ਕੁਮਾਰਸਵਾਮੀ ਦੀ ਸੋਨੀਆ ਤੇ ਰਾਹੁਲ ਨਾਲ ਮੁਲਾਕਾਤ ਅੱਜ


ਬੰਗਲੌਰ - ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਜਨਤਾ ਦਲ (ਸੈਕੁਲਰ) ਦੇ ਨੇਤਾ ਐਚ ਡੀ ਕੁਮਾਰਸਵਾਮੀ ਭਲਕੇ ਨਵੀਂ ਦਿੱਲੀ ਕਾਂਗਰਸ ਆਗੂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਮਿਲ ਕੇ ਸਰਕਾਰ ਦੇ ਗਠਨ ਦੇ ਮੁੱਖ ਨੁਕਤਿਆਂ ਬਾਰੇ ਸਲਾਹ ਮਸ਼ਵਰਾ ਕਰਨਗੇ।
ਸ੍ਰੀ ਕੁਮਾਰਸਵਾਮੀ ਨੇ ਸਪੱਸ਼ਟ ਕੀਤਾ ਕਿ ਮੰਤਰੀ ਪਦਾਂ ਦੀ ਵੰਡ ਬਾਰੇ ਅਜੇ ਕੋਈ ਚਰਚਾ ਨਹੀਂ ਹੋਈ ਤੇ ਉਨ੍ਹਾਂ ਦੋਵਾਂ ਪਾਰਟੀਆਂ ਦਰਮਿਆਨ 30-30 ਮਹੀਨੇ ਸਰਕਾਰ ਚਲਾਉਣ ਦੇ ਫਾਰਮੁੂਲੇ ਬਾਰੇ ਛਪੀਆਂ ਰਿਪੋਰਟਾਂ ਨੂੰ ਮਨਘੜਤ ਕਰਾਰ ਦਿੱਤਾ। ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਦੱਸਿਆ ‘‘ ਮੈਂ ਭਲਕੇ ਨਵੀਂ ਦਿੱਲੀ ਜਾਵਾਂਗਾ ਤੇ ਮੈਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੂੰ ਮਿਲਾਂਗਾ।’’ ਉਨ੍ਹਾਂ ਕਿਹਾ ਕਿ ਸਲਾਹ ਮਸ਼ਵਰੇ ਤੋਂ ਬਾਅਦ ਹੀ ਇਹ ਤੈਅ ਕੀਤਾ ਜਾਵੇਗਾ ਕਿ ਕਾਂਗਰਸ ਤੇ ਜੇਡੀਐਸ ਦੇ ਕਿੰਨੇ-ਕਿੰਨੇ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾਵੇ। ਸ੍ਰੀ ਕੁਮਾਰਸਵਾਮੀ ਨੇ ਸਪੱਸ਼ਟ ਕੀਤਾ ਕਿ ਮਹਿਕਮਿਆਂ ਦੀ ਵੰਡ ਬਾਰੇ ਅਜੇ ਕੋਈ ਵਿਚਾਰ ਚਰਚਾ ਨਹੀਂ ਹੋਈ ਤੇ ਉਨ੍ਹਾਂ ਮੀਡੀਆ ਨੂੰ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਰਾਹੀਂ ਲੋਕਾਂ ਤੇ ਵਿਧਾਇਕਾਂ ਅੰਦਰ ਭਰਮ ਨਾ ਫੈਲਾਉਣ ਦੀ ਬੇਨਤੀ ਕੀਤੀ। ਉਨ੍ਹਾਂ ਨਿਸ਼ਚੇ ਨਾਲ ਆਖਿਆ ਕਿ ਸਹੁੰ ਚੁੱਕਣ ਤੋਂ 24 ਘੰਟਿਆਂ ਦੇ ਅੰਦਰ ਅੰਦਰ ਉਹ ਸਦਨ ਵਿੱਚ ਬਹੁਮਤ ਸਿੱਧ ਕਰ ਦੇਣਗੇ।
ਕੱਲ੍ਹ ਭਾਜਪਾ ਦੇ ਬੀਐਸ ਯੇਡੀਯੁਰੱਪਾ ਵਲੋਂ ਸਦਨ ਵਿੱਚ ਭਰੋਸੇ ਦਾ ਵੋਟ ਪੇਸ਼ ਨਾ ਕਰਨ ਤੋਂ ਬਿਨਾਂ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ ਤੋਂ ਬਾਅਦ ਸ੍ਰੀ ਕੁਮਾਰਸਵਾਮੀ ਨੇ ਰਾਜਪਾਲ ਵਜੂਭਾਈ ਵਾਲਾ ਨਾਲ ਮੁਲਾਕਾਤ ਕਰ ਕੇ ਦੱਸਿਆ ਸੀ ਕਿ ਉਹ ਸੋਮਵਾਰ ਨੂੰ ਬਾਅਦ ਦੁਪਹਿਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਪਰ ਬਾਅਦ ਵਿੱਚ ਉਨ੍ਹਾਂ ਐਲਾਨ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਹੋਣ ਕਰ ਕੇ ਸਹੁੰ ਚੁੱਕ ਸਮਾਗਮ 21 ਦੀ ਬਜਾਏ 23 ਮਈ ਨੂੰ ਹੋਵੇਗਾ।
ਜਦੋਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਰਾਜਾਰਾਜੇਸ਼ਵਰੀ ਨਗਰ ਤੇ ਜਯਾਨਗਰ ਵਿਧਾਨ ਸਭਾ ਹਲਕਿਆਂ ਦੀ ਚੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਸੀਟਾਂ ਜਿੱਤਣੀਆਂ ਜ਼ਰੂਰੀ ਹਨ ਪਰ ਅਜੇ ਤੱਕ ਇਸ ਬਾਰੇ ਕੋਈ ਵੀ ਵਿਚਾਰ ਚਰਚਾ ਨਹੀਂ ਹੋਈ।
ਕਾਂਗਰਸ ਆਗੂ ਹਾਈਕਮਾਂਡ ਨਾਲ ਅੱਜ ਦਿੱਲੀ ’ਚ ਕਰਨਗੇ ਵਿਚਾਰਾਂ
ਬੰਗਲੌਰ - ਕਰਨਾਟਕ ਦੇ ਕਾਂਗਰਸ ਆਗੂ ਭਲਕੇ ਦਿੱਲੀ ਲਈ ਰਵਾਨਾ ਹੋਣਗੇ ਤਾਂ ਜੋ ਸੂਬੇ ’ਚ ਭਾਈਵਾਲ ਜਨਤਾ ਦਲ (ਐਸ) ਨਾਲ ਸਰਕਾਰ ਬਣਾਉਣ ਸਬੰਧੀ ਹਾਈਕਮਾਂਡ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਸੂਬਾ ਕਾਂਗਰਸ ਪ੍ਰਧਾਨ ਜੀ ਪਰਮੇਸ਼ਵਰਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਾਰਟੀ ਵਿਧਾਇਕ ਦਲ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ, ਉਹ ਖੁਦ ਅਤੇ ਸੀਨੀਅਰ ਆਗੂ ਡੀ ਕੇ ਸ਼ਿਵਕੁਮਾਰ ਭਲਕੇ ਦਿੱਲੀ ਜਾਣਗੇ। ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਸਰਕਾਰ ਦੇ ਗਠਨ ਬਾਰੇ ਰੂਪਰੇਖਾ ਉਲੀਕਣਗੇ।
ਮੋਦੀ ਖ਼ਰੀਦੋ-ਫਰੋਖ਼ਤ ਸਬੰਧੀ ਜਾਂਚ ਦੇ ਹੁਕਮ ਦੇਣ: ਕਾਂਗਰਸ
ਨਵੀਂ ਦਿੱਲੀ - ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਕਰਨਾਟਕ ’ਚ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਦੀਆਂ ਕੋਸ਼ਿਸ਼ਾਂ ਦੀ ਜਾਂਚ ਦੇ ਹੁਕਮ ਦੇਣ। ਕਾਂਗਰਸ ਤਰਜਮਾਨ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ 2019 ’ਚ ‘ਬਾਏ ਬਾਏ ਮੋਦੀ’ ਦਾ ਨਾਆਰਾ ਯਕੀਨੀ ਬਣਾਇਆ ਜਾਵੇਗਾ।
ਜਨਤਾ ਦਲ (ਐਸ) ਅਤੇ ਕਾਂਗਰਸ ਦੇ ਮਤਭੇਦਾਂ ਤੋਂ ਭਾਜਪਾ ਨੂੰ ਆਸ
ਨਵੀਂ ਦਿੱਲੀ - ਭਾਜਪਾ ਨੂੰ ਆਸ ਹੈ ਕਿ ਕਾਂਗਰਸ ਅਤੇ ਜਨਤਾ ਦਲ (ਐਸ) ਦਰਮਿਆਨ ਪੈਦਾ ਹੋ ਰਹੇ ਮਤਭੇਦਾਂ ਨਾਲ ਉਹ ਕਰਨਾਟਕ ’ਚ ਮੁੜ ਸਰਕਾਰ ਬਣਾ ਲੈਣਗੇ। ਇਕ ਭਾਜਪਾ ਆਗੂ ਨੇ ਕਿਹਾ ਕਿ ਉਹ ਜੰਗ ਜਿੱਤ ਕੇ ਰਹਿਣਗੇ। ਉਨ੍ਹਾਂ ਨੇ ਇਸ ਨੂੰ ਮੌਕਾਪ੍ਰਸਤ ਗੱਠਜੋੜ ਕਰਾਰ ਦਿੱਤਾ।
 

 

 

fbbg-image

Latest News
Magazine Archive