ਜ਼ਿਮਨੀ ਚੋਣਾਂ ’ਚ ਭਾਜਪਾ ਤੇ ਸਾਥੀਆਂ ਨੂੰ ਕਰਾਰਾ ਝਟਕਾ


ਨਵੀਂ ਦਿੱਲੀ - ਹਾਕਮ ਭਾਜਪਾ ਅਤੇ ਇਸ ਦੇ ਐਨਡੀਏ ਭਾਈਵਾਲਾਂ ਨੂੰ ਅੱਜ ਜ਼ਬਰਦਸਤ ਝਟਕਾ ਦਿੰਦਿਆਂ ਵਿਰੋਧੀ ਪਾਰਟੀਆਂ ਨੇ ਲੋਕ ਸਭਾ ਦੇ ਚਾਰ ਤੇ ਵੱਖ ਵੱਖ ਵਿਧਾਨ ਸਭਾਵਾਂ ਦੇ 10 (ਕੁੱਲ 14) ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ 11 ’ਤੇ ਜਿੱਤ ਦਰਜ ਕੀਤੀ ਹੈ। ਇਨ੍ਹਾਂ ਵਿੱਚ ਯੂਪੀ ਦਾ ਅਹਿਮ ਲੋਕ ਸਭਾ ਹਲਕਾ ਕੈਰਾਨਾ ਵੀ ਸ਼ਾਮਲ ਹੈ, ਜੋ ਵਿਰੋਧੀ ਪਾਰਟੀਆਂ ਨੇ ਆਪਣੀ ਇੱਕਮੁੱਠਤਾ ਨਾਲ ਭਾਜਪਾ ਤੋਂ ਖੋਹ ਲਿਆ। ਇਸ ਤਰ੍ਹਾਂ ਭਾਜਪਾ ਤੇ ਇਸ ਦੇ ਭਾਈਵਾਲਾਂ ਨੂੰ ਮਹਿਜ਼ ਤਿੰਨ ਸੀਟਾਂ ’ਤੇ ਸਬਰ ਕਰਨਾ ਪਿਆ ਹੈ।
ਹਾਕਮ ਗੱਠਜੋੜ ਨੂੰ ਇਹ ਕਰਾਰੀ ਹਾਰ ਉਦੋਂ ਸਹਿਣੀ ਪਈ ਹੈ, ਜਦੋਂ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਇਸ ਨੇ ਇਕ-ਇਕ ਜ਼ਿਮਨੀ ਚੋਣ ਨਾਲ ਆਪਣਾ ਵੱਕਾਰ ਵੱਡੇ ਪੱਧਰ ’ਤੇ ਜੋੜਿਆ ਹੋਇਆ ਹੈ। ਵਿਰੋਧੀ ਧਿਰ ਵੱਲੋਂ ਇਸ ਜਿੱਤ ਨੂੰ ਭਾਜਪਾ ਤੇ ਖ਼ਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਘਟਦੀ ਮਕਬੂਲੀਅਤ ਵਜੋਂ ਦੇਖਿਆ ਜਾ ਰਿਹਾ ਹੈ। ਸਿਆਸੀ ਤੌਰ ’ਤੇ ਅਹਿਮ ਯੂਪੀ ਦਾ ਕੈਰਾਨਾ ਹਲਕਾ ਪਿਛਲੇ ਸਮੇਂ ਦੌਰਾਨ ਫ਼ਿਰਕੂ ਤੌਰ ’ਤੇ ਕਾਫ਼ੀ ਤਣਾਅਪੂਰਨ ਰਿਹਾ ਹੈ। ਉਥੋਂ ਰਾਸ਼ਟਰੀ ਲੋਕ ਦਲ ਦੀ ਉਮੀਦਵਾਰ ਤਬੱਸੁਮ ਹਸਨ ਨੇ ਭਾਜਪਾ ਦੀ ਮ੍ਰਿਗਾਂਕਾ ਸਿੰਘ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਉਨ੍ਹਾਂ ਨੂੰ ਸਮਾਜਵਾਦੀ ਪਾਰਟੀ, ਬਸਪਾ ਤੇ ਕਾਂਗਰਸ ਦੀ ਹਮਾਇਤ ਵੀ ਹਾਸਲ ਸੀ। ਇਹ ਸੀਟ ਬੀਬੀ ਮ੍ਰਿਗਾਂਕਾ ਦੇ ਪਿਤਾ ਤੇ ਭਾਜਪਾ ਦੇ ਹੁਕਮ ਸਿੰਘ ਦੀ ਮੌਤ ਕਾਰਨ ਖ਼ਾਲੀ ਹੋਈ ਸੀ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਭੰਡਾਰਾ-ਗੋਂਡੀਆ ਹਲਕੇ ਤੋਂ ਵੀ ਵਿਰੋਧੀ ਧਿਰ ਦੀ ਇਕਮੁੱਠਤਾ ਸਦਕਾ ਭਾਜਪਾ ਨੂੰ ਹਰਾ ਕੇ ਐਨਸੀਪੀ ਦਾ ਉਮੀਦਵਾਰ ਜੇਤੂ ਰਿਹਾ, ਪਰ ਮਹਾਰਾਸ਼ਟਰ ਦੇ ਇਕ ਹੋਰ ਹਲਕੇ ਪਾਲਘਰ ਵਿੱਚ ਵਿਰੋਧੀ ਧਿਰ ਦੀ ਫੁੱਟ ਦਾ ਲਾਹਾ ਲੈਂਦਿਆਂ ਭਾਜਪਾ ਆਪਣਾ ਕਬਜ਼ਾ ਕਾਇਮ ਰੱਖਣ ਵਿੱਚ ਕਾਮਯਾਬ ਰਹੀ। ਚੌਥੇ ਲੋਕ ਸਭਾ ਹਲਕੇ ਨਾਗਾਲੈਂਡ ਤੋਂ ਭਾਜਪਾ ਦੀ ਭਾਈਵਾਲ ਐਨਡੀਪੀਪੀ ਜੇਤੂ ਰਹੀ। ਇਸ ਤਰ੍ਹਾਂ ਐਨਡੀਏ ਤੇ ਵਿਰੋਧੀ ਪਾਰਟੀਆਂ ਨੂੰ ਲੋਕ ਸਭਾ ਦੀਆਂ 2-2 ਸੀਟਾਂ ਮਿਲੀਆਂ।
ਵੱਖ-ਵੱਖ ਵਿਧਾਨ ਸਭਾਵਾਂ ਦੀਆਂ 10 ਸੀਟਾਂ ਵਿੱਚੋਂ ਭਾਜਪਾ ਨੂੰ ਇਕੋ-ਇਕ ਸੀਟ ਉੱਤਰਾਖੰਡ ਦੀ ਥਰਾਲੀ ਹਾਸਲ ਹੋਈ। ਕਾਂਗਰਸ ਨੇ ਤਿੰਨ ਸੀਟਾਂ (ਪੰਜਾਬ ਦੀ ਸ਼ਾਹਕੋਟ, ਕਰਨਾਟਕ ਤੇ ਮੇਘਾਲਿਆ) ’ਤੇ ਜਿੱਤ ਦਰਜ ਕੀਤੀ। ਯੂਪੀ ਵਿਧਾਨ ਸਭਾ ਦੇ ਨੂਰਪੁਰ ਤੋਂ ਸਪਾ, ਬਿਹਾਰ ਦੇ ਜੋਕੀਹਾਟ ਤੋਂ ਆਰਜੇਡੀ ਨੇ ਜੇਤੂ ਝੰਡਾ ਲਹਿਰਾਇਆ। ਆਰਜੇਡੀ ਦੀ ਜਿੱਤ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਲਈ ਜ਼ੋਰਦਾਰ ਝਟਕਾ ਸਮਝਿਆ ਜਾ ਰਿਹਾ ਹੈ। ਝਾਰਖੰਡ ਦੇ ਦੋਵੇਂ ਹਲਕਿਆਂ ਤੋਂ ਝਾਰਖੰਡ ਮੁਕਤੀ ਮੋਰਚਾ ਦੇ ਉਮੀਦਵਾਰ ਜੇਤੂ ਰਹੇ। ਕੇਰਲਾ ਤੇ ਪੱਛਮੀ ਬੰਗਾਲ ਦੇ ਇਕ-ਇਕ ਹਲਕਿਆਂ ਤੋਂ ਕ੍ਰਮਵਾਰ ਸੀਪੀਐਮ ਅਤੇ ਤ੍ਰਿਣਮੂਲ ਕਾਂਗਰਸ ਜੇਤੂ ਰਹੀ। ਮਹਾਰਾਸ਼ਟਰ ਵਿਧਾਨ ਸਭਾ ਦੀ ਇਕ ਸੀਟ ਕਾਂਗਰਸ ਨੇ ਬਿਨਾਂ ਮੁਕਾਬਲਾ ਜਿੱਤ ਲਈ ਸੀ। 
ਭਾਜਪਾ ਦੇ ਅੰਤ ਦੀ ਸ਼ੁਰੂਆਤ: ਕਾਂਗਰਸ
ਨਵੀਂ ਦਿੱਲੀ - ਜ਼ਿਮਨੀ ਚੋਣਾਂ ਵਿੱਚ ਹਾਕਮ ਐਨਡੀਏ ਦੀ ਕਰਾਰੀ ਹਾਰ ਤੋਂ ਜੋਸ਼ ਵਿੱਚ ਆਈਆਂ ਵਿਰੋਧੀ ਪਾਰਟੀਆਂ ’ਚ 2019 ਦੀਆਂ ਆਮ ਚੋਣਾਂ ਲਈ ਭਾਜਪਾ ਵਿਰੋਧੀ ਮਹਾਂਗੱਠਜੋੜ ਕਾਇਮ ਕਰਨ ਦੀ ਆਵਾਜ਼ ਜ਼ੋਰ ਫੜ ਗਈ ਹੈ ਤੇ ਉਨ੍ਹਾਂ ਵਿੱਚ ਅੱਜ ਜਸ਼ਨ ਦਾ ਮਾਹੌਲ ਰਿਹਾ। ਕਾਂਗਰਸ ਨੇ ਵਿਰੋਧੀ ਪਾਰਟੀਆਂ ਦੀ ਜਿੱਤ ਨੂੰ ‘ਭਾਜਪਾ ਦੇ ਅੰਤ ਦੀ ਸ਼ੁਰੂਆਤ’ ਕਰਾਰ ਦਿੱਤਾ ਹੈ। ਕਾਂਗਰਸ
ਆਗੂ ਪ੍ਰਮੋਦ ਤਿਵਾੜੀ ਨੇ ਕਿਹਾ, ‘‘ਚੋਣ ਨਤੀਜੇ ਭਾਜਪਾ ਦੇ ਚਾਰ ਸਾਲਾਂ ਦੇ ਰਾਜ ਦੇ ਖ਼ਿਲਾਫ਼ ਹਨ। ਇਹ ਭਾਜਪਾ ਦੇ ਸਾਮਰਾਜ ਦੇ ਅੰਤ ਦੀ ਸ਼ੁਰੂਆਤ ਹੈ।’’ ਸਪਾ ਮੁਖੀ ਅਖਿਲੇਸ਼ ਯਾਦਵ ਨੇ ਇਸ ਨੂੰ ‘ਫੁੱਟ ਪਾਊ’ ਸਿਆਸਤ ਕਰਨ ਵਾਲਿਆਂ ਲਈ ਕਰਾਰਾ ਝਟਕਾ ਦੱਸਿਆ। ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਦੇ ਨਤੀਜੇ ਦੱਸਦੇ ਹਨ ਕਿ ਦੇਸ਼ ਭਰ ਵਿੱਚ ਮੋਦੀ ਸਰਕਾਰ ਖ਼ਿਲਾਫ਼ ਬਹੁਤ ਜ਼ਿਆਦਾ ਗੁੱਸਾ ਹੈ। ਸੀਪੀਆਈ ਨੇ ਇਸ ਨੂੰ ਦੇਸ਼ ਦੀਆਂ ਧਰਮ ਨਿਰਪੱਖ ਸ਼ਕਤੀਆਂ ਦੀ ਜਿੱਤ ਕਰਾਰ ਦਿੱਤਾ। ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ‘ਲੰਬੀ ਛਾਲ ਮਾਰਨ ਲਈ ਦੋ ਕਦਮ ਪਿੱਛੇ ਜਾਣਾ’ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ 2019 ਦੀਆਂ ਚੋਣਾਂ ਵਿੱਚ ਲੰਬੀ ਛਾਲ ਮਾਰੇਗੀ।    
ਰਾਹੁਲ ਵੱਲੋਂ ਜੇਤੂਆਂ ਨੂੰ ਮੁਬਾਰਕਬਾਦ
ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜ਼ਿਮਨੀ ਚੋਣਾਂ ਦੇ ਜੇਤੂਆਂ ਨੂੰ ਵਧਾਈ ਦਿੰਦਿਆਂ ਸਾਰੀਆਂ ਪਾਰਟੀਆਂ ਨੂੰ ਜਿੱਤਾਂ ਤੇ ਹਾਰਾਂ ਤੋਂ ਸਬਕ ਲੈਣ ਲਈ ਕਿਹਾ ਹੈ। ਉਨ੍ਹਾਂ ਆਪਣੀ ਟਵੀਟ ਵਿੱਚ ਕਿਹਾ, ‘‘ਭਾਰਤ ਭਰ ਦੀਆਂ ਜ਼ਿਮਨੀ ਚੋਣਾਂ ਦੇ ਸਾਰੇ ਜੇਤੂਆਂ ਨੂੰ ਮੁਬਾਰਕਬਾਦ। ਸਾਰੀਆਂ ਪਾਰਟੀਆਂ ਨੂੰ ਜਿੱਤਾਂ ਤੇ ਹਾਰਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ। ਮੈਂ ਕਾਂਗਰਸ ਦੇ ਵਰਕਰਾਂ ਤੇ ਆਗੂਆਂ ਦਾ ਚੋਣਾਂ ਵਿੱਚ ਕੀਤੀ ਸਖ਼ਤ ਮਿਹਨਤ ਤੇ ਸਮਰਪਣ ਲਈ ਧੰਨਵਾਦ ਕਰਦਾ ਹਾਂ। ਰੱਬ ਤੁਹਾਡੇ ’ਤੇ ਮਿਹਰ ਭਰਿਆ ਹੱਥ ਰੱਖੇ।’’  

 

 

fbbg-image

Latest News
Magazine Archive