ਕੇਜਰੀਵਾਲ ਤੇ ਸਾਥੀਆਂ ਦਾ ਰਾਜ ਨਿਵਾਸ ’ਤੇ ਧਰਨਾ ਜਾਰੀ


ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਟਰਾਂਸਪੋਰਟ ਮੰਤਰੀ ਸਤਿੰਦਰ ਜੈਨ ਤੇ ਕਿਰਤ ਮੰਤਰੀ ਗੋਪਾਲ ਰਾਇ ਨੇ ਤੀਜੇ ਦਿਨ ਵੀ ਉਪ ਰਾਜਪਾਲ ਅਨਿਲ ਬੈਜਲ ਦੀ ਸਰਕਾਰੀ ਰਿਹਾਇਸ਼ ਦੇ ‘ਉਡੀਕ ਕਮਰੇ’ ਵਿੱਚ ਧਰਨਾ ਦਿੱਤਾ। ਸਤਿੰਦਰ ਜੈਨ ਬੀਤੇ ਦਿਨ ਤੋਂ ਭੁੱਖ ਹੜਤਾਲ ਉਪਰ ਬੈਠੇ ਹਨ ਤੇ ਅੱਜ ਮਨੀਸ਼ ਸਿਸੋਦੀਆ ਵੀ ਉਨ੍ਹਾਂ ਨਾਲ ਭੁੱਖ ਹੜਤਾਲ ਉੁਪਰ ਬੈਠ ਗਏ। ਸ੍ਰੀ ਕੇਜਰੀਵਾਲ ਦੇ ਕਰੀਬੀਆਂ ਮੁਤਾਬਕ ਇਹ ਉਨ੍ਹਾਂ ਦਾ ‘ਸਰਜੀਕਲ ਸਟਰਾਈਕ’ ਹੈ ਤੇ ਉਹ ਦਿੱਲੀ ਵਾਸੀਆਂ ਲਈ ਹੀ ਧਰਨੇ ’ਤੇ ਬੈਠੇ ਹਨ। ਦੂਜੇ ਪਾਸੇ ਦਿੱਲੀ ਪੁਲੀਸ ਨੇ ਰਾਜ ਨਿਵਾਸ ਨੂੰ ਜਾਂਦੇ ਰਾਹਾਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ।
ਅੱਜ ਸ਼ਾਮ ‘ਆਪ’ ਵੱਲੋਂ ਰਾਜ ਨਿਵਾਸ ਵੱਲ ਮਾਰਚ ਕੀਤਾ ਗਿਆ। ਮਾਰਚ ਵਿੱਚ ਪਾਰਟੀ ਦੇ ਵਿਧਾਇਕਾਂ ਤੇ ਕੌਂਸਲਰਾਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ‘ਐਲਜੀ ਸਾਹਿਬ, ਦਿੱਲੀ ਛੱਡੋ’ ਦੇ ਨਾਅਰੇ ਲਾਏ ਗਏ। ਇਹ ਮਾਰਚ ਕਾਂਗਰਸ ਤੇ ਭਾਜਪਾ ਦੇ ਅੱਜ ਦੇ ਪ੍ਰਦਰਸ਼ਨਾਂ ‘ਤੇ ਭਾਰੂ ਸੀ। ਮਾਰਚ ਦੌਰਾਨ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਜੇ ਆਈਏਐਸ ਅਧਿਕਾਰੀ ਕੰਮ ‘ਤੇ ਲੱਗਣ ਦਾ ਲਿਖਤੀ ਭਰੋਸਾ ਦਿੰਦੇ ਹਨ ਤਾਂ ਪਾਰਟੀ ਮੁੱਖ ਮੰਤਰੀ ਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਨੂੰ ਐਲਜੀ ਹਾਊਸ ਵਿੱਚ ਧਰਨਾ ਬੰਦ ਕਰਨ ਲਈ ਆਖ ਦੇਵੇਗੀ। ਉਨ੍ਹਾਂ ਦੱਸਿਆ ਕਿ 14 ਜੂਨ ਨੂੰ ‘ਆਪ’ ਵੱਲੋਂ ਮੋਮਬੱਤੀ ਮਾਰਚ ਕੱੱਢਿਆ ਜਾਵੇਗਾ ਤੇ ਜੇਕਰ ਫਿਰ ਵੀ ਹੱਲ ਨਾ ਕੱਢਿਆ ਗਿਆ ਤਾਂ ਪ੍ਰਧਾਨ ਮੰਤਰੀ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਦੂਜੇ ਪਾਸੇ ਭਾਜਪਾ ਤੋਂ ਅਸਤੀਫ਼ਾ ਦੇ ਚੁੱਕੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ।
ਹੁਣ ਭਾਜਪਾ ਨੇ ਮੱਲਿਆ ਕੇਜਰੀਵਾਲ ਦਾ ਦਫ਼ਤਰ
ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਥੀ ਮੰਤਰੀਆਂ ਵੱਲੋਂ ਉਪ ਰਾਜਪਾਲ ਦੇ ਨਿਵਾਸ ’ਤੇ ਦੋ ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ ਦੇ ਜਵਾਬ ਵਿੱਚ ਭਾਜਪਾ ਆਗੂਆਂ ਨੇ ਅੱਜ ਸ੍ਰੀ ਕੇਜਰੀਵਾਲ ਦੇ ਦਫ਼ਤਰ ਵਿੱਚ ਧਰਨਾ ਦਿੱਤਾ। ਧਰਨੇ ਵਿੱਚ ‘ਆਪ’ ਤੋਂ ਬਾਗ਼ੀ ਹੋ ਚੁੱਕੇ ਵਿਧਾਇਕ ਕਪਿਲ ਮਿਸ਼ਰਾ ਵੀ ਸ਼ਾਮਲ ਹੋਏ। ਭਾਜਪਾ ਆਗੂ ਵੀ ਮੁੱਖ ਮੰਤਰੀ ਦੇ ਦਫ਼ਤਰ ਬਾਹਰ ਮਹਿਮਾਨ ਕਮਰੇ ਵਿੱਚ ਉਸੇ ਤਰ੍ਹਾਂ ਬੈਠ ਗਏ ਜਿਵੇਂ ਕਿ ਸ੍ਰੀ ਕੇਜਰੀਵਾਲ ਆਪਣੇ ਸਾਥੀਆਂ ਨਾਲ ਉਪ ਰਾਜਪਾਲ ਅਨਿਲ ਬੈਜਲ ਦੇ ਸਰਕਾਰੀ ਨਿਵਾਸ ਵਿੱਚ ਬੈਠੇ ਹਨ। ਭਾਜਪਾ ਵਿਧਾਇਕਾਂ ਨੇ ਕਿਹਾ ਕਿ ਉਹ ਉਦੋਂ ਤੱਕ ਉਥੋਂ ਨਹੀਂ ਉੱਠਣਗੇ ਜਦੋਂ ਤਕ ਦਿੱਲੀ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਹੀ ਸਪਲਾਈ ਨਹੀਂ ਕੀਤੀ ਜਾਂਦੀ।  ਇਸ ਤੋਂ ਪਹਿਲਾਂ ਭਾਜਪਾ ਆਗੁੂਆਂ ਨੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਦੀ ਅਗਵਾਈ ਹੇਠ ਰੋਸ ਮਾਰਚ ਵੀ ਕੀਤਾ।

 

 

fbbg-image

Latest News
Magazine Archive