ਰੂਸ ਤੇ ਸਾਊਦੀ ਅਰਬ ਦੇ ਮੈਚ ਰਾਹੀਂ ਵਿਸ਼ਵ ਕੱਪ ਦਾ ਆਗਾਜ਼ ਅੱਜ


ਮਾਸਕੋ - ਰੂਸ 21ਵੇਂ ਫੀਫਾ ਵਿਸ਼ਵ ਕੱਪ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗ ਚੁੱਕਿਆ ਗਿਆ ਹੈ। ਰੂਸੀ ਇਨਕਲਾਬ ਦੇ ਮੋਢੀ ਵਲਾਦਿਮੀਰ ਇ. ਲੈਨਿਨ ਦਾ ਮੁਲਕ ਰੂਸ ਪਹਿਲੀ ਵਾਰ ਫੁਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ, ਜੋ ਵੀਰਵਾਰ ਤੋਂ ਸ਼ੁਰੂ ਹੋ ਕੇ 15 ਜੁਲਾਈ ਤੱਕ ਚੱਲੇਗਾ। 11 ਸ਼ਹਿਰਾਂ ਦੇ 12 ਵੱਖ-ਵੱਖ ਸਟੇਡੀਅਮਾਂ ’ਤੇ ਖੇਡੇ ਜਾਣ ਵਾਲੇ ਇਸ ਆਲਮੀ ਟੂਰਨਾਮੈਂਟ ਵਿੱਚ 32 ਟੀਮਾਂ ਹਿੱਸਾ ਲੈ ਰਹੀਆਂ ਹਨ, ਜੋ ਕੁੱਲ 64 ਮੈਚ ਖੇਡਣਗੀਆਂ। ਇੱਕ ਮਹੀਨੇ ਤੱਕ ਚੱਲਣ ਵਾਲੇ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਵੀਰਵਾਰ ਨੂੰ ਰੂਸ ਅਤੇ ਸਾਊਦੀ ਅਰਬ ਵਿਚਾਲੇ 80 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਲੁਜ਼ਨਿਕੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਵੀ ਇਸੇ ਸਟੇਡੀਅਮ ’ਤੇ ਹੋਵੇਗਾ। ਇਸ ਤੋਂ ਪਹਿਲਾਂ ਮਾਸਕੋ 1980 ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰ ਚੁੱਕਿਆ। ਇਸ ਆਲਮੀ ਟੂਰਨਾਮੈਂਟ ਦੌਰਾਨ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਅਰਜਨਟੀਨਾ ਦੇ ਖਿਡਾਰੀ ਲਾਇਨਲ ਮੈਸੀ ਅਤੇ ਬਰਾਜ਼ੀਲ ਦੇ ਖਿਡਾਰੀ ਨੇਮਾਰ ’ਤੇ ਹੋਣਗੀਆਂ। ਦੱਖਣੀ ਅਮਰੀਕੀ ਸਮਰਥਕਾਂ ਦੀ ਇੱਕ ਟੀਮ ਨੇ ਧੂਮ-ਧੜੱਕੇ ਨਾਲ ਰੈੱਡ ਸਕੁਐਰ ’ਤੇ ਮਾਰਚ ਕੀਤਾ ਅਤੇ ਦੁਕਾਨਦਾਰਾਂ ਨਾਲ ਤਸਵੀਰਾਂ ਖਿਚਵਾਈਆਂ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਪਿਛਲੇ ਹਫ਼ਤੇ ਟੈਲੀਵਿਜ਼ਨ ’ਤੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਇਸ ਟੂਰਨਾਮੈਂਟ ’ਤੇ 13 ਅਰਬ ਡਾਲਰ ਖ਼ਰਚ ਹੋਏ ਹਨ ਅਤੇ ਸਾਰਿਆਂ ਲਈ ‘ਕਦੇ ਨਾ ਭੁੱਲਣ ਵਾਲਾ ਅਨੁਭਵ ਹੋਣਾ ਚਾਹੀਦਾ ਹੈ।’’
ਦੂਜੇ ਪਾਸੇ, ਰੂਸ ਅਤੇ ਸਾਊਦੀ ਅਰਬ ਦੇ ਗਰੁੱਪ ‘ਏ’ ਵਿੱਚ ਮਿਸਰ ਅਤੇ ਸਾਬਕਾ ਚੈਂਪੀਅਨ ਯੁਰੂਗੁਏ ਵਰਗੀਆਂ ਟੀਮਾਂ ਹਨ। ਇਸ ਮੁਕਾਬਲੇ ਵਿੱਚ ਜੋ ਜਿੱਤੇਗਾ। ਉਸ ਦੀ ਨਾਕਆਊਟ ਵਿੱਚ ਪਹੁੰਚਣ ਦੀ ਸੰਭਾਵਨਾ ਵਧ ਜਾਵੇਗੀ। ਰੂਸ ਨੇ ਮੇਜ਼ਬਾਨ ਹੋਣ ਕਾਰਨ ਕੁਆਲੀਫੀਕੇਸ਼ਨ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲਿਆ ਅਤੇ ਉਸ ਨੂੰ ਸਿੱਧੇ ਵਿਸ਼ਵ ਕੱਪ ਵਿੱਚ ਥਾਂ ਮਿਲੀ ਹੈ।
ਰੂਸ ਨੇ ਜਦੋਂ ਵਿਸ਼ਵ ਕੱਪ ਕਰਵਾਉਣ ਲਈ ਦਾਅਵੇਦਾਰੀ ਕੀਤੀ ਸੀ, ਉਦੋਂ ਉਸ ਦੀ ਟੀਮ ਬੁਲੰਦੀਆਂ ’ਤੇ ਸੀ। ਰੂਸ ਨੇ 2008 ਦੀ ਯੂਰਪੀਅਨ ਚੈਂਪੀਅਨਸ਼ਿਪ ਦੇ ਸੈਮੀ ਫਾਈਨਲ ਵਿੱਚ ਆਖ਼ਰੀ ਵਾਰ ਥਾਂ ਬਣਾਈ ਸੀ, ਪਰ ਉਦੋਂ ਤੋਂ ਹੁਣ ਤਕ ਸਮਾਂ ਬਦਲ ਗਿਆ ਹੈ। ਰੂਸ ਦੀਆਂ 32 ਟੀਮਾਂ ਦੇ ਵਿਸ਼ਵ ਕੱਪ ਵਿੱਚ ਸਭ ਤੋਂ ਹੇਠਲੀ ਦਰਜਾਬੰਦੀ ਦੀ ਟੀਮ ਵਜੋਂ ਉਤਰ ਰਿਹਾ ਹੈ। ਉਹ ਵਿਸ਼ਵ ਰੈਂਕਿੰਗ ਵਿੱਚ 70ਵੇਂ ਨੰਬਰ ’ਤੇ ਹੈ। ਦੂਜੇ ਪਾਸੇ, ਸਾਊਦੀ ਅਰਬ ਨੇ ਵਿਸ਼ਵ ਕੱਪ ਲਈ ਆਪਣੀਆਂ ਤਿਆਰੀਆਂ ਨੂੰ ਸਾਬਕਾ ਚੈਂਪੀਅਨ ਇਟਲੀ ਖ਼ਿਲਾਫ ਕੌਮਾਂਤਰੀ ਮੈਚ ਨਾਲ ਤੇਜ਼ੀ ਦਿੱਤੀ। ਹਾਲਾਂਕਿ ਸਾਊਦੀ ਅਰਬ ਦੀ ਟੀਮ ਇਸ ਮੁਕਾਬਲੇ ਵਿੱਚ 1-2 ਗੋਲਾਂ ਨਾਲ ਹਾਰ ਗਈ ਸੀ। ਯਾਹੀਆ ਅਲ ਸ਼ਹਿਰੀ ਨੇ ਇਸ ਮੈਚ ਦੌਰਾਨ ਆਪਣੀ ਟੀਮ ਲਈ ਇੱਕੋ-ਇੱਕ ਗੋਲ ਕੀਤਾ। ਇਹ ਵੀ ਦਿਲਚਸਪ ਹੈ ਕਿ ਇਟਲੀ ਦੀ ਟੀਮ ਇਸ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀ।
ਟੂਰਨਾਮੈਂਟ ਵਿੱਚ ਆਉਣ ਤੋਂ ਪਹਿਲਾਂ ਪੰਜਵੀਂ ਵਾਰ ਵਿਸ਼ਵ ਕੱਪ ਖੇਡ ਰਹੇ ਸਾਊਦੀ ਅਰਬ ਨੇ ਦੋ ਕੋਚਾਂ ਨੂੰ ਬਰਖ਼ਾਸਤ ਕੀਤਾ ਹੈ। ਦੋਵੇਂ ਟੀਮਾਂ ਵਿਸ਼ਵ ਕੱਪ ਵਿੱਚ ਆਪਣੀ ਜਿੱਤ ਦਾ ਸੋਕਾ ਖ਼ਤਮ ਕਰਨ ਉਤਰਨਗੀਆਂ। ਰੂਸ ਨੇ 2002 ਮਗਰੋਂ ਵਿਸ਼ਵ ਕੱਪ ਵਿੱਚ ਕੋਈ ਮੈਚ ਨਹੀਂ ਜਿੱਤਿਆ, ਜਦੋਂਕਿ ਸਾਊਦੀ ਅਰਬ ਦੀ ਆਖ਼ਰੀ ਜਿੱਤ 1994 ਵਿੱਚ ਅਮਰੀਕਾ ਵਿੱਚ ਹੋਏ ਵਿਸ਼ਵ ਕੱਪ ਵਿੱਚ ਹੋਈ ਸੀ। ਮੇਜ਼ਬਾਨ ਟੀਮ ਦੇ ਪੱਖ ਵਿੱਚ ਇੱਕ ਦਿਲਚਸਪ ਤੱਥ ਇਹ ਹੈ ਕਿ ਵਿਸ਼ਵ ਕੱਪ ਵਿੱਚ ਕੋਈ ਵੀ ਮੇਜ਼ਬਾਨ ਟੀਮ ਉਦਘਾਟਨ ਮੈਚ ਨਹੀਂ ਹਾਰੀ। ਰੂਸ ਗਰੁੱਪ ਗੇੜ ਤੋਂ ਬਾਹਰ ਹੋਣ ਤੋਂ ਬਚਣ ਲਈ ਇਸ ਮੈਚ ਵਿੱਚ ਆਪਣੀ ਜੀਅ-ਜਾਨ ਲਾ ਦੇਵੇਗਾ।
ਦੂਜੇ ਪਾਸੇ ਗਰੀਨ ਫਾਲਕਨ ਨਾਮ ਨਾਲ ਮਸ਼ਹੂਰ ਸਾਊਦੀ ਅਰਬ ਦੀ ਟੀਮ ਵਿਸ਼ਵ ਚੈਂਪੀਅਨ ਜਰਮਨੀ ਨੂੰ ਦੋਸਤਾਨਾ ਮੈਚ ਵਿੱਚ ਸਖ਼ਤ ਚੁਣੌਤੀ ਦੇਣ ਅਤੇ ਇਸ ਤੋਂ ਪਹਿਲਾਂ ਯੂਨਾਨ ਅਤੇ ਅਲਜੀਰੀਆ ’ਤੇ ਜਿੱਤ ਦਰਜ ਕਰਨ ਨਾਲ ਉਤਸ਼ਾਹ ਨਾਲ ਭਰੀ ਹੋਈ ਹੈ। ਰੂਸ ਦੀ ਟੀਮ ਵਿੱਚ ਕਪਤਾਨ ਅਤੇ ਗੋਲਕੀਪਰ ਇਗੋਰ ਅਕੀਨਫੀਵ (105 ਮੈਚ) ਅਤੇ ਡਿਫੈਂਡਰ ਸਰਗੇਈ ਇਗਨਾਸ਼ੇਵਿਚ (121 ਮੈਚ) ਸਭ ਤੋਂ ਅਨੁਭਵੀ ਖਿਡਾਰੀ ਹਨ, ਜਦਕਿ ਸਾਊਦੀ ਅਰਬ ਦੀ ਟੀਮ ਵਿੱਚ ਓਸਮਾ ਹਵਾਸਾਵੀ ਹੈ, ਜੋ ਹੁਣ ਤਕ 135 ਮੈਚ ਖੇਡ ਚੁੱਕਿਆ ਹੈ।
ਅਰਜਨਟੀਨਾ ਦਾ ਨੈਸਟਰ ਪਿਟਾਨਾ ਹੋਵੇਗਾ ਰੈਫਰੀ
ਮਾਸਕੋ - ਅਰਜਨਟੀਨਾ ਦੇ ਨੈਸਟਰ ਪਿਟਾਨਾ ਵੀਰਵਾਰ ਨੂੰ ਫੀਫਾ ਵਿਸ਼ਵ ਕੱਪ ਵਿੱਚ ਮੇਜ਼ਬਾਨ ਰੂਸ ਅਤੇ ਸਾਊਦੀ ਅਰਬੀ ਵਿਚਾਲੇ ਹੋਣ ਵਾਲੇ ਉਦਘਾਟਨੀ ਫੁਟਬਾਲ ਮੈਚ ਵਿੱਚ ਰੈਫਰੀ ਦੀ ਭੂਮਿਕਾ ਨਿਭਾਏਗਾ। ਫੀਫਾ ਨੇ ਇਸ ਦੀ ਜਾਣਕਾਰੀ ਦਿੱਤੀ। ਲੁਜ਼ਨਿਕੀ ਸਟੇਡੀਅਮ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਪਿਟਾਨਾ ਨਾਲ ਜੁਆਨ ਪਾਬਲੋ ਬੇਲਾਟੀ ਅਤੇ ਹੇਰਨਾਨ ਮੈਡਾਨਾ ਸਹਿ-ਰੈਫਰੀ ਹੋਣਗੇ, ਜਦਕਿ ਬਰਾਜ਼ੀਲ ਦਾ ਸਾਂਡਰੋ ਰਿੱਕੀ ਚੌਥਾ ਅੰਪਾਇਰ ਹੋਵੇਗਾ।

 

 

fbbg-image

Latest News
Magazine Archive