- Government
- Iimmigration Direct
- British Columbia
- City Of Surrey
- Abbotsford
- Vancouver
- Richmond
- Health
- Fraser Health
- Vancouver Coastal Health
- Education
- The University Of British Columbia
- Simon Fraser University
- Kwantlen Polytechnic University
- University Of The Fraser Valley
- Media
- Apna Roots Newspaper
- Punjab Di Awaaz Newspaper
Click Here to Email Us
Or
directly send your Advertisement request to indo@telus.net

ਓਂਟਾਰੀਓ ਚੋਣਾਂ: ਟੋਰੀ ਪਾਰਟੀ ਦੀ ਹੂੰਝਾਫੇਰ ਜਿੱਤ
ਟੋਰਾਂਟੋ/ਬਰੈਂਪਟਨ - ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਂਟਾਰੀਓ ਦੀਆਂ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ (ਟੋਰੀ) ਨੇ ਲਿਬਰਲ ਪਾਰਟੀ ਦਾ ਪਿਛਲੇ 15 ਵਰ੍ਹਿਆਂ ਦਾ ਹਕੂਮਤੀ ਗੜ੍ਹ ਤੋੜਦਿਆਂ ਬਹੁਮੱਤ ਹਾਸਲ ਕੀਤਾ ਹੈ। ਸਾਬਕਾ ਸਿਟੀ ਕੌਂਸਲਰ ਡੱਗ ਫੋਰਡ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕੰਜ਼ਰਵੇਟਿਵ ਪਾਰਟੀ ਨੂੰ 76, ਐਨਡੀਪੀ ਨੂੰ 40 ਤੇ 2014 ਵਿੱਚ 53 ਸੀਟਾਂ ਦਾ ਬਹੁਮੱਤ ਲੈਣ ਵਾਲੇ ਲਿਬਰਲਾਂ ਨੂੰ ਸਿਰਫ਼ 7 ਸੀਟਾਂ ਮਿਲੀਆਂ ਹਨ। ਪਹਿਲੀ ਵਾਰ ਗਰੀਨ ਪਾਰਟੀ ਵੀ ਇਕ ਸੀਟ ਲੈਣ ਵਿੱਚ ਕਾਮਯਾਬ ਰਹੀ।
ਕੁਝ ਹਫ਼ਤੇ ਪਹਿਲਾਂ ਸਰਵੇਖਣਾਂ ਵਿੱਚ ਅੱਗੇ ਚੱਲ ਰਹੀ ਐਨਡੀਪੀ ਨੂੰ ਆਸ ਤੋਂ ਉਲਟ ਹੁੰਗਾਰਾ ਮਿਲਿਆ ਤੇ ਉਸ ਨੂੰ ਮੁੱਖ ਵਿਰੋਧੀ ਧਿਰ ਵਜੋਂ ਗੁਜ਼ਾਰਾ ਕਰਨਾ ਪਵੇਗਾ। ਲਿਬਰਲ ਪਾਰਟੀ ਦੀ ਲੀਡਰ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਕੈਥਲਿਨ ਵਿਨ ਨੇ ਪਾਰਟੀ ਦੀ ਬੁਰੀ ਹਾਰ ਦੀ ਨਮੋਸ਼ੀ ਕਾਰਨ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਬਰੈਂਪਟਨ, ਮਿਸੀਸਾਗਾ ਤੇ ਮਿਲਟਨ ਦੇ ਹਲਕਿਆਂ ਵਿੱਚ ਤਿੰਨੋਂ ਪਾਰਟੀਆਂ ਵੱਲੋਂ ਖੜ੍ਹੇ ਡੇਢ ਦਰਜਨ ਪੰਜਾਬੀ ਉਮੀਦਵਾਰਾਂ ਵਿੱਚੋਂ 6 ਨੂੰ ਕਾਮਯਾਬੀ ਨਸੀਬ ਹੋਈ ਹੈ। ਟੋਰੀਆਂ ਦੇ ਹੱਕ ਵਿੱਚ ਚੱਲੀ ਹਨੇਰੀ ਨੇ ਬਰੈਂਪਟਨ ਵਿੱਚ ਲਿਬਰਲ ਪਾਰਟੀ ਦਾ ਸਫ਼ਾਇਆ ਕਰ ਦਿੱਤਾ ਹੈ, ਜਿੱਥੇ ਪੁਰਾਣੇ ਵਿਧਾਇਕ ਹਰਿੰਦਰ ਮੱਲੀ, ਵਿੱਕ ਢਿੱਲੋਂ ਤੇ ਅੰਮ੍ਰਿਤ ਮਾਂਗਟ ਬੁਰੀ ਤਰ੍ਹਾਂ ਹਾਰ ਗਏ। ਐਨਡੀਪੀ ਦੇ ਕੌਮੀ ਲੀਡਰ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ, ਤੋਂ ਇਲਾਵਾ ਟੋਰੀ ਪਾਰਟੀ ਦੇ ਪ੍ਰਬਮੀਤ ਸਰਕਾਰੀਆ, ਦੀਪਕ ਆਨੰਦ, ਅਮਰਜੋਤ ਸੰਧੂ, ਪਰਮ ਗਿੱਲ ਤੇ ਨੀਨਾ ਤਾਂਗੜੀ ਜੇਤੂ ਰਹੇ ਹਨ। ਐਨੀਡੀਪੀ ਦੀ ਸਾਰਾ ਸਿੰਘ ਨੇ ਵੀ ਜਿੱਤ ਹਾਸਲ ਕੀਤੀ ਹੈ।
ਹਾਰਨ ਵਾਲਿਆਂ ਵਿੱਚ ਡਾ. ਪਰਮਿੰਦਰ ਸਿੰਘ, ਸੁਖਵੰਤ ਠੇਠੀ, ਦੀਪਕਾ ਦਮਰਲਾ, ਇੰਦਰਾ ਨਾਇਡੂ, ਰੂਬੀ ਤੂਰ (ਲਿਬਰਲ), ਰਿਪੂਦਮਨ ਢਿੱਲੋਂ, ਹਰਜੀਤ ਜਸਵਾਲ, ਸੁਦੀਪ ਵਰਮਾ (ਟੋਰੀ), ਜਗਰੂਪ ਸਿੰਘ ਤੇ ਪਰਮਜੀਤ ਗਿੱਲ (ਐਨਡੀਪੀ) ਵੀ ਸ਼ਾਮਲ ਹਨ। ਇਸ ਵਾਰ 42ਵੀਂ ਵਿਧਾਨ ਸਭਾ ਦੀਆਂ 124 ਸੀਟਾਂ ਲਈ 28 ਪਾਰਟੀਆਂ ਦੇ 825 ਉਮੀਦਵਾਰ ਖੜ੍ਹੇ ਸਨ। ਸੂਬੇ ਵਿੱਚ ਕੁੱਲ 98 ਲੱਖ ਵੋਟਰ ਹਨ। ਐਂਤਕੀਂ ਮਹਿਲਾ ਉਮੀਦਵਾਰਾਂ ਦਾ ਵੀ ਰਿਕਾਰਡ ਰਿਹਾ। ਐਨਡੀਪੀ ਨੇ 69, ਲਿਬਰਲਾਂ ਨੇ 53 ਤੇ ਟੋਰੀ ਪਾਰਟੀ ਨੇ 41 ਮਹਿਲਾ ਉਮੀਦਵਾਰ ਖੜ੍ਹੇ ਕੀਤੇ ਸਨ।