ਲਾਰਡਜ਼ ਟੈਸਟ: ਪਾਕਿਸਤਾਨ ਨੇ ਮੇਜ਼ਬਾਨ ਇੰਗਲੈਂਡ ਨੂੰ ਸਮੇਟਿਆ


ਲੰਡਨ - ਤੇਜ਼ ਗੇਂਦਬਾਜ਼ ਮੁਹੰਮਦ ਅੱਬਾਸ ਤੇ ਹਸਨ ਅਲੀ ਵੱਲੋਂ ਢੁੱਕਵੇਂ ਹਾਲਾਤ ਦਾ ਪੂਰਾ ਲਾਹਾ ਲੈਂਦਿਆਂ ਲਈਆਂ ਚਾਰ-ਚਾਰ ਵਿਕਟਾਂ ਦੀ ਬਦੌਲਤ ਪਾਕਿਸਤਾਨ ਨੇ ਅੱਜ ਇਥੇ ਲਾਰਡਜ਼ ਟੈਸਟ ਕ੍ਰਿਕਟ ਦੇ ਸ਼ੁਰੂਆਤੀ ਦਿਨ ਮੇਜ਼ਬਾਨ ਇੰਗਲੈਂਡ ਦੀ ਪਹਿਲੀ ਪਾਰੀ 184 ਦੌੜਾਂ ’ਤੇ ਸਮੇਟ ਦਿੱਤੀ। ਪਾਕਿਸਤਾਨ ਨੇ ਖ਼ਬਰ ਲਿਖੇ ਜਾਣ ਤਕ ਆਪਣੀ ਪਹਿਲੀ ਪਾਰੀ ਵਿੱਚ 20 ਓਵਰਾਂ ’ਚ ਇਕ ਵਿਕਟ ਦੇ ਨੁਕਸਾਨ ਨਾਲ 44 ਦੌੜਾਂ ਬਣਾ ਲਈਆਂ ਸਨ। ਅਜ਼ਹਰ ਅਲੀ ਤੇ ਹੈਰਿਸ ਸੋਹੇਲ ਕ੍ਰਮਵਾਰ 16 ਤੇ 17 ਦੌੜਾਂ ਨਾਲ ਕਰੀਜ਼ ’ਤੇ ਟਿਕੇ ਹੋਏ ਸਨ। ਇਮਾਮ ਉਲ ਹੱਕ 4 ਦੌੜਾਂ ਹੀ ਬਣਾ ਸਕਿਆ।
ਇਸ ਤੋਂ ਪਹਿਲਾਂ ਲਗਾਤਾਰ 153ਵਾਂ ਟੈਸਟ ਮੈਚ ਖੇਡ ਕੇ ਆਸਟਰੇਲੀਆ ਦੇ ਸਾਬਕਾ ਕਪਤਾਨ ਐਲਨ ਬਾਰਡਰ ਦੇ ਰਿਕਾਰਡ ਦੀ ਬਰਾਬਰੀ ਕਰਨ ਵਾਲੇ ਐਲਿਸਟੇਅਰ ਕੁੱਕ ਨੇ 70 ਦੌੜਾਂ ਦੀ ਪਾਰੀ ਖੇਡ ਕੇ ਇੰਗਲੈਂਡ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ, ਪਰ ਖੱਬੇ ਹੱਥ ਦੇ ਇਸ ਬੱਲੇਬਾਜ਼ ਦੇ ਆਊਟ ਹੁੰਦਿਆਂ ਹੀ ਮੇਜ਼ਬਾਨ ਟੀਮ ਦੀ ਪਾਰੀ ਸਿਮਟਣ ’ਚ ਦੇਰ ਨਹੀਂ ਲੱਗੀ। ਇੰਗਲੈਂਡ ਦੇ ਆਖਰੀ ਛੇ ਵਿਕਟ 35 ਦੌੜਾਂ ਦੇ ਵਕਫ਼ੇ ਅੰਦਰ ਡਿੱਗੇ। ਅੱਬਾਸ ਨੇ 23 ਦੌੜਾਂ ਅਤੇ ਅਲੀ ਨੇ 51 ਦੌੜਾਂ ਬਦਲੇ ਚਾਰ-ਚਾਰ ਵਿਕਟ ਲਏ। ਮੁਹੰਮਦ ਆਮਿਰ ਤੇ ਫ਼ਹੀਮ ਅਸ਼ਰਫ਼ ਦੇ ਹਿੱਸੇ ਇਕ ਇਕ ਵਿਕਟ ਆਇਆ। ਆਮਿਰ ਨੇ ਚਾਹ ਦੀ ਬ੍ਰੇਕ ਤੋਂ ਪਹਿਲਾਂ ਕੁੱਕ ਦਾ ਕੀਮਤੀ ਵਿਕਟ ਲਿਆ, ਜਿਸ ਨੇ 148 ਗੇਂਦਾਂ ਦੀ ਪਾਰੀ ਦੌਰਾਨ 14 ਚੌਕੇ ਜੜੇ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਜੋਅ ਰੂਟ ਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਗ਼ਲਤ ਸਾਬਤ ਹੋਇਆ। ਮਹਿਮਾਨ ਟੀਮ ਦੇ ਗੇਂਦਬਾਜ਼ਾਂ ਨੇ ਬੱਦਲਵਾਈ ਤੇ ਪਿੱਚ ’ਤੇ ਲੱਗੀ ਹਰੀ ਘਾਹ ਦਾ ਭਰਪੂਰ ਲਾਹਾ ਲਿਆ। ਇੰਗਲੈਂਡ ਨੇ ਪਹਿਲੇ ਤਿੰਨ ਵਿਕਟ 43 ਦੌੜਾਂ ਦੇ ਵਕਫ਼ੇ ’ਚ ਗੁਆ ਲਏ। ਹਾਲਾਂਕਿ ਕੁੱਕ ਨੇ ਇਕ ਸਿਰਾ ਸੰਭਾਲੀ ਰੱਖਿਆ। ਹੋਰਨਾਂ ਬੱਲੇਬਾਜ਼ਾਂ ’ਚ ਬੈੱਨ ਸਟੋਕਸ 38, ਜੌਹਨੀ ਬੇਅਰਸਟਾਅ 27 ਤੇ ਜੋਸ ਬਟਲਰ 14 ਹੀ ਦੋਹਰੇ ਅੰਕੜੇ ਤਕ ਪੁੱਜ ਸਕੇ। ਚਾਹ ਦੇ ਸਮੇਂ ਤਕ ਇੰਗਲੈਂਡ ਦਾ ਸਕੋਰ 165/5 ਸੀ, ਪਰ ਇਸ ਤੋਂ ਬਾਅਦ ਮੇਜ਼ਬਾਨਾਂ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈ।

 

 

fbbg-image

Latest News
Magazine Archive