ਸਟਰਲਾਈਟ ਪਲਾਂਟ ਖਿ਼ਲਾਫ਼ ਮੁਜ਼ਾਹਰੇ ਦੌਰਾਨ 9 ਮੌਤਾਂ


ਟੂਟੀਕੋਰੀਨ/ ਚੇਨੱਈ - ਵੇਦਾਂਤਾ ਗਰੁਪ ਦੇ ਟੂਟੀਕੋਰੀਨ ਵਿਚਲੇ ਸਟਰਲਾਈਟ ਕੌਪਰ ਪਲਾਂਟ ਵੱਲੋਂ ਫੈਲਾਏ ਜਾਂਦੇ ਪ੍ਰਦੂਸ਼ਣ ਨੂੰ ਲੈ ਕੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੰਘਰਸ਼ ਅੱਜ ਹਿੰਸਕ ਹੋ ਗਿਆ। ਰੋਸ ਮਾਰਚ ਕੱਢਣ ਲਈ ਦ੍ਰਿੜ ਅੰਦੋਲਨਕਾਰੀਆਂ ਤੇ ਪੁਲੀਸ ਵਿਚਕਾਰ ਝੜਪਾਂ ਹੋਈਆਂ ਅਤੇ ਪੁਲੀਸ ਫਾਇਰਿੰਗ ਵਿੱਚ 9 ਵਿਅਕਤੀ ਮਾਰੇ ਗਏ। ਤਾਮਿਲਨਾਡੂ ਦੇ ਮੁੱਖ ਮੰਤਰੀ ਕੇ ਪਲਾਨੀਸਵਾਮੀ ਨੇ ਮੌਤਾਂ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਹਿੰਸਾ ਦੀ ਜੁਡੀਸ਼ਲ ਜਾਂਚ ਕਰਾਉਣ ਅਤੇ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।
ਰਾਜਧਾਨੀ ਚੇਨੱਈ ਤੋਂ ਕਰੀਬ 600 ਕਿਲੋਮੀਟਰ ਦੂਰ ਪੈਂਦੇ ਟੂਟੀਕੋਰੀਨ ਕਸਬੇ ਵਿੱਚ ਮੁਜ਼ਾਹਰਾਕਾਰੀਆਂ ਨੇ ਪੁਲੀਸ ’ਤੇ ਪਥਰਾਅ ਕੀਤਾ ਤੇ ਕਈ ਸਰਕਾਰੀ ਗੱਡੀਆਂ ਤੇ ਹੋਰ ਸੰਪਤੀ ਨੂੰ ਅੱਗ ਲਾ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਕਾਮੀ ਗਿਰਜਾ ਘਰ ਕੋਲ ਲਗਪਗ 5000 ਲੋਕ ਇਕੱਤਰ ਹੋ ਗਏ ਤੇ ਜਦੋਂ ਉਨ੍ਹਾਂ ਨੂੰ ਕੌਪਰ ਸਮੈਲਟਰ ਪਲਾਂਟ ਵੱਲ ਰੋਸ ਮਾਰਚ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਉਨ੍ਹਾਂ ਜ਼ਿਲ੍ਹਾ ਕੁਲੈਕਟਰ ਦੇ ਦਫ਼ਤਰ ਸਾਹਮਣੇ ਰੈਲੀ ਕਰਨ ’ਤੇ ਜ਼ੋਰ ਦਿੱਤਾ। ਮੁਜ਼ਾਹਰਾਕਾਰੀਆਂ ਵੱਲੋਂ ਕੀਤੇ ਪਥਰਾਅ ਵਿੱਚ ਕਈ ਜਣੇ ਜ਼ਖਮੀ ਹੋ ਗਏ ਤੇ ਉਨ੍ਹਾਂ ਸਰਕਾਰੀ ਗੱਡੀਆਂ ਤੇ ਬੈਂਕਾਂ ਦੀਆਂ ਇਮਾਰਤਾਂ ਦੀ ਵੀ ਭੰਨ ਤੋੜ ਕੀਤੀ। ਇਸ ’ਤੇ ਪੁਲੀਸ ਨੇ ਫਾਇਰਿੰਗ ਕੀਤੀ ਜਿਸ ਵਿੱਚ 9 ਵਿਅਕਤੀ ਮਾਰੇ ਗਏ। ਮੁਕਾਮੀ ਪ੍ਰਸ਼ਾਸਨ ਨੂੰ ਹਾਲਾਤ ਨਾਲ ਨਿਬਟਣ ਲਈ ਨਾਲ ਲਗਦੇ ਜ਼ਿਲਿਆਂ ਤੋਂ ਹੋਰ ਪੁਲੀਸ ਬਲ ਮੰਗਵਾਏ ਜਾ ਰਹੇ ਹਨ। ਡੀਐਮਕੇ ਦੇ ਵਰਕਿੰਗ ਪ੍ਰਧਾਨ ਐਮਕੇ ਸਟਾਲਿਨ ਨੇ ਪੁਲੀਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੂੰ ਮੁਜ਼ਾਹਰਾਕਾਰੀਆਂ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕਰਨਾ ਚਾਹੀਦਾ ਸੀ। ਐਮਡੀਐਮਕੇ ਦੇ ਆਗੂ ਵਾਇਕੋ ਜੋ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਸਨ, ਨੇ ਪੁਲੀਸ ਕਾਰਵਾਈ ਦੀ ਜ਼ੋਰਦਾਰ ਨਿਖੇਧੀ ਕੀਤੀ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੁਜ਼ਾਹਰੇ ਦੌਰਾਨ ਪੁਲੀਸ ਫਾਇਰਿੰਗ ਵਿੱਚ ਹੋਈਆਂ 9 ਮੌਤਾਂ ਨੂੰ ‘‘ਰਾਜਕੀ ਸ਼ਹਿਯਾਫ਼ਤਾ ਅਤਿਵਾਦ ਦੀ ਘਿਨਾਉਣੀ ਮਿਸਾਲ’’ ਕਰਾਰ ਦਿੱਤਾ ਹੈ।
ਸਰਕਾਰ ਵੱਲੋਂ ਠੰਢ ਠੰਢਾਅ ਦਾ ਯਤਨ
ਤਾਮਿਲਨਾਡੂ ਸਰਕਾਰ ਨੇ ਲੋਕਾਂ ਨੂੰ ਅਮਨ ਅਮਾਨ ਬਹਾਲ ਕਰਨ ਦੀ ਅਪੀਲ ਕਰਦਿਆਂ ਪਲਾਂਟ ਬਾਰੇ  ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦਾ ਭਰੋਸਾ ਦਿਵਾਇਆ ਹੈ। ਇਕ ਸਰਕਾਰੀ ਬਿਆਨ  ਵਿੱਚ ਕਿਹਾ ਗਿਆ ਕਿ ਪੁਲੀਸ ਲਾਠੀਚਾਰਜ ਤੇ ਫਾਇਰਿੰਗ ਅਣਸਰਦੇ ਨੂੰ ਕਰਨਾ ਪਿਆ। ਜ਼ਿਲਾ  ਕੁਲੈਕਟੋਰੇਟ ਤੇ ਕੌਪਰ ਪਲਾਂਟ ਦਾ ਘਿਰਾਓ ਕਰਨ ਲਈ ਕਰੀਬ 20000 ਲੋਕ ਇਕੱਤਰ ਹੋਏ ਸਨ।  ਸਰਕਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਵੇਦਾਂਤਾ ਗਰੁਪ ਦੇ ਸਟ੍ਰਲਾਈਟ ਇੰਡਸਟ੍ਰੀਜ਼  ਲਿਮਟਿਡ ਦਾ ਪਲਾਂਟ ਪਿਛਲੇ 20 ਸਾਲਾਂ ਤੋਂ ਚੱਲ ਰਿਹਾ ਹੈ।

 

 

fbbg-image

Latest News
Magazine Archive