ਗੋਲੀਬੰਦੀ ਵਧਾਉਣ ਦਾ ਫ਼ੈਸਲਾ ਹਾਲਾਤ ਦੇ ਜਾਇਜ਼ੇ ਤੋਂ ਬਾਅਦ: ਰਾਜਨਾਥ


ਜੰਮੂ/ਸ੍ਰੀਨਗਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਆਪਣੇ ਸਾਰੇ ਗੁਆਂਢੀਆਂ ਨਾਲ ਵਧੀਆ ਰਿਸ਼ਤੇ ਚਾਹੁੰਦਾ ਹੈ, ਪਰ ਪਾਕਿਸਤਾਨ ਨਾਲ ਗੱਲਬਾਤ ਤਾਂ ਹੀ ਸੰਭਵ ਹੈ ਜੇ ਉਹ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਕਰੇਗਾ ਤੇ ਉਨ੍ਹਾਂ ਨੂੰ ਆਪਣੀ ਸਰਜ਼ਮੀਨ ਵਰਤਣ ਤੋਂ ਰੋਕੇਗਾ। ਉਹ ਜੰਮੂ-ਕਸ਼ਮੀਰ ਦੇ ਆਪਣੇ ਦੋ-ਰੋਜ਼ਾ ਦੌਰੇ ਦੇ ਦੂਜੇ ਦਿਨ ਜੰਮੂ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਉਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰ ਕੇ ਉਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ।
ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘‘ਪਾਕਿਸਤਾਨ ਸਾਡਾ ਗੁਆਂਢੀ ਮੁਲਕ ਹੈ ਪਰ ਇਸ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਰਜ਼ਮੀਨ ਦੀ ਦਹਿਸ਼ਤਗਰਦੀ ਲਈ ਵਰਤੋਂ ਬੰਦ ਕਰਾਵੇ ਅਤੇ ਭਾਰਤ ਖ਼ਿਲਾਫ਼ ਦਹਿਸ਼ਤਗਰਦੀ ਨੂੰ ਹੱਲਾਸ਼ੇਰੀ ਦੇਣੀ ਬੰਦ ਕਰੇ।’’  ਵਾਦੀ ਵਿੱਚ ਕੇਂਦਰ ਵੱਲੋਂ ਕੀਤੀ ਗਈ ਇਕਤਰਫ਼ਾ ਗੋਲੀਬੰਦੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਸਲਾਮਤੀ ਹਾਲਾਤ ਦਾ ਜਾਇਜ਼ਾ ਲੈਣ ਪਿੱਛੋਂ ਕੀਤਾ ਜਾਵੇਗਾ ਤੇ ਨਾਲ ਹੀ ਸੂਬੇ ਦੇ ਨੁਮਾਇੰਦਿਆਂ ਨਾਲ ਵੀ ਸਲਾਹ ਮਸ਼ਵਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾਈ ਪੁਲੀਸ ਵੱਲੋਂ ਸੁਰੱਖਿਆ ਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਕੇਂਦਰ ਨੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਕੋਲ ਉਠਾਇਆ ਹੈ।
ਇਸ ਤੋਂ ਪਹਿਲਾਂ ਸ੍ਰੀ ਰਾਜਨਾਥ ਸਿੰਘ ਅੱਜ ਸਵੇਰੇ ਕੁਪਵਾੜਾ ਦੇ ਸਰਹੱਦੀ ਖੇਤਰ ਵਿੱਚ ਪੁੱਜੇ ਅਤੇ ਲੋਕਾਂ ਨੂੰ ਮਿਲੇ। ਉਨ੍ਹਾਂ ਨਾਲ ਬੀਬੀ ਮੁਫ਼ਤੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਜੀਤੇਂਦਰ ਸਿੰਘ ਵੀ ਸਨ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ, ‘‘ਅਸੀਂ ਸਰਹੱਦ ਦੇ ਸਿਫ਼ਰ ਤੋਂ ਦਸ ਕਿਲੋਮੀਟਰ ਤੱਕ ਦੇ ਇਲਾਕੇ ਵਿੱਚ ਰਹਿ ਰਹੇ ਲੋਕਾਂ ਉਤੇ ਆਧਾਰਿਤ ਦੋ ਬਟਾਲੀਅਨਾਂ ਕਾਇਮ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਨਾਲ ਹੀ ਆਈਆਰਪੀ ਦੀਆਂ ਪੰਜ ਬਟਾਲੀਅਨਾਂ ਵੀ ਕਾਇਮ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਪੰਜ ਹਜ਼ਾਰ ਤੋਂ ਵੱਧ ਨੌਜਵਾਨਾਂ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਵਿੱਚ ਸਰਹੱਦ ਦੇ ਸਿਫ਼ਰ ਤੋਂ ਦਸ ਕਿਲੋਮੀਟਰ ਤੱਕ ਦੇ ਘੇਰੇ ਵਿੱਚ ਰਹਿ ਰਹੇ ਲੋਕਾਂ ਨੂੰ 60 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਦੋ ਮਹਿਲਾ ਬਟਾਲੀਅਨਾਂ ਵੀ ਬਣਾਈਆਂ ਜਾਣਗੀਆਂ।
ਉਥੇ ਉਨ੍ਹਾਂ ਮੁਕਾਮੀ ਲੋਕਾਂ ਦੇ ਕਈ ਵਫ਼ਦਾਂ ਨਾਲ ਵੀ ਮੁਲਾਕਾਤਾਂ ਕੀਤੀਆਂ, ਜਿਨ੍ਹਾਂ ਵਿੱਚ ਗੁੱਜਰ ਤੇ ਬੱਕਰਵਾਲ ਭਾਈਚਾਰੇ ਦੇ ਵਫ਼ਦ ਵੀ ਸਨ। ਇਨ੍ਹਾਂ ਵਫ਼ਦਾਂ ਨੇ ਉਨ੍ਹਾਂ ਕੋਲ ਆਪਣੀਆਂ ਵੱਖ-ਵੱਖ ਮੰਗਾਂ ਉਠਾਈਆਂ। ਬਾਅਦ ਵਿੱਚ ਗ੍ਰਹਿ ਮੰਤਰੀ ਨੇ ਕੁਪਵਾੜਾ ਸਥਿਤ ਜ਼ਿਲ੍ਹਾ ਪੁਲੀਸ ਲਾਈਨ ਦਾ ਵੀ ਦੌਰਾ ਕੀਤਾ ਅਤੇ ਦੇਸ਼ ਲਈ ਜਾਨਾਂ ਵਾਰਨ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੁਲੀਸ ਲਾਈਨ ਵਿੱਚ ਸੀਆਰਪੀਐਫ਼ ਜਵਾਨਾਂ ਨੂੰ ਵੀ ਸੰਬੋਧਨ ਕੀਤਾ।  
ਸ੍ਰੀਨਗਰ ਵਿੱਚ ਸੁਰੱਖਿਆ ਬਲਾਂ ਅਤੇ ਵਿਖਾਵਾਕਾਰੀਆਂ ਵਿਚਾਲੇ ਟਕਰਾਅ
ਸ੍ਰੀਨਗਰ - ਜੰਮੂ ਕਸ਼ਮੀਰ ਦੇ ਨੌਹਟਾ ਇਲਾਕੇ ਵਿੱਚ ਜੁੰਮੇ ਦੀ ਨਮਾਜ਼ ਤੋਂ ਬਾਅਦ ਵਿਖਾਵਾਕਾਰੀਆਂ ਅਤੇ ਸੁਰੱਖਿਆ ਬਲਾਂ ਵਿੱਚ ਟਕਰਾਅ ਦੀਆਂ ਖ਼ਬਰਾਂ ਹਨ। ਪੁਲੀਸ ਅਨੁਸਾਰ ਇਸ ਮੌਕੇ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਜਾਣਕਾਰੀ ਅਨੁਸਾਰ ਜਾਮੀਆ ਮਸਜਿਦ ਵਿੱਚ ਜੁੰਮੇ ਦੀ ਨਮਾਜ਼ ਤੋਂ ਬਾਅਦ ਨੌਜਵਾਨਾਂ ਨੇ ਰੋਸ ਮਾਰਚ ਸ਼ੁਰੂ ਕਰ ਦਿੱਤਾ ਜਦੋਂ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਭੀੜ ਨੂੰ ਖ਼ਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ।

 

 

fbbg-image

Latest News
Magazine Archive