ਭਾਰਤ ਵੱਲੋਂ ‘ਇਕ ਪੱਟੀ ਇਕ ਸੜਕ’ ਪ੍ਰਾਜੈਕਟ ਦਾ ਸਿੱਧਾ ਵਿਰੋਧ


ਕਿੰਗਦਾਓ - ਅੱਠ ਮੁਲਕਾਂ ਦੇ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ’ਚ ਭਾਰਤ ਇਕਲੌਤਾ ਮੁਲਕ ਰਿਹਾ ਜਿਸ ਨੇ ਚੀਨ ਦੀ ਮਨ ਇੱਛਤ ਪੱਟੀ ਅਤੇ ਸੜਕ ਪਹਿਲ (ਬੀਆਰਆਈ) ਦਾ ਵਿਰੋਧ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਕਿਸੇ ਵੀ ਜੋੜਨ ਵਾਲੇ ਵੱਡੇ ਪ੍ਰਾਜੈਕਟ ਨੂੰ ਮੁਲਕਾਂ ਦੀ ਖੁਦਮੁਖਤਿਆਰੀ ਅਤੇ ਇਲਾਕਾਈ ਅਖੰਡਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਦੋ ਦਿਨੀਂ ਸਿਖਰ ਸੰਮੇਲਨ ਦੀ ਸਮਾਪਤੀ ’ਤੇ ਅੱਜ ਸ੍ਰੀ ਮੋਦੀ ਸਮੇਤ ਸ਼ੰਘਾਈ ਸਹਿਯੋਗ ਸੰਗਠਨ ਦੇ ਆਗੂਆਂ ਨੇ ਐਲਾਨਨਾਮੇ ’ਤੇ ਦਸਤਖ਼ਤ ਕੀਤੇ। ਉਂਜ ਰੂਸ, ਪਾਕਿਸਤਾਨ, ਕਜ਼ਾਖ਼ਸਤਾਨ, ਉਜ਼ਬੇਕਿਸਤਾਨ, ਕਿਰਗਿਜ਼ਸਤਾਨ ਅਤੇ ਤਾਜਿਕਿਸਤਾਨ ਨੇ ਚੀਨ ਦੀ ਪੱਟੀ ਅਤੇ ਸੜਕ ਪਹਿਲ ਲਈ ਆਪਣੀ ਹਮਾਇਤ ਦਿੱਤੀ। ਸੰਮੇਲਨ ਦੌਰਾਨ ਆਪਣੇ ਸੰਬੋਧਨ ’ਚ ਸ੍ਰੀ ਮੋਦੀ ਨੇ ਬੀਆਰਆਈ ਦਾ ਸਿੱਧੇ ਤੌਰ ’ਤੇ ਹਵਾਲਾ ਦਿੰਦਿਆਂ ਭਰੋਸਾ ਦਿੱਤਾ ਕਿ ਭਾਰਤ ਅਜਿਹੇ ਪ੍ਰਾਜੈਕਟਾਂ ਨੂੰ ਹਮਾਇਤ ਦੇਵੇਗਾ ਜੋ ਸਮੁੱਚਤਾ ਨੂੰ ਯਕੀਨੀ ਬਣਾਉਂਦੇ ਹਨ। ਸ੍ਰੀ ਮੋਦੀ ਨੇ ਕਿਹਾ,‘‘ਗੁਆਂਢੀ ਮੁਲਕਾਂ ਨਾਲ ਸੰਪਰਕ ਮਾਰਗਾਂ ਰਾਹੀਂ ਜੁੜਨਾ ਭਾਰਤ ਦੀ ਪ੍ਰਾਥਮਿਕਤਾ ਹੈ। ਅਸੀਂ ਉਨ੍ਹਾਂ ਕੁਨੈਕਟੀਵਿਟੀ ਪ੍ਰਾਜੈਕਟਾਂ ਦਾ ਸਵਾਗਤ ਕਰਾਂਗੇ ਜਿਹੜੇ ਸਥਾਈ ਤੇ ਢੁੱਕਵੇਂ ਹਨ ਅਤੇ ਜੋ ਮੁਲਕਾਂ ਦੀ ਇਲਾਕਾਈ ਅਖੰਡਤਾ ਤੇ ਖੁਦਮੁਖਤਿਆਰੀ ਦਾ ਸਤਿਕਾਰ ਕਰਦੇ ਹਨ।’’ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਪ੍ਰਾਜੈਕਟ ਦਾ ਭਾਰਤ ਸਖ਼ਤ ਵਿਰੋਧੀ ਰਿਹਾ ਹੈ ਕਿਉਂਕਿ 50 ਅਰਬ ਡਾਲਰ ਦਾ ਚੀਨ ਪਾਕਿਸਤਾਨ ਆਰਥਿਕ ਲਾਂਘਾ, ਜੋ ਬੀਆਰਆਈ ਦਾ ਹਿੱਸਾ ਹੈ, ਮਕਬੂਜ਼ਾ ਕਸ਼ਮੀਰ (ਪੀਓਕੇ) ’ਚੋਂ ਗੁਜ਼ਰਦਾ ਹੈ। ਸ੍ਰੀ ਮੋਦੀ ਨੇ ਸ਼ੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਹਾਜ਼ਰੀ ’ਚ ਕਿਹਾ ਕਿ ਕੌਮਾਂਤਰੀ ਉੱਤਰ ਦੱਖਣ ਲਾਂਘਾ ਪ੍ਰਾਜੈਕਟ ’ਚ ਸ਼ਮੂਲੀਅਤ, ਚਾਹਬਹਾਰ ਬੰਦਰਗਾਹ ਦੇ ਵਿਕਾਸ ਅਤੇ ਅਸ਼ਗਾਬਾਤ ਸਮਝੌਤਿਆਂ ਨਾਲ ਭਾਰਤ ਦੀ ਜੋੜਨ ਵਾਲੇ ਪ੍ਰਾਜੈਕਟਾਂ ’ਚ ਵਚਨਬੱਧਤਾ ਦਿਖਾਈ ਦਿੰਦੀ ਹੈ। ਆਪਣੇ ਸੰਬੋਧਨ ’ਚ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਖੁਲ੍ਹ ਦਿਲੀ ਨਾਲ ਬੀਆਰਆਈ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ਨਾਲ ਪਾਕਿਸਤਾਨ ਦੇ ਅਰਥਚਾਰੇ ’ਚ ਸੁਧਾਰ ਆ ਰਿਹਾ ਹੈ। ਸ਼ੰਘਾਈ ਸਹਿਯੋਗ ਸੰਗਠਨ ਦੇ ਐਲਾਨਨਾਮੇ ’ਚ ਕਿਹਾ ਗਿਆ ਕਿ ਮੈਂਬਰ ਮੁਲਕਾਂ ਨੇ ਬੀਆਰਆਈ ਅਤੇ ਯੂਰੇਸ਼ੀਅਨ ਆਰਥਿਕ ਯੂਨੀਅਨ ਦੇ ਵਿਕਾਸ ’ਚ ਸਹਿਯੋਗ ਦੀਆਂ ਕੋਸ਼ਿਸ਼ਾਂ ਸਮੇਤ ਇਨ੍ਹਾਂ ਨੂੰ ਲਾਗੂ ਕਰਨ ਦੀ ਸ਼ਲਾਘਾ ਕੀਤੀ ਹੈ। ਐਸਸੀਓ ਮੈਂਬਰ ਮੁਲਕਾਂ ਨੇ ਕੌਮਾਂਤਰੀ, ਖੇਤਰੀ ਅਤੇ ਕੌਮੀ ਵਿਕਾਸ ਦੇ ਪ੍ਰਾਜੈਕਟਾਂ ਅਤੇ ਰਣਨੀਤੀਆਂ ’ਚ ਸਹਿਯੋਗ ਦੀ ਸਮਰੱਥਾ ਬਾਰੇ ਵੀ ਸੰਕੇਤ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ‘ਸਕਿਓਰ’ ਦਾ ਜ਼ਿਕਰ ਕੀਤਾ ਅਤੇ ਇਸ ਬਾਰੇ ਵਿਸਥਾਰ ਨਾਲ ਸਮਝਾਉਂਦਿਆਂ ਕਿਹਾ,‘‘ਐਸ ਤੋਂ ਭਾਵ ਨਾਗਰਿਕਾਂ ਲਈ ਸੁਰੱਖਿਆ, ਈ ਤੋਂ ਮਤਲਬ ਆਰਥਿਕ ਵਿਕਾਸ, ਸੀ ਤੋਂ ਖੇਤਰ ’ਚ ਕੁਨੈਕਟੀਵਿਟੀ, ਯੂ ਤੋਂ ਏਕਤਾ, ਆਰ ਤੋਂ ਅਖੰਡਤਾ ਅਤੇ ਖੁਦਮੁਖਤਿਆਰੀ ਅਤੇ ਈ ਤੋਂ ਭਾਵ ਵਾਤਾਵਾਰਨ ਸੁਰੱਖਿਆ ਹੈ।’’
ਐਸਸੀਓ ਸੰਮੇਲਨ ਦੌਰਾਨ ਮੋਦੀ ਤੇ ਹੁਸੈਨ ਨੇ ਮਿਲਾਇਆ ਹੱਥ
ਕਿੰਗਦਾਓ - ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਆਗੂਆਂ ਵੱਲੋਂ ਸਿਖਰ ਸੰਮੇਲਨ ਦੀ ਸਮਾਪਤੀ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਮਗਰੋਂ ਠੰਢੇ ਦੁਵੱਲੇ ਸਬੰਧਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਅੱਜ ਇਕ ਦੂਜੇ ਨਾਲ ਹੱਥ ਮਿਲਾਇਆ।ਦੋਵੇਂ ਆਗੂਆਂ ਨੇ ਪ੍ਰੈਸ ਕਾਨਫਰੰਸ ਖ਼ਤਮ ਹੋਣ ਬਾਅਦ ਇਕ ਦੂਜੇ ਨਾਲ ਹੱਥ ਮਿਲਾਏ ਅਤੇ ਖੁਸ਼ੀ ਪ੍ਰਗਟਾਈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ। ਚੀਨ ਐਸਸੀਓ ਦਾ ਮੇਜ਼ਬਾਨ ਅਤੇ ਚੇਅਰਮੈਨ ਹੈ। ਨਰਿੰਦਰ ਮੋਦੀ ਅਤੇ ਹੁਸੈਨ ਉਨ੍ਹਾਂ ਨੇਤਾਵਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਵਿੱਚ ਸ਼ਿਰਕਤ ਕੀਤੀ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਆਧਾਰਤ ਅਤਿਵਾਦੀ ਸੰਗਠਨਾਂ ਵੱਲੋਂ 2016 ਵਿੱਚ ਜੰਮੂ ਕਸ਼ਮੀਰ ਦੇ ਉੜੀ ਸੈਕਟਰ ਵਿੱਚ ਫੌਜੀ ਕੈਂਪ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧ ਤਣਾਅਪੂਰਨ ਹੋ ਗਏ ਸਨ।
ਐਸਸੀਓ ਵੱਲੋਂ ਦਹਿਸ਼ਤਗਰਦੀ ਖ਼ਿਲਾਫ਼ ਰਲ ਕੇ ਲੜਨ ਦਾ ਸੱਦਾ
ਕਿੰਗਦਾਓ - ਚੀਨ ਅਤੇ ਰੂਸ ਦੀ ਅਗਵਾਈ ਹੇਠਲੇ ਸੁਰੱਖਿਆ ਗੁੱਟ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਨੇ ਦਹਿਸ਼ਤਗਰਦੀ, ਵੱਖਵਾਦ ਅਤੇ ਕੱਟੜਵਾਦ ਨਾਲ ਅਗਲੇ ਤਿੰਨ ਸਾਲਾਂ ’ਚ ਨਵੇਂ ਜੋਸ਼ ਨਾਲ ਨਜਿੱਠਣ ਦਾ ਅਹਿਦ ਲਿਆ ਅਤੇ ਸੰਯੁਕਤ ਰਾਸ਼ਟਰ ਦੇ ਤਾਲਮੇਲ ਨਾਲ ਸਾਂਝਾ ਆਲਮੀ ਦਹਿਸ਼ਤੀ ਟਾਕਰਾ ਫਰੰਟ ਬਣਾਉਣ ਦਾ ਸੱਦਾ ਦਿੱਤਾ। ਦੋ ਦਿਨੀ ਸਾਲਾਨਾ ਸਿਖਰ ਸੰਮੇਲਨ ਦੀ ਸਮਾਪਤੀ ਦੇ ਅਖੀਰ ’ਤੇ ਐਲਾਨਨਾਮੇ ’ਚ ਚੀਨ, ਭਾਰਤ ਅਤੇ ਰੂਸ ਸਮੇਤ ਅੱਠ ਮੁਲਕਾਂ ਨੇ ਇਥੇ ਦਹਿਸ਼ਤਵਾਦ, ਵੱਖਵਾਦ ਅਤੇ ਕੱਟੜਵਾਦ ’ਤੇ ਕਾਬੂ ਪਾਉਣ ਲਈ ਸਹਿਯੋਗ ਵਾਧਾਉਣ ਦਾ ਅਹਿਦ ਲਿਆ। ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਹਿਸ਼ਤਗਰਦੀ ਦੀਆਂ ਚੁਣੌਤੀਆਂ ਬਾਰੇ ਗੱਲ ਕਰਦਿਆਂ ਅਫ਼ਗਾਨਿਸਤਾਨ ’ਤੇ ਇਸ ਦੇ ਅਸਰ ਦੀ ਮਿਸਾਲ ਦਿੱਤੀ ਸੀ। ਕਿੰਗਦਾਓ ਐਲਾਨਨਾਮੇ ’ਚ ਹਰ ਤਰ੍ਹਾਂ ਦੇ ਅਤਿਵਾਦ ਦੀ ਤਿੱਖੀ ਆਲੋਚਨਾ ਕੀਤੀ ਗਈ। ਉਂਜ ਐਲਾਨਨਾਮੇ ’ਚ ਕਿਸੇ ਦਹਿਸ਼ਤੀ ਗੁੱਟ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਐਸਸੀਓ ਆਗੂਆਂ ਨੇ ਨੌਜਵਾਨਾਂ ਨੂੰ ਸਾਂਝੀ ਅਪੀਲ ਕੀਤੀ ਕਿ ਉਹ ਕੱਟੜ ਵਿਚਾਰਧਾਰਾ ਦੇ ਪ੍ਰਭਾਵ ਹੇਠ ਨਾ ਆਉਣ। ਮੱਧ ਪੂਰਬ ਦੇ ਹਾਲਾਤ ਅਤੇ ਵਿਦੇਸ਼ੀ ਦਹਿਸ਼ਤਗਰਦਾਂ ਤੋਂ ਵਧ ਰਹੇ ਖ਼ਤਰੇ ਬਾਰੇ ਵੀ ਸੰਗਠਨ ਨੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੈਂਬਰ ਮੁਲਕ ਅਜਿਹੇ ਵਿਅਕਤੀਆਂ ਅਤੇ ਉਨ੍ਹਾਂ ਦੀ ਆਵਾਜਾਈ ਦੀ ਜਾਣਕਾਰੀ ਦੇਣ ਦੇ ਪ੍ਰਬੰਧ ’ਚ ਸੁਧਾਰ ਕਰਨ ’ਤੇ ਕੰਮ ਕਰਨਗੇ। ਉਨ੍ਹਾਂ ਗ਼ੈਰਕਾਨੂੰਨੀ ਢੰਗ ਨਾਲ ਨਸ਼ਿਆਂ ਦੀ ਹੁੰਦੀ ਤਸਕਰੀ ਨੂੰ ਰੋਕਣ ’ਚ ਸਹਿਯੋਗ ਸਬੰਧੀ ਵਚਨਬੱਧਤਾ ਵੀ ਦੁਹਰਾਈ। ਮੈਂਬਰ ਮੁਲਕਾਂ ਨੇ ਤਬਾਹੀ ਦੇ ਵੱਡੇ ਹਥਿਆਰ ਦਹਿਸ਼ਤੀ ਗੁੱਟਾਂ ਦੇ ਹੱਥ ’ਚ ਜਾਣ ਦੇ ਖ਼ਤਰੇ ਬਾਰੇ ਵੀ ਚਿੰਤਾ ਜਤਾਈ।

 

 

fbbg-image

Latest News
Magazine Archive