ਮਿੱਲ ਦੇ ਗੰਦੇ ਪਾਣੀ ਦਾ ਜਾਇਜ਼ਾ ਨਾ ਲੈ ਸਕੇ ਖਹਿਰਾ


ਰਈਆ - ਰਾਣਾ ਸੂਗਰਜ਼ ਮਿੱਲ, ਬੁੱਟਰ ਸਿਵੀਆਂ ਦਾ ਕਥਿਤ ਗੰਦਾ ਪਾਣੀ ਡਰੇਨ ਵਿੱਚ ਪਾਏ ਜਾਣ ਦਾ ਜਾਇਜ਼ਾ ਲੈਣ ਪੁੱਜੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਪੁਲੀਸ ਨੇ ਡਰੇਨ ਉੱਤੇ ਜਾਣ ਤੋਂ ਰੋਸ ਦਿੱਤਾ। ਸ੍ਰੀ ਖਹਿਰਾ ਨੇ ਪਿੰਡ ਬੁੱਟਰ ਸਿਵੀਆਂ, ਧਰਦਿਓ ਡਰੇਨ ਦਾ ਜਾਇਜ਼ਾ ਲੈਣ ਸਬੰਧੀ ਪ੍ਰੋਗਰਾਮ ਉਲੀਕਿਆ ਸੀ। ਦੂਸਰੇ ਪਾਸੇ ਮਿੱਲ ਦੇ ਸਮਰਥਕ ਵੱਡੀ ਗਿਣਤੀ ਵਿੱਚ ਡਾਂਗਾਂ ਅਤੇ ਹੋਰ ਹਥਿਆਰ ਲੈ ਕੇ ਸੜਕ ਉੱਤੇ ਖੜ੍ਹੇ ਸਨ।
ਇਸ ਮੌਕੇ ਸੁਖਪਾਲ ਸਿੰਘ ਖਹਿਰਾ ਆਪਣੇ ਮਿਥੇ ਪ੍ਰੋਗਰਾਮ ਤਹਿਤ ਖੰਡ ਮਿੱਲ ਤੋਂ ਪੀੜਤ ਲੋਕਾਂ ਨੂੰ ਮਿਲਣ ਲਈ ਅੱਜ ਸਵੇਰੇ ਭਾਰੀ ਪੁਲੀਸ ਰੋਕਾਂ ਦੇ ਬਾਵਜੂਦ ਸਬ ਡਿਵੀਜ਼ਨ ਬਾਬਾ ਬਕਾਲਾ ਦੇ ਪਿੰਡ ਬੁੱਟਰ ਸਿਵੀਆਂ ਵਿੱਚ ਪੀੜਤ ਪਰਿਵਾਰਾਂ ਤੱਕ ਪੁੱਜ ਗਏ। ਇਸ ਮੌਕੇ ਪੀੜਤਾਂ ਨੇ ਦੱਸਿਆ ਕਿ ਮਿੱਲ ਦੀ ਸੁਆਹ ਕਾਰਨ ਲੋਕ ਅੱਖਾਂ ਦੇ ਰੋਗਾਂ ਤੋਂ, ਕੈਂਸਰ, ਕਾਲਾ ਪੀਲੀਆ ਅਤੇ ਚਮੜੀ ਦੀਆਂ ਭਿਆਨਕ ਬਿਮਾਰੀਆਂ ਤੋਂ ਪੀੜਤ ਹਨ। ਮਿੱਲ ਵੱਲੋਂ ਡਰੇਨ ਵਿੱਚ ਜਿੱਥੇ ਗੰਦਾ ਪਾਣੀ ਸੁੱਟਿਆ ਜਾ ਰਿਹਾ ਸੀ, ਸ੍ਰੀ ਖਹਿਰਾਂ ਨੂੰ ਉੱਥੇ ਪੁਲੀਸ ਨੇ ਨਹੀਂ ਜਾਣ ਦਿੱਤਾ ਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੇ ਪਿੰਡ ਧਰਦਿਓ ਪੁੱਜ ਕੇ ਡਰੇਨ ਵਿੱਚ ਆ ਰਹੇ ਗੰਦੇ ਪਾਣੀ ਦੀਆਂ ਬੋਤਲਾਂ ਭਰੀਆਂ ਗਈਆਂ ਅਤੇ ਇਸ ਮੌਕੇ ਸ੍ਰੀ ਖਹਿਰਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਇਸ ਗੰਦੇ ਪਾਣੀ ਦੀਆਂ ਬੋਤਲਾਂ ਭਰ ਲਈਆਂ ਹਨ ਤੇ ਵਿਧਾਨ ਸਭਾ ਵਿੱਚ ਪਾਣੀ ਦਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਵੱਲੋਂ ਮੀਡੀਆ ਵਿੱਚ ਕਿਹਾ ਜਾ ਰਿਹਾ ਹੈ ਕਿ ਉਸ ਦੀ ਮਿੱਲ ਦੇ ਗੰਦੇ ਪਾਣੀ ਦੀ ਇੱਕ ਬੂੰਦ ਵੀ ਡਰੇਨ ਵਿੱਚ ਨਹੀਂ ਪੈਂਦੀ ਤਾਂ ਫਿਰ ਵੱਡੀ ਗਿਣਤੀ ਵਿੱਚ ਗੁੰਡੇ ਡਾਂਗਾਂ ਲੈ ਕੇ ਡਰੇਨ ਨੂੰ ਘੇਰਾ ਕਿਉਂ ਪਾਈ ਬੈਠੇ ਹਨ, ਜੇ ਡਰੇਨ ਵਿੱਚ ਦੂਸ਼ਿਤ ਪਾਣੀ ਨਹੀਂ ਪੈਂਦਾ ਤਾਂ ਡਰੇਨ ਵਿੱਚ ਦੂਸ਼ਿਤ ਪਾਣੀ ਕਿੱਥੋਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਦੂਸਰੇ ਪਾਸੇ ਹੱਥਾਂ ਵਿੱਚ ਡੰਡੇ ਸੋਟੇ ਫੜੀ ਮਿੱਲ ਦੇ ਹੱਕ ਵਿੱਚ ਡਟੇ ਲੋਕਾਂ ਨੇ ਆਪਣੇ ਆਪ ਨੂੰ ਦੂਰੋਂ ਨੇੜਿਓਂ ਆਏ ਕਿਸਾਨ ਦੱਸਿਆ। ਇਸ ਮੌਕੇ ਮਿਲ ਦੇ ਪ੍ਰਬੰਧਕਾਂ ਨੇ ਖਹਿਰਾ ਦੇ ਪ੍ਰੋਗਰਾਮ ਨੂੰ ਸਿਆਸੀ ਸਟੰਟ ਦੱਸਦਿਆਂ ਕਿਹਾ ਕਿ ਉਹ ਕੋਈ ਗੰਦਾ ਪਾਣੀ ਡਰੇਨ ਵਿੱਚ ਨਹੀਂ ਸੁੱਟਦੇ ਅਤੇ ਮਿੱਲ ਪ੍ਰਦੂਸ਼ਣ ਸਬੰਧੀ ਸਾਰੇ ਮਾਪਦੰਡਾਂ ਅਨੁਸਾਰ ਸਹੀ ਹੈ।
ਖਹਿਰਾ ਨੂੰ ਕਾਨੂੰਨ ਹੱਥ ਵਿੱਚ ਨਹੀਂ ਲੈਣ ਦਿਆਂਗੇ : ਕੈਪਟਨ
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਬਟਾਲਾ ਵਿੱਚ ਰਾਣਾ ਗੁਰਜੀਤ ਸਿੰਘ ਦੀ ਸ਼ੂਗਰ ਮਿੱਲ ’ਚ ਜਬਰੀ ਦਾਖ਼ਲ ਹੋਣ ਦਾ ਯਤਨ ਕਰਨ ਦੀ ਸਖ਼ਤ ਆਲੋਚਨਾ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਕਿਸੇ ਵੀ ਕੋਸ਼ਿਸ਼ ’ਤੇ ਉਸ ਨਾਲ ਕਾਨੂੰਨ ਤਹਿਤ ਨਜਿੱਠਿਆ ਜਾਵੇਗਾ।ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਉੱਤੇ ਵਰ੍ਹਦਿਆਂ ਕਿਹਾ ਕਿ ਭਲਕੇ ਹੋਣ ਜਾ ਰਹੀ ਸ਼ਾਹਕੋਟ ਜ਼ਿਮਨੀ ਚੋਣ ਤੋਂ ਪਹਿਲਾਂ ‘ਆਪ’ ਆਗੂ ਮੀਡੀਆ ਅਤੇ ਲੋਕਾਂ ਦਾ ਧਿਆਨ ਖਿੱਚਣ ਲਈ ਨੀਵੇਂ ਪੱਧਰ ਦੀ ਸਿਆਸਤ ਖੇਡ ਰਿਹਾ ਹੈ।

 

 

fbbg-image

Latest News
Magazine Archive