂ ਅੱਧੇ ਘੰਟੇ ਮਗਰੋਂ ਸਟੇਡੀਅਮ ਵਿੱਚ ਲੱਗੀ ਸਕਰੀਨ ਉੱਤੇ ਜਦੋਂ ਸਲਾਹ ਨੂੰ ਆਪਣੇ ਸਾਥੀਆਂ ਨਾਲ ਬੈਂਚ ’ਤੇ ਬੈਠਾ ਵਿਖਾਇਆ ਗਿਆ ਤਾਂ ਤਾਲੀਆਂ ਦੀ ਗੜਗੜਾਹਟ ਨਾਲ ਮੈਦਾਨ ਗੂੰਜ ਉੱਠਿਆ। ਉਧਰ ਮਿਸਰ ਦੇ ਕੋਚ ਹੈਕਟਰ ਕੂਪਰ ਨੇ ਬੀਤੇ ਦਿਨ ਕਿਹਾ ਸੀ ਕਿ ਸਲਾਹ ਸੱਟ ਤੋਂ ਪੂਰੀ ਤਰ੍ਹਾਂ ਉਭਰ ਚੁੱਕਾ ਹੈ ਤੇ ਉਹ ਮੈਚ ਖੇਡੇਗਾ, ਪਰ ਅਜਿਹਾ ਨਹੀਂ ਹੋਇਆ। ਹੁਣ ਟੀਮ ਇਹ ਦੁਆ ਕਰੇਗੀ ਕਿ ਮੇਜ਼ਬਾਨ ਰੂਸ ਖ਼ਿਲਾਫ਼ ‘ਕਰੋ ਜਾਂ ਮਰੋ’ ਮੁਕਾਬਲੇ ਵਿੱਚ ਉਨ੍ਹਾਂ ਦੀ ਟੀਮ ਦਾ ਸਟਾਰ ਖਿਡਾਰੀ ਜ਼ਰੂਰ ਨਜ਼ਰ ਆਏ। 

 

Latest News
Magazine Archive