ਪਾਕਿ ਰੇਂਜਰਜ਼ ਵੱਲੋਂ ਭਾਰੀ ਗੋਲਾਬਾਰੀ, 20 ਜ਼ਖ਼ਮੀ


ਜੰਮੂ - ਜੰਮੂ-ਕਸ਼ਮੀਰ ਦੇ ਜੰਮੂ ਜ਼ਿਲ੍ਹੇ ਦੇ ਅਰਨੀਆ ਅਤੇ ਆਰਅੈੱਸ ਪੁਰਾ ਸੈਕਟਰਾਂ ਵਿੱਚ ਪਾਕਿਸਤਾਨ ਰੇਂਜਰਾਂ ਵੱਲੋਂ ਸਰਹੱਦ ਉੱਤੇ ਲਗਾਤਾਰ ਅੱਠਵੇਂ ਦਿਨ ਮੌਰਟਰਾਂ ਨਾਲ ਕੀਤੀ ਭਾਰੀ ਗੋਲਾਬਾਰੀ ਵਿੱਚ ਸੱਤਰ ਸਾਲ ਦੀ ਔਰਤ ਤੇ ਇਕ ਬੀਐਸਐਸਫ਼ ਜਵਾਨ ਸਮੇਤ 20 ਵਿਅਕਤੀ ਜ਼ਖ਼ਮੀ ਹੋ ਗਏ ਹਨ। ਪਾਕਿਸਤਾਨੀ ਰੇਂਜਰਾਂ ਨੇ ਸੀਮਾ ਸੁਰੱਖਿਆ ਬਲ ਦੀਆਂ ਮੂਹਰਲੀਆਂ ਚੌਕੀਆਂ ਅਤੇ ਭਾਰਤ ਦੇ ਵਸੋਂ ਵਾਲੇ 90 ਪਿੰਡਾਂ ਨੂੰ ਨਿਸ਼ਾਨਾ ਬਣਾਇਆ। ਲਗਾਤਾਰ ਹੋ ਰਹੀ ਗੋਲਾਬਾਰੀ ਕਾਰਨ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਹੈ ਤੇ ਲੋਕ ਪਾਕਿਸਤਾਨ ਦੀ ਮਾਰ ਹੇਠ ਆਉਣ ਵਾਲੇ ਇਲਾਕੇ ਵਿੱਚੋਂ ਨਿਕਲ ਕੇ ਸੁਰੱਖਿਅਤ ਸਥਾਨਾਂ ਵੱਲ ਨਿਕਲ ਰਹੇ ਹਨ। ਪ੍ਰਸ਼ਾਸਨ ਨੇ ਇਨ੍ਹਾਂ ਖੇਤਰਾਂ ਦੇ ਸਕੂਲ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ। ਗੋਲਾਬਾਰੀ ਕਾਰਨ ਘਬਰਾਏ ਹੋਏ ਲੋਕ ਆਪਣੇ ਮਾਲ ਅਸਬਾਬ ਨਾਲ ਜਾਂ ਤਾਂ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਹੇ ਹਨ ਜਾਂ ਫਿਰ ਸਰਕਾਰ ਵੱਲੋਂ ਸਥਾਪਿਤ ਕੀਤੇ ਆਰਜ਼ੀ ਰਾਹਤ ਕੈਂਪਾਂ ਵਿੱਚ ਪੁੱਜ ਰਹੇ ਹਨ। ਸਰਕਾਰ ਵੱਲੋਂ 100 ਦੇ ਕਰੀਬ ਪਿੰਡ ਖ਼ਾਲੀ ਕਰਵਾਏ ਜਾ ਰਹੇ ਹਨ।
ਸਰਕਾਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਤਸਾਨ ਵੱਲੋਂ ਦਾਗੇ ਗੋਲਿਆਂ ਕਾਰਨ ਕੁਸ਼ੱਲਿਆ ਦੇਵੀ (70), ਮਦਨ ਲਾਲ ਭਗਤ (48), ਦੇਸ ਰਾਜ (52) ਅਤੇ ਥੁਡੂ ਰਾਮ (65) ਜ਼ਖ਼ਮੀ ਹੋ ਗਏ ਹਨ। ਇਸ ਤੋਂ ਇਲਾਵਾ ਕਠੂਆ ਜ਼ਿਲ੍ਹੇ ਦੇ ਹੀਰਾ ਨਗਰ ਇਲਾਕੇ ਵਿੱਚ ਬੋਬੀਆਨ ਪਿੰਡ ਦਾ ਵਾਸੀ ਅਮਨ ਸਿੰਘ (22) ਪਾਕਿਸਤਾਨ ਵੱਲੋਂ ਦਾਗੇ ਗੋਲੇ ਕਾਰਨ ਜ਼ਖ਼ਮੀ ਹੋ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ ਸਰਹੱਦ ਪਾਰ ਤੋਂ ਹੋ ਰਹੀ ਗੋਲਾਬਾਰੀ ਕਾਰਨ ਸਥਿਤੀ ਤਣਾਅ ਤੇ ਦਹਿਸ਼ਤ ਵਾਲੀ ਬਣੀ ਹੋਈ ਹੈ। ਦਰਜਨਾਂ ਪਿੰਡਾਂ ਵਿੱਚ ਸਰਹੱਦ ਪਾਰ ਤੋਂ 80 ਅੈਮਅੈਮ ਦੇ ਅਤੇ 120 ਅੈਮਅੇੈਮ ਦੇ ਗੋਲੇ ਦਾਗੇ ਜਾ ਰਹੇ ਹਨ। ਗੋਲਾਬਾਰੀ ਕਾਰਨ ਸਰਹੱਦੀ ਪਿੰਡ ਜੋਰਾਫਾਰਮ ਵਿੱਚ ਅੱਗ ਲੱਗ ਗਈ ਤੇ ਗੁੱਜਰਾਂ ਦਾ ਢਾਰਾ ਸਡ਼ ਗਿਆ। ਅੱਗ ਕਾਰਨ ਦੋ ਦਰਜਨ ਮਿੱਟੀ ਦੇ ਬਣਾਏ ਘਰ ਤਬਾਹ ਹੋ ਗਏ ਹਨ। ਹੰਗਾਮੀ ਹਾਲਤ ਵਿੱਚ ਅੱਗ ਬੁਝਾਊ ਦਸਤੇ ਦੇ ਮੈਂਬਰ ਘਟਨਾ ਸਥਾਨ ਉਤੇ ਪੁੱਜੇ ਤੇ ਸਥਿਤੀ ਉੱਤੇ ਕਾਬੂ ਪਾੲਿਆ। ਇਸ ਦੌਰਾਨ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਗੋਲਾਬਾਰੀ ਸਾਰੇ ਸੈਕਟਰਾਂ ਵਿੱਚ ਫੈਲ ਗਈ ਹੈ ਤੇ ਬੇਰੋਕ ਲੰਘੀ ਰਾਤ ਤੋਂ ਜਾਰੀ ਹੈ। ਸੂਤਰਾਂ ਅਨੁਸਾਰ ਜਵਾਬੀ ਗੋਲਾਬਾਰੀ ਵਿੱਚ ਸਰਹੱਦ ਪਾਰ ਵੀ ਕਾਫੀ ਨੁਕਸਾਨ ਹੋਇਆ ਹੈ ਤੇ ਵੱਡੀ ਗਿਣਤੀ ਵਿੱਚ ਬੰਕਰ ਤਬਾਹ ਹੋ ਗਏ ਹਨ। ਪਾਕਿਸਤਾਨ ਰੇਂਜਰਜ਼ ਦੇ ੲਿੱਕ ਗੰਭੀਰ ਜ਼ਖ਼ਮੀ ਜਵਾਨ ਨੂੰ ਇਲਾਜ ਲਈ ਲਾਹੌਰ ਭੇਜਿਆ ਹੈ ਤੇ ਦੋ ਹੋਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਹੇਮੰਤ ਕੁਮਾਰ ਸ਼ਰਮਾ ਅਨੁਸਾਰ ਸਰਹੱਦੀ ਖੇਤਰ ਵਿੱਚੋਂ ਉਠ ਰਹੇ ਲੋਕਾਂ ਦੇ ਲਈ ਸਰਕਾਰੀ ਸਕੂਲਾਂ ਅਤੇ ਹੋਰ ਸੁਰੱਖਿਅਤ ਥਾਵਾਂ ਉੱਤੇ ਕੈਂਪ ਸਥਾਪਿਤ ਕੀਤੇ ਗਏ ਹਨ।
 

 

 

fbbg-image

Latest News
Magazine Archive