ਪਾਕਿ ਗੋਲਾਬਾਰੀ ਕਾਰਨ 4 ਬੀਐਸਐਫ ਕਰਮੀ ਸ਼ਹੀਦ


ਜੰਮੂ - ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲੇ ਵਿੱਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਰੇਂਜਰਜ਼ ਵੱਲੋਂ ਕੱਲ੍ਹ ਰਾਤੀਂ ਕੀਤੀ ਗੋਲੀਬਾਰੀ ਵਿੱਚ ਸਹਾਇਕ ਕਮਾਂਡੈਂਟ ਰੈਂਕ ਦੇ ਇਕ ਅਫ਼ਸਰ ਸਣੇ ਬੀਐਸਐਫ ਦੇ ਚਾਰ ਕਰਮੀ ਮਾਰੇ ਗਏ ਹਨ।
ਸਰਹੱਦੀ ਬਲ ਦੇ ਇਕ ਸੀਨੀਅਰ ਅਫ਼ਸਰ ਨੇ ਦੱਸਿਆ ਕਿ ਕਮਾਂਡਰ ਪੱਧਰੀ ਮੁਲਾਕਾਤ ਤੋਂ ਬਾਅਦ ਉਨ੍ਹਾਂ ਵੱਲੋਂ ਗੋਲੀਬੰਦੀ ਦਾ ਪਾਲਣ ਕੀਤਾ ਜਾ ਰਿਹਾ ਸੀ ਪਰ ਪਾਕਿਸਤਾਨ ਦੀ ਤਰਫ਼ੋਂ ਬਿਨਾਂ ਕਿਸੇ ਭੜਕਾਹਟ ਤੋਂ ਗੋਲੀਬਾਰੀ ਜਾਰੀ ਹੈ। ਬੀਐਸਐਫ ਦੀ ਪੱਛਮੀ ਕਮਾਂਡ ਦੇ ਵਧੀਕ ਡੀਜੀ ਕੇ ਐਨ ਚੌਬੇ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ‘‘ ਗੋਲੀਬੰਦੀ ਲਾਗੂ ਹੋਣ ਕਰ ਕੇ ਅਸੀਂ ਇਸ ਨੂੰ ਆਪਣੀ ਹਿਫ਼ਾਜ਼ਤ ਨੂੰ ਮਜ਼ਬੂਤ ਬਣਾਉਣ ਦੇ ਕੰਮਾਂ ਵਿੱਚ ਲੱਗੇ ਹਾਂ। ਸਾਡੀ ਇਕ ਟੀਮ ਬਚਾਓ ਸਮੱਗਰੀ ਲਿਜਾ ਰਹੀ ਸੀ ਜਦੋਂ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕੀਤੀ ਤੇ ਉਸ ’ਤੇ ਗੋਲੀਬਾਰੀ ਕੀਤੀ ਤੇ ਫਿਰ ਮੌਰਟਾਰ ਗੋਲੇ ਦਾਗੇ। ਇਵੇਂ ਇਹ ਜਾਨੀ ਨੁਕਸਾਨ ਹੋਇਆ ਹੈ।’’  ਇਸ ਦੌਰਾਨ ਸਹਾਇਕ ਕਮਾਂਡੈਂਟ ਜਿਤੇਂਦਰ ਸਿੰਘ ਦੀ ਅਗਵਾਈ ਹੇਠ ਬੀਐਸਐਫ ਦੀ ਇਕ ਟੀਮ ਉਨ੍ਹਾਂ ਨੂੰ ਬਚਾਉਣ ਲਈ ਪੁੱਜੀ ਅਤੇ ਪਾਕਿਸਤਾਨ ਦੀ ਅਸਰਫ਼ ਚੌਕੀ ਤੋਂ ਦਾਗਿਆ ਇਕ ਗੋਲਾ ਚਮਲਿਆਲ ਵਿਚਲੀ ਸਾਡੀ ਸਰਹੱਦੀ ਚੌਕੀ ਨੇੜੇ ਆ ਕੇ ਡਿਗਿਆ ਜਿਸ ਕਾਰਨ ਇਹ ਨੁਕਸਾਨ ਹੋਇਆ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਪਾਕਿਸਤਾਨ ਕੋਲ ਰੋਸ ਦਰਜ ਕਰਵਾਇਆ ਜਾਵੇਗਾ ਤਾਂ ਉਨ੍ਹਾਂ ਕਿਹਾ ‘‘ ਬੇਸ਼ੱਕ, ਰੋਸ ਦਰਜ ਕਰਵਾਇਆ ਜਾਵੇਗਾ।’’ ਉਨ੍ਹਾਂ ਕਿਹਾ ਕਿ ਇਸ ਕਾਰਵਾਈ ਵਿੱਚ ਪਾਕਿਸਤਾਨ ਦੀ ਸਪੈਸ਼ਲ ਫੋਰਸ ‘ਬੈਟ’ ਦੀ ਸ਼ਮੂਲੀਅਤ ਬਾਰੇ ਕੁਝ ਵੀ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ।
ਇਸ ਦੌਰਾਨ, ਬੀਐਸਐਫ (ਜੰਮੂ ਫਰੰਟੀਅਰ) ਦੇ ਆਈਜੀ ਰਾਮ ਅਵਤਾਰ ਨੇ ਪੀਟੀਆਈ ਨੂੰ ਦੱਸਿਆ ‘‘ ਪਾਕਿਸਤਾਨ ਰੇਂਜਰਜ਼ ਨੇ ਕੱਲ੍ਹ ਰਾਤੀਂ ਰਾਮਗੜ੍ਹ ਸੈਕਟਰ ਵਿੱਚ ਕੌਮਾਂਤਰੀ ਸਰਹੱਦ ’ਤੇ ਗੋਲੀਬਾਰੀ ਸ਼ੁਰੂ ਕੀਤੀ ਸੀ। ਸਾਡੇ ਚਾਰ ਕਰਮੀਆਂ ਦੀ ਜਾਨ ਗਈ ਹੈ ਜਿਨ੍ਹਾਂ ’ਚ ਇਕ ਸਹਾਇਕ ਕਮਾਂਡੈਂਟ ਰੈਂਕ ਦਾ ਅਫ਼ਸਰ ਸ਼ਾਮਲ ਹੈ।’’ ਬੀਐਸਐਫ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਸ਼ਹੀਦ ਹੋਣ ਵਾਲਿਆਂ ਵਿੱਚ ਸਹਾਇਕ ਕਮਾਂਡੈਂਟ ਜਿਤੇਂਦਰ ਸਿੰਘ, ਸਬ ਇਸਪੈਕਟਰ ਰਜਨੀਸ਼, ਏਐਸਆਈ ਰਾਮਨਿਵਾਸ, ਸਿਪਾਹੀ ਹੰਸਰਾਜ ਸ਼ਾਮਲ ਹਨ। ਤਿੰਨ ਹੋਰ ਕਰਮੀ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਹਾਇਕ ਕਮਾਂਡੈਂਟ ਜਿਤੇਂਦਰ ਸਿੰਘ ਰਾਜਸਥਾਨ ਦੇ ਜੈਪੁਰ ਦਾ ਵਸਨੀਕ ਸੀ ਜਦਕਿ ਐਸਆਈ ਰਜਨੀਸ਼ ਕੁਮਾਰ ਈਟਾਹ ਯੂਪੀ ਤੋਂ, ਏਐਸਆਈ ਰਾਮਨਿਵਾਸ ਸੀਕਰ ਤੋਂ ਅਤੇ ਸਿਪਾਹੀ ਹੰਸਰਾਜ ਗੁਰਜਰ ਅਲਵਰ ਤੋਂ ਸੀ। ਪਿਛਲੇ ਛੇ ਮਹੀਨਿਆਂ ਦੌਰਾਨ ਸਰਹੱਦ ’ਤੇ ਗੋਲੀਬਾਰੀ ਦੀਆਂ ਵਾਰਦਾਤਾਂ ਵਿੱਚ ਬੀਐਸਐਫ ਦੇ 11 ਜਵਾਨ ਮਾਰੇ ਜਾ ਚੁੱਕੇ ਹਨ ਜੋ ਪਿਛਲੇ ਪੰਜ ਸਾਲਾਂ ਵਿੱਚ ਸਭ ਤੋਂ ਜ਼ਿਆਦਾ ਹਨ। ਪਿਛਲੇ ਮਹੀਨੇ ਜੰਮੂ, ਕਠੂਆ ਤੇ ਸਾਂਬਾ ਜ਼ਿਲਿਆਂ ਵਿੱਚ ਕੌਮਾਂਤਰੀ ਸਰਹੱਦ ਦੇ ਨੇੜਲੇ ਪਿੰਡਾਂ ਤੇ ਕਸਬਿਆਂ ਵਿੱਚ ਰਹਿੰਦੇ ਹਜ਼ਾਰਾਂ ਲੋਕਾਂ ਨੂੰ ਗੋਲੀਬਾਰੀ ਕਾਰਨ ਘਰਬਾਰ ਛੱਡ ਕੇ ਦੌੜਨਾ ਪਿਆ ਸੀ। 15-23 ਮਈ ਦਰਮਿਆਨ ਹੋਈ ਭਾਰੀ ਗੋਲਾਬਾਰੀ ਵਿੱਚ 12 ਜਣੇ ਮਾਰੇ ਗਏ ਸਨ ਤੇ ਦਰਜਨਾਂ ਜ਼ਖ਼ਮੀ ਹੋਏ ਸਨ। 
ਪਾਕਿ ਨੇ ਭਾਰਤੀ ਦਸਤਿਆਂ ਦੀ ਗੋਲੀਬਾਰੀ ’ਤੇ ਰੋਸ ਜਤਾਇਆ
ਇਸਲਾਮਾਬਾਦ - ਪਾਕਿਸਤਾਨ ਨੇ ਅੱਜ ਭਾਰਤ ਦੇ ਕਾਰਜਕਾਰੀ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਅਸਲ ਕੰਟਰੋਲ ਰੇਖਾ ’ਤੇ ਭਾਰਤੀ ਦਸਤਿਆਂ ਵੱਲੋਂ ਬਿਨਾਂ ਕਿਸੇ ਭੜਕਾਹਟ ਤੋਂ ਕੀਤੀ ਜਾ ਰਹੀ ਗੋਲੀਬੰਦੀ ਦੀ ਉਲੰਘਣਾ ਜਿਸ ਕਾਰਨ ਪਿੰਡ ਤਰੋਠੀ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਪ੍ਰਤੀ ਰੋਸ ਦਰਜ ਕਰਾਇਆ। ਪਾਕਿਸਤਾਨ ਨੇ ਦੋਸ਼ ਲਾਇਆ ਕਿ ਭਾਰਤੀ ਦਸਤਿਆਂ ਵੱਲੋਂ ਅਸਲ ਕੰਟਰੋਲ ਰੇਖਾ ਤੇ ਸਰਹੱਦ ’ਤੇ ਲਗਾਤਾਰ ਸ਼ਹਿਰੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਗੋਲੀਬਾਰੀ ’ਤੇ ਭਾਜਪਾ ਤੇ ਕਾਂਗਰਸ ਦੀ ਤਿੱਖੀ ਪ੍ਰਤੀਕਿਰਿਆ
ਜੰਮੂ - ਭਾਜਪਾ ਤੇ ਕਾਂਗਰਸ ਦੀਆਂ ਜੰਮੂ ਕਸ਼ਮੀਰ ਇਕਾਈਆਂ ਨੇ ਪਾਕਿਸਤਾਨੀ ਗੋਲੀਬਾਰੀ ਦੀ ਨਿਖੇਧੀ ਕੀਤੀ ਹੈ। ਭਾਜਪਾ ਦੇ ਸੂਬਾਈ ਪ੍ਰਧਾਨ ਰਵਿੰਦਰ ਰੈਨਾ ਨੇ ‘ਦੁਸ਼ਮਣ’ ਨੂੰ ਸਖ਼ਤ ਚਿਤਾਵਨੀ ਦਿੱਤੀ ਤੇ ਕਿਹਾ ਕਿ ਪਾਕਿਸਤਾਨ ਗਦਾਰਾਂ ਤੇ ਧੋਖੇਬਾਜ਼ਾਂ ਦਾ ਮੁਲਕ ਹੈ। ਇਸ ਨੇ ਇਕ ਵਾਰ ਫਿਰ ਸਾਡੀ ਪਿੱਠ ਵਿੱਚ ਛੁਰਾ ਮਾਰਿਆ ਹੈ। ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਜੀ ਏ ਮੀਰ ਨੇ ਕਿਹਾ ਕਿ ਪਾਕਿਸਤਾਨ ਨੇ ਰਮਜ਼ਾਨ ਦੇ ਮਹੀਨੇ ਦੌਰਾਨ ਵੀ ਗੋਲੀਬੰਦੀ ਨਹੀਂ ਕੀਤੀ ਅਤੇ ਉਹ ਮੋਦੀ ਸਰਕਾਰ ਦੀ ਅਸਪੱਸ਼ਟ ਨੀਤੀ ਦਾ ਲਾਹਾ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਗੋਲੀਬੰਦੀ ਦੇ ਉਲੰਘਣ ਦੀਆਂ ਵਾਰਦਾਤਾਂ ਵਿੱਚ ਅਥਾਹ ਵਾਧਾ ਹੋਇਆ ਹੈ।  

 

 

fbbg-image

Latest News
Magazine Archive