ਪੰਜਾਬ ਦੇ ਤਿੰਨ ਨਾਰਾਜ਼ ਕਾਂਗਰਸੀ ਵਿਧਾਇਕ ਰਾਹੁਲ ਨੂੰ ਮਿਲੇ

 

ਚੰਡੀਗੜ੍ਹ - ਮੰਤਰੀ ਦੀ ਕੁਰਸੀ ਨਾ ਮਿਲਣ  ਤੋਂ ਨਾਰਾਜ਼ ਪੰਜਾਬ ਦੇ ਤਿੰਨ  ਕਾਂਗਰਸੀ ਵਿਧਾਇਕਾਂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਕਰ ਕੇ ਆਪਣੇ ਦੁੱਖੜੇ ਸੁਣਾਏ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਆਪਣਾ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਵਜ਼ਾਰਤ ਵਿਚ ਵਾਧਾ ਕਰਦੇ ਸਮੇਂ ਉਨ੍ਹਾਂ ਦੀ ਸੀਨੀਆਰਤਾ ਨੂੰ ਅਣਗੌਲਿਆ ਕੀਤਾ ਹੈ ਤੇ ਜੂਨੀਅਰ ਵਿਧਾਇਕਾਂ ਨੂੰ ਮੰਤਰੀ ਬਣਾ ਦਿਤਾ ਹੈ।
ਕਾਂਗਰਸ ਵਿਧਾਇਕਾਂ ਦੀ ਕਾਂਗਰਸ ਪ੍ਰਧਾਨ ਨਾਲ ਮੀਟਿੰਗ ਵੀਹ ਮਿੰਟ ਦੇ ਕਰੀਬ ਚਲੀ ਪਰ ਉਨ੍ਹਾਂ ਨੇ ਗੱਲਬਾਤ ਦੌਰਾਨ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕੀਤੇ ਤੇ ਆਪਣੇ ਨਾਲ ਵਿਤਕਰੇ ਬਾਰੇ ਵੀ ਦਸਿਆ। ਜਾਣਕਾਰੀ ਅਨੁਸਾਰ ਕਾਂਗਰਸ ਪ੍ਰਧਾਨ ਨੇ ਵਿਧਾਇਕਾਂ ਨੂੰ ਕਿਹਾ ਕਿ ਉਹ ਕੁਝ ਸਮਾਂ ਦੇਣ, ਉਹ ਮਸਲੇ ਹੱਲ ਕਰਨਗੇ। ਉਨ੍ਹਾਂ ਨੇ ਤਿੰਨੇ ਵਿਧਾਇਕਾਂ ਨੂੰ ਦੋ ਮੈਂਬਰੀ ਕਮੇਟੀ ਕੋਲ ਆਪਣਾ ਪੱਖ ਪੇਸ਼ ਕਰਨ ਲਈ ਕਿਹਾ। ਇਨ੍ਹਾਂ ਵਿਧਾਇਕਾਂ ਵਿਚ ਸੀਨੀਅਰ  ਅਮਰੀਕ ਸਿੰਘ ਢਿੱਲੋਂ, ਕਾਕਾ ਰਣਦੀਪ ਸਿੰਘ ਨਾਭਾ ਅਤੇ ਰਾਕੇਸ਼ ਪਾਂਡੇ ਸ਼ਾਮਲ ਹਨ।
ਸ੍ਰੀ ਗਾਂਧੀ ਨੇ ਇਨ੍ਹਾਂ ਵਿਧਾਇਕਾਂ ਨੂੰ ਕਿਹਾ ਕਿ ਇਸ ਬਾਰੇ ਪਾਰਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੂੰ ਪੂਰੀ ਰਿਪੋਰਟ ਦੇਣ। ਇਸ ਤੋਂ ਬਾਅਦ ਤਿੰਨੇ ਵਿਧਾਇਕਾਂ ਨੇ ਸ੍ਰੀ ਗਹਿਲੋਤ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਵਿਧਾਇਕਾਂ ਨੂੰ ਕੁਝ ਦਸਤਾਵੇਜ਼ੀ ਸਬੂਤ ਦੇਣ ਲਈ ਕਿਹਾ। ਉਂਜ ਸ੍ਰੀ ਗਹਿਲੋਤ ਵੀ ਕਰਨਾਟਕ ਮਾਮਲੇ ਨਾਲ ਜੁੜੇ ਹੋਣ ਕਾਰਨ ਵਿਧਾਇਕਾਂ ਨੂੰ ਪੂਰਾ ਸਮਾਂ ਨਹੀਂ ਦੇ ਸਕੇ ਤੇ ਉਨ੍ਹਾਂ ਕਿਹਾ ਕਿ ਉਹ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਗੱਲ ਸੁਣਨਗੇ। ਦੋ ਮੈਂਬਰੀ ਕਮੇਟੀ ਵਿਚ ਲੋਕ ਸਭਾ ’ਚ ਕਾਂਗਰਸ ਦੇ ਆਗੂ ਮਲਿਕਾਰਜੁਨ ਖੜਗੇ ਵੀ ਸ਼ਾਮਲ ਹਨ ਤੇ ਉਹ ਵੀ ਕਰਨਾਟਕ ਨਾਲ ਸਬੰਧਤ ਹੋਣ ਕਾਰਨ ਮਸਰੂਫ਼ ਸਨ।
ਗ਼ੌਰਤਲਬ ਹੈ ਕਿ  ਇਨ੍ਹਾਂ ਵਿਧਾਇਕਾਂ ਨੇ ਪਹਿਲਾਂ ਰੋਸ ਵਜੋਂ ਵਿਧਾਨ ਸਭਾ ਦੀਆਂ ਕਮੇਟੀਆਂ ਤੋਂ ਅਸਤੀਫ਼ੇ ਦੇ ਦਿੱਤੇ ਸਨ। ਤਿੰਨੇ ਵਿਧਾਇਕਾਂ ਨੇ ਕਾਂਗਰਸ ਪ੍ਰਧਾਨ ਨਾਲ ਗੱਲਬਾਤ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਕਿ ਉਨ੍ਹਾਂ ਨੇ ਆਪਣਾ ਪੱਖ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ  ਸੀਨੀਆਰਤਾ ਨੂੰ ਨਜ਼ਰ ਅੰਦਾਜ਼ ਕੀਤਾ ਹੈ ਪਰ ਉਹ ਪਾਰਟੀ ਲਈ ਕੰਮ ਕਰਦੇ ਰਹਿਣਗੇ।

 

 

fbbg-image

Latest News
Magazine Archive