ਪਠਾਨਕੋਟ ਅਦਾਲਤ ’ਚ ਕਠੂਆ ਕੇਸ ਦੀ ਸੁਣਵਾਈ ਸ਼ੁਰੂ


ਪਠਾਨਕੋਟ - ਕਠੂਆ ਵਿੱਚ ਅੱਠ ਸਾਲ ਦੀ ਬੱਚੀ ਨਾਲ ਜਬਰ-ਜਨਾਹ ਤੇ ਮਗਰੋਂ ਉਸ ਦੀ ਹੱਤਿਆ ਦੇ ਕੇਸ ਵਿੱਚ ਅੱਜ ਅੱਠਾਂ ’ਚੋਂ ਸੱਤ ਮੁਲਜ਼ਮਾਂ ਨੂੰ ਇੱਥੇ ਜ਼ਿਲਾ ਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਪਰੀਮ ਕੋਰਟ ਨੇ ਇਸ ਕੇਸ ਦੀ ਸੁਣਵਾਈ ਜੰਮੂ ਕਸ਼ਮੀਰ ’ਚੋਂ ਇੱਥੇ ਤਬਦੀਲ ਕੀਤੀ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਡਾ. ਤੇਜਵਿੰਦਰ ਸਿੰਘ ਨੇ ਇਸਤਗਾਸਾ ਨੂੰ ਹਦਾਇਤ ਕੀਤੀ ਕਿ ਚਾਰਜਸ਼ੀਟ, ਬਿਆਨਾਤ ਤੇ ਕੇਸ ਡਾਇਰੀਆਂ ਦੀ ਉਰਦੂ ’ਚੋਂ ਅੰਗਰੇਜ਼ੀ ਵਿੱਚ ਤਰਜਮੇ ਦੀਆਂ ਕਾਪੀਆਂ ਬਚਾਅ ਪੱਖ ਦੇ ਵਕੀਲਾਂ ਸਮੇਤ ਸਾਰਿਆਂ ਲਈ ਚਾਰ ਜੁੂਨ ਤੱਕ ਮੁਹੱਈਆ ਕਰਵਾਈਆਂ ਜਾਣ। ਬਚਾਅ ਪੱਖ ਦੇ ਇਕ ਐਡਵੋਕੇਟ ਨੇ ਇਕ ਮੁਲਜ਼ਮ ਲੜਕੇ ਦੇ ਕਾਲਜ ਪ੍ਰਬੰਧਕ ਵੱਲੋਂ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਖ਼ਲ ਕੀਤੀ ਜਿਸ ’ਤੇ ਅਦਾਲਤ ਨੇ ਜਿਲ੍ਹਾ ਅਟਾਰਨੀ ਜੇ.ਕੇ.ਚੋਪੜਾ ਨੂੰ ਸੋਮਵਾਰ ਨੂੰ ਆਪਣਾ ਜਵਾਬ ਪੇਸ਼ ਕਰਨ ਦਾ ਆਦੇਸ਼ ਦਿੱਤਾ। ਇਸਤਗਾਸਾ ਦੇ ਐਡਵੋਕੇਟ ਐਸ.ਐਸ. ਬਸਰਾ ਨੇ ਫਰਿਆਦ ਕੀਤੀ ਕਿ ਮੁਲਜ਼ਮਾਂ ਨੂੰ ਰੋਜ਼ਾਨਾ ਕਠੂਆ ਜੇਲ੍ਹ ਤੋਂ ਪਠਾਨਕੋਟ ਵਿਖੇ ਅਦਾਲਤ ਵਿੱਚ ਲੈ ਕੇ ਆਉਣਾ ਅਤੇ ਫਿਰ ਪੇਸ਼ੀ ਬਾਅਦ ਵਾਪਸ ਲਿਜਾਣਾ ਬਹੁਤ ਜੋਖ਼ਮ ਭਰਿਆ ਕਾਰਜ ਹੈ ਅਤੇ ਰਸਤੇ ਵਿੱਚ ਕਿਸੇ ਵੀ ਸਮੇਂ ਕੋਈ ਘਟਨਾ ਵਾਪਰ ਸਕਦੀ ਹੈ ਜਾਂ ਝਗੜਾ ਹੋ ਸਕਦਾ ਹੈ। ਇਸ ਦਾ ਬਚਾਅ ਪੱਖ ਦੇ ਵਕੀਲਾਂ ਨੇ ਵਿਰੋਧ ਕੀਤਾ। ਬਚਾਅ ਪੱਖ ਦੇ ਐਡਵੋਕੇਟਾਂ ਦੀ ਮੰਗ ’ਤੇ ਅਦਾਲਤ ਨੇ ਪੂਰਾ ਕੇਸ ਖੋਲ੍ਹ ਕੇ ਸੁਣਾਉਣ ਲਈ ਕਿਹਾ। ਮੁਲਜ਼ਮਾਂ ਵਿੱਚ ਸਾਂਝੀ ਰਾਮ, ਪ੍ਰਵੇਸ਼, ਵਿਸ਼ਾਲ ਜੰਗੋਤਰਾ, ਦੀਪਕ ਖਜੂਰੀਆ, ਸੁਰਿੰਦਰ ਕੁਮਾਰ, ਤਿਲਕ ਰਾਜ, ਆਨੰਦ ਦੱਤਾ ਦੇ ਨਾਂ ਸ਼ਾਮਲ ਹਨ ਜਦ ਕਿ ਇੱਕ ਬੱਚਾ ਵੀ ਮੁਲਜ਼ਮਾਂ ਵਿੱਚ ਸ਼ਾਮਲ ਹੈ ਪਰ ਉਸ ਨੂੰ ਅੱਜ ਅਦਾਲਤ ਵਿੱਚ ਨਹੀਂ ਲਿਆਂਦਾ ਗਿਆ ਅਤੇ ਉਸ ਦੀ ਸੁਣਵਾਈ ਜੁਵੇਨਾਈਲ ਕੋਰਟ ਵਿੱਚ ਹੀ ਚੱਲੇਗੀ। ਇਸ ਕੇਸ ਵਿੱਚ 221 ਗਵਾਹੀਆਂ ਹੋਣਗੀਆਂ।
ਅਦਾਲਤ ਦੀ ਇਸ ਸੁਣਵਾਈ ਨੂੰ ਲੈ ਕੇ ਕੀਤੇ ਗਏ ਵਿਆਪਕ ਸੁਰੱਖਿਆ ਪ੍ਰਬੰਧਾਂ ਕਾਰਨ ਪਠਾਨਕੋਟ ਕੋਰਟ  ਕੰਪਲੈਕਸ ਅੰਦਰ ਆਪਣੇ ਕੇਸਾਂ ਦੀਆਂ ਤਾਰੀਕਾਂ ਲਈ ਆਏ ਲੋਕਾਂ ਅਤੇ ਐਡਵੋਕੇਟਾਂ ਨੂੰ ਭਾਰੀ  ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਠਾਕੁਰ ਨੇ  ਕਿਹਾ ਕਿ ਉਨ੍ਹਾਂ ਦੀਆਂ ਕਾਫੀ ਸਾਰੀਆਂ ਗੱਡੀਆਂ ਅੰਦਰ ਪਾਰਕਿੰਗ ਵਾਲੀ ਜਗ੍ਹਾ ਘੱਟ ਹੋਣ ਕਾਰਨ ਨਾ ਲੱਗ ਸਕੀਆਂ।

 

 

fbbg-image

Latest News
Magazine Archive