ਕੈਪਟਨ ਨੂੰ ਦਰਿਆਈ ਪਾਣੀਆਂ ਦਾ ‘ਨਮੂਨਾ’ ਸੌਂਪੇਗੀ ਆਪ


ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਪੰਜਾਬ ਦੇ ਗੰਧਲੇ ਹੋਏ ਦਰਿਆਈ ਪਾਣੀਆਂ ਦੀਆਂ ਕੇਨੀਆਂ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਥੇ ਸਰਕਾਰੀ ਰਿਹਾਇਸ਼ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ।
‘ਆਪ’ ਲੀਡਰਸ਼ਿਪ 30 ਮਈ ਨੂੰ ਸਵੇਰੇ ਲੁਧਿਆਣੇ ਬੁੱਢਾ ਦਰਿਆ (ਨਾਲ਼ਾ) ’ਤੇ ਪਹੁੰਚੇਗੀ ਅਤੇ ਉਸ ਦੇ ਗੰਧਲੇ ਪਾਣੀ ਦੀਆਂ ਕੇਨੀਆਂ ਤੇ ਬੋਤਲਾਂ ਭਰ ਕੇ ਮੁੱਖ ਮੰਤਰੀ ਕੈਪਟਨ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਵੱਲ ਕੂਚ ਕਰੇਗੀ। ਇਹ ਐਲਾਨ ਅੱਜ ਇਥੇ ‘ਆਪ’ ਦੇ ਯੂਥ ਵਿੰਗ ਪੰਜਾਬ ਦੇ ਨਵਨਿਯੁਕਤ ਇੰਚਾਰਜ ਤੇ ਵਿਧਾਇਕ ਮੀਤ ਹੇਅਰ ਅਤੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਪਾਰਟੀ ਦੇ ਸਕੱਤਰ ਜਗਤਾਰ ਸਿੰਘ ਸੰਘੇੜਾ ਨੇ ਦੱਸਿਆ ਕਿ ਉਨ੍ਹਾਂ ਮੱਖ ਮੰਤਰੀ ਕੋਲੋਂ 30 ਮਈ ਨੂੰ ਇਸ ਮੁੱਦੇ ਉਪਰ ਸਮਾਂ ਮੰਗਿਆ ਹੈ ਅਤੇ ਜੇ ਸਰਕਾਰ ਨੇ ਸਮਾਂ ਨਾ ਦਿੱਤਾ ਤਾਂ ਵੀ ਪਾਰਟੀ ਦਾ ਕਾਫ਼ਲਾ ਕੈਪਟਨ ਨੂੰ ਪਾਣੀ ਦੇ ਨਮੂਨੇ ਦੇਣ ਉਨ੍ਹਾਂ ਦੀ ਰਿਹਾਇਸ਼ ’ਤੇ ਅਵੱਸ਼ ਪਹੁੰਚੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜ਼ਹਿਰੀਲੇ ਪਾਣੀ  ਦੀਆਂ ਬੋਤਲਾਂ ਪੰਜਾਬ ਦੇ ਸਾਰੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਵੀ ਦਿੱਤੀਆਂ ਜਾਣਗੀਆਂ। ਇਸ ਮੌਕੇ ਯੂਥ ਵਿੰਗ ਦੇ ਇੰਚਾਰਜ ਸ੍ਰੀ ਹੇਅਰ ਤੇ ਪ੍ਰਧਾਨ ਸ੍ਰੀ ਸਿੱਧੂ ਸਮੇਤ ਪੰਜਾਬ ਦੇ ਸਹਿ ਪ੍ਰਧਾਨ ਸੰਦੀਪ ਧਾਲੀਵਾਲ, ਜ਼ੋਨਲ ਪ੍ਰਧਾਨ ਅਮਨਦੀਪ ਸਿੰਘ ਮੋਹੀ,  ਸੁਖਰਾਜ ਸਿੰਘ ਬੱਲ, ਕੁਲਵਿੰਦਰ ਸਿੰਘ ਢੀਂਡਸਾ, ਜਸਪ੍ਰੀਤ ਸਿੰਘ (ਰੌਬੀ ਕੰਗ), ਸੁਖਰਾਜ ਸਿੰਘ ਗੋਰਾ ਅਤੇ ਜਥੇਬੰਦਕ ਇੰਚਾਰਜ ਵਿਪੁਲ ਪੁਰੀ ਆਦਿ ਨੇ 2 ਜੂਨ ਤੋਂ ਪੰਜਾਬ ਦੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਦੌਰੇ ਕਰ ਕੇ ਕਰਾਂਤੀਕਾਰੀ ਨੌਜਵਾਨਾਂ ਨੂੰ ਲਾਮਬੰਦ  ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਯੂਥ ਵਿੰਗ ਦਾ ਕਾਫ਼ਲਾ ਹਰੇਕ ਪਿੰਡ ਅਤੇ ਘਰ-ਘਰ ਜਾ ਕੇ ਪੰਜਾਬ ਦੇ ਹਿੱਤਾਂ ਲਈ ਜੂਝਣ ਦਾ ਜਜ਼ਬਾ ਰੱਖਣ ਵਾਲੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੀ ਮੁਹਿੰਮ ਚਲਾਵੇਗਾ। ਸ੍ਰੀ ਹੇਅਰ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਵਰਗੇ ਆਮ ਘਰਾਂ ਦੇ ਮੁੰਡਿਆਂ ਨੂੰ ਵਿਧਾਇਕ ਬਣਾ ਕੇ ਇਨਕਲਾਬੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਯੂਥ ਵਿੰਗ ਇਸ ਲਹਿਰ ਨੂੰ ਅੱਗੇ ਤੋਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੇ ਯੂਥ ਨੂੰ ਬੇਰੁਜ਼ਗਾਰੀ ਅਤੇ ਨਸ਼ਿਆਂ ਵਿੱਚ ਧੱਕ ਕੇ ਪੰਜਾਬ ਦੇ ਭਵਿੱਖ ਨੂੰ ਦਾਅ ’ਤੇ ਲਾ ਦਿੱਤਾ ਹੈ। ਹੁਣ ਯੂਥ ਵਿੰਗ ਕਰਾਂਤੀਕਾਰੀ ਨੌਜਵਾਨਾਂ ਨੂੰ ਲਾਮਬੰਦ ਕਰ ਕੇ ਨਵੀਂ ਸ਼ੁਰੂਆਤ ਕਰੇਗਾ। ਯੂਥ ਵਿੰਗ ਦੇ ਪ੍ਰਧਾਨ ਸ੍ਰੀ ਸਿੱਧੂ ਨੇ ਐਲਾਨ ਕੀਤਾ ਕਿ ‘ਸਾਡਾ ਯੂਥ ਸਭ ਤੋਂ ਮਜਬੂਤ’ ਮੁਹਿੰਮ 2 ਜੂਨ ਨੂੰ ਡੇਰਾਬੱਸੀ, ਮੁਹਾਲੀ ਤੇ ਚਮਕੌਰ ਸਾਹਿਬ ਵਿਧਾਨ ਸਭਾ ਹਲਕਿਆਂ ਤੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 6 ਜੂਨ ਤਕ ਸਮਰਾਲਾ, ਗਿੱਲ, ਲੁਧਿਆਣਾ ਪੱਛਮੀ, ਫਿਲੌਰ, ਹੁਸ਼ਿਆਰਪੁਰ, ਸ਼ਾਮ ਚੁਰਾਸੀ, ਬਾਬਾ ਬਕਾਲਾ, ਜੰਡਿਆਲਾ, ਅੰਮ੍ਰਿਤਸਰ ਪੂਰਬ, ਸਰਦੂਲਗੜ੍ਹ, ਮਾਨਸਾ ਅਤੇ ਬੁਢਲਾਡਾ ਵਿਧਾਨ ਸਭਾ ਹਲਕਿਆਂ ਵਿੱਚ ਪਹਿਲੇ ਪੜਾਅ ਦੀ ਮੁਹਿੰਮ ਮੁਕੰਮਲ ਕਰ ਲਈ ਜਾਵੇਗੀ।
ਖਹਿਰਾ ’ਤੇ ਰਾਣਾ ਖੰਡ ਮਿੱਲ ਬਾਰੇ ਗ਼ਲਤ ਪ੍ਰਚਾਰ ਕਰਨ ਦਾ ਦੋਸ਼
ਚੰਡੀਗੜ੍ਹ - ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ’ਤੇ ਦੋਸ਼ ਲਾਇਆ ਹੈ ਕਿ ਉਹ ਆਪਣੀ ਨੇਤਾਗਿਰੀ ਚਮਕਾਉਣ ਲਈ ਉਨ੍ਹਾਂ ਦੀ ਰਾਣਾ ਸ਼ੂਗਰ ਮਿੱਲ ਨੂੰ ਬਦਨਾਮ ਕਰ ਰਹੇ ਹਨ।
ਅੱਜ ਇਥੇ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਮਿੱਲ ਕਿਸੇ ਵੀ ਤਰ੍ਹਾਂ ਪ੍ਰਦੂਸ਼ਣ ਨਹੀਂ ਫੈਲਾਉਂਦੀ। ਸ੍ਰੀ ਖਹਿਰਾ ਬੁੱਢੇ ਨਾਲੇ ਵਿੱਚੋਂ ਗੰਦੇ ਪਾਣੀ ਦੀਆਂ ਬੋਤਲਾਂ ਭਰ ਕੇ ਇਹ ਕਹਿ ਰਹੇ ਹਨ ਕਿ ਉਹ ਪਾਣੀ ਰਾਣਾ ਸ਼ੂਗਰ ਮਿੱਲ ਦਾ ਹੈ ਜਦਕਿ ਰਾਣਾ ਸ਼ੂਗਰ ਮਿੱਲ ਵਿੱਚ ਚੁਕੰਦਰ ਨੂੰ ਧੋਣ ਤੋਂ ਬਾਅਦ ਪਾਣੀ ਨੂੰ ਮੁੜ ਰੀ-ਸਾਈਕਲ  ਕੀਤਾ ਜਾਂਦਾ ਹੈ ਅਤੇ ਬਚੇ ਹੋਏ ਪਾਣੀ ਨੂੰ ਸਿੰਜਾਈ ਲਈ ਵਰਤਿਆ ਜਾਂਦਾ ਹੈ। ਰਾਣਾ ਸ਼ੂਗਰ ਮਿੱਲ ਦੀ ਪੰਜਾਹ ਏਕੜ ਜ਼ਮੀਨ ਖਾਲੀ ਪਈ ਹੈ। ਸਾਰਾ ਪਾਣੀ ਉੱਥੇ ਹੀ ਵਰਤਿਆ ਜਾਂਦਾ ਹੈ। ਪ੍ਰੈੱਸ ਕਾਨਫਰੰਸ ਵਿੱਚ ਰਾਣਾ ਸ਼ੂਗਰ ਮਿੱਲ ਦੇ ਪੱਖ ਵਿੱਚ ਇਲਾਕੇ ਦੇ ਕੁਝ ਕਿਸਾਨ ਹਾਜ਼ਰ ਸਨ ਜਿਨ੍ਹਾਂ ਵਿੱਚ ਅੱਧਾ ਦਰਜਨ ਅਕਾਲੀ ਸਰਪੰਚ ਵੀ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਖੰਡ ਮਿੱਲ ਦੇ ਪੱਖ ’ਚ ਇਸ ਕਰ ਕੇ ਹਨ ਕਿਉਂਕਿ ਇਸ ਮਿੱਲ ਕਾਰਨ ਕਿਸਾਨਾਂ ਦੀ ਆਰਥਿਕ ਤਰੱਕੀ ਹੋ ਰਹੀ ਹੈ। ਸ੍ਰੀ ਰਾਣਾ ਨੇ ਸ੍ਰੀ ਖਹਿਰਾ ਨੂੰ ਸੱਦਾ ਦਿੱਤਾ ਕਿ ਉਹ ਜਦੋਂ ਮਰਜ਼ੀ ਆ ਕੇ ਰਾਣਾ ਸ਼ੂਗਰ ਮਿੱਲ ਵਿੱਚ ਪਾਣੀ ਟਰੀਟਮੈਂਟ ਬਾਰੇ ਜਾਣਕਾਰੀ ਲੈ ਸਕਦੇ ਹਨ। ਉਨ੍ਹਾਂ ਨੂੰ ਮਿੱਲ ਵਿੱਚ ਜਾਣ ਤੋਂ  ਕਿਸੇ ਨੇ ਨਹੀਂ ਰੋਕਿਆ। ਉਸ ਦਿਨ ਕਿਸਾਨ ਨੂੰ ਇਸ ਕਰ ਕੇ ਇਕੱਠੇ ਹੋਏ ਸਨ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਗ਼ਲਤ ਪ੍ਰਚਾਰ ਕਾਰਨ ਮਿੱਲ ਨੂੰ ਜਿੰਦਰਾ ਨਾ ਲੱਗ ਜਾਵੇ।

 

 

fbbg-image

Latest News
Magazine Archive