ਭਾਰਤੀ ਮਹਿਲਾ ਟੀਮ ਦੀ ਥਾਈਲੈਂਡ ਉੱਤੇ 66 ਦੌਡ਼ਾਂ ਨਾਲ ਜਿੱਤ


ਕੁਆਲਾਲੰਪੁਰ - ਭਾਰਤ ਨੇ ਆਪਣੇ ਗੇਂਦਬਾਜ਼ਾਂ ਦੇ ਦਮ ’ਤੇ ਮਹਿਲਾ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਵਿੱਚ ਅੱਜ ਥਾਈਲੈਂਡ ਨੂੰ 66 ਦੌਡ਼ਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕਰ ਲਈ ਹੈ। ਛੇ ਵਾਰ ਦੇ ਚੈਂਪੀਅਨ ਭਾਰਤ ਨੇ ਚਾਰ ਵਿਕਟਾਂ ’ਤੇ 132 ਦੌਡ਼ਾਂ ਬਣਾਉਣ ਮਗਰੋਂ ਥਾਈਲੈਂਡ ਨੂੰ ਸਿਰਫ਼ 66 ਦੌਡ਼ਾਂ ਹੀ ਬਣਾਉਣ ਦਿੱਤੀਆਂ। ਭਾਰਤ ਨੇ ਕੱਲ੍ਹ ਮਲੇਸ਼ੀਆ ਨੂੰ 27 ਦੌਡ਼ਾਂ ’ਤੇ ਢੇਰ ਕਰਕੇ 142 ਦੌਡ਼ਾਂ ਨਾਲ ਜਿੱਤ ਹਾਸਲ ਕੀਤੀ ਸੀ।
ਭਾਰਤੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਕਪਤਾਨ ਹਰਮਨਪ੍ਰੀਤ ਕੌਰ ਨੇ ਤਿੰਨ ਓਵਰਾਂ ਵਿੱਚ 11 ਦੌਡ਼ਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ‘ਪਲੇਅਰ ਆਫ ਦਿ ਮੈਚ’ ਬਣੀ। ਭਾਰਤ ਛੇ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਲਗਾਤਾਰ ਦੋ ਜਿੱਤਾਂ ਦਰਜ ਕਰਨ ਮਗਰੋਂ ਚੋਟੀ ’ਤੇ ਹੈ। ਭਾਰਤ ਲਈ ਮੋਨਾ ਮੇਸ਼ਰਾਮ ਨੇ 32 ਦੌਡ਼ਾਂ ਬਣਾਈਆਂ। ਹਰਮਨਪ੍ਰੀਤ ਕੌਰ ਨੇ 17 ਗੇਂਦਾਂ ਵਿੱਚ ਨਾਬਾਦ 27 ਦੌਡ਼ਾਂ ਅਤੇ ਸਮ੍ਰਿਤੀ ਮੰਧਾਨਾ ਨੇ 29 ਦੌਡ਼ਾਂ ਬਣਾਈਆਂ। ਦੀਪਤੀ ਸ਼ਰਮਾ ਨੇ ਦੋ ਵਿਕਟਾਂ ਲਈਆਂ।
ਥਾਈਲੈਂਡ ਲਈ ਨਟਾਯਾ ਬੂਚਾਥਮ ਨੇ 21 ਦੌਡ਼ਾਂ ਦੀ ਪਾਰੀ ਖੇਡੀ। ਭਾਰਤੀ ਗੇਂਦਬਾਜ਼ਾਂ ਸਾਹਮਣੇ ਥਾਈ ਬੱਲੇਬਾਜ਼ ਟਿਕ ਨਹੀਂ ਸਕੀਆਂ। ਕੱਲ੍ਹ ਦੇ ਆਰਾਮ ਮਗਰੋਂ ਭਾਰਤ ਦਾ ਅਗਲਾ ਮੁਕਾਬਲਾ ਬੁੱਧਵਾਰ ਨੂੰ ਬੰਗਲਾਦੇਸ਼ ਨਾਲ ਹੈ।  

 

Latest News
Magazine Archive