ਪਾਕਿਸਤਾਨੀ ਗੋਲੀਬਾਰੀ ’ਚ ਬੀਐਸਐਫ਼ ਜਵਾਨ ਸਮੇਤ 5 ਹਲਾਕ


ਜੰਮੂ - ਪਾਕਿਸਤਾਨੀ ਰੇਂਜਰਜ਼ ਵੱਲੋਂ ਅੱਜ ਜੰਮੂ ਦੇ ਸਰਹੱਦੀ ਪਿੰਡਾਂ ਵਿੱਚ ਮੋਰਟਾਰ ਦਾਗਣ ਕਾਰਨ ਇਥੇ ਇਕ ਬੀਐਸਐਫ਼ ਜਵਾਨ ਅਤੇ ਚਾਰ ਸਿਵਲੀਅਨਾਂ ਦੀ ਮੌਤ ਹੋ ਗਈ ਜਦੋਂ ਕਿ 12 ਗੰਭੀਰ ਜ਼ਖ਼ਮੀ ਹੋ ਗਏ। ਇਹ ਕਾਰਵਾਈ ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਦੇ ਜੰਮੂ ਕਸ਼ਮੀਰ ਦੇ ਦੌਰੇ ਤੋਂ ਠੀਕ ਇਕ ਦਿਨ ਪਹਿਲਾਂ ਕੀਤੀ ਗਈ।
ਪਾਕਿਸਤਾਨੀ ਫੌਜ ਨੇ ਦਹਿਸ਼ਤ ਤੇ ਸਹਿਮ ਦਾ ਮਾਹੌਲ ਬਣਾਉਣ ਦੇ ਮਨੋਰਥ ਨਾਲ ਕੌਮਾਂਤਰੀ ਸਰਹੱਦ ’ਤੇ ਚੌਥੇ ਦਿਨ ਗੋਲੀਬਾਰੀ ਕੀਤੀ। ਬੀਐਸਐਫ ਦੇ ਆਈਜੀ ਰਾਮ ਅਵਤਾਰ ਨੇ ਦੱਸਿਆ ਕਿ ਇਥੇ ਹਾਲਾਤ ਤਣਾਅ ਵਾਲੇ ਹਨ। ਸੀਨੀਅਰ ਬੀਐਸਐਫ਼ ਅਫ਼ਸਰ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਜ਼ ਨੇ ਅੱਜ ਜੰਮੂ ਦੇ ਆਰਐਸ ਪੁਰਾ, ਬਿਸ਼ਨਾਹ ਅਤੇ ਅਰਨੀਆ ਸੈਕਟਰਜ਼ ਵਿੱਚ ਦੁਪਹਿਰ ਬਾਅਦ ਇਕ ਵਜੇ ਮੋਰਟਾਰ ਦਾਗੇ ਅਤੇ ਭਾਰੀ ਗੋਲੀਬਾਰੀ ਕੀਤੀ। ਇਸ ਮੌਕੇ ਸ਼ਹੀਦ ਹੋਏ ਜਵਾਨ ਦੀ ਸ਼ਨਾਖ਼ਤ 28 ਸਾਲਾ ਕਾਂਸਟੇਬਲ ਸੀਤਾਰਾਮ ਉਪਾਧਿਆਏ ਵਜੋਂ ਹੋਈ ਹੈ। ਉਹ ਜੱਬੋਵਾਲ ਸਰਹੱਦ ’ਤੇ ਕਰੀਬ 1.30 ਵਜੇ ਗੰਭੀਰ ਜ਼ਖ਼ਮੀ ਹੋਇਆ ਸੀ, ਨੂੰ ਜੰਮੂ ਦੇ ਜੀਐਮਸੀ ਹਸਪਤਾਲ ਦਾਖ਼ਲ ਕਰਾਇਆ ਗਿਆ ਜਿਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਹ ਦਮ ਤੋੜ ਗਿਆ। ਉਪਾਧਿਆਏ ਝਾਰਖੰਡ ਦੇ ਗਿਰਧੀ ਇਲਾਕੇ ਨਾਲ ਸਬੰਧਤ ਹੈ ਤੇ ਉਹ 2011 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਹ ਆਪਣੇ ਪਿੱਛੇ ਇਕ ਤਿੰਨ ਸਾਲਾ ਪੁੱਤਰ ਅਤੇ ਇਕ ਸਾਲ ਦੀ ਧੀ ਛੱਡ ਗਿਆ ਹੈ। ਇਸ ਮੌਕੇ ਪਿੱਤਲ ਸਰਹੱਦ ’ਤੇ ਇਕ ਸਹਾਇਕ ਸਬ ਇੰਸਪੈਕਟਰ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਏਡੀਡੀਸੀ ਅਰੁਣ ਮਿਨਹਾਸ ਨੇ ਪੀਟੀਆਈ ਨੂੰ ਦੱਸਿਆ ਕਿ ਇਸ ਭਾਰੀ ਗੋਲੀਬਾਰੀ ਵਿੱਚ ਚਾਰ ਸਿਵਲੀਅਨ ਜਿਨ੍ਹਾਂ ਵਿੱਚ ਇਕ ਪਤੀ ਪਤਨੀ ਸ਼ਾਮਲ ਹਨ, ਮਾਰੇ ਗਏ ਅਤੇ 12 ਜ਼ਖ਼ਮੀ ਹੋ ਗਏ। ਆਰਐਸ ਪੁਰਾ ਦੇ ਐਸਡੀਪੀਓ  ਸਾਹਿਲ ਪ੍ਰਾਸ਼ੂਰ ਨੇ ਦੱਸਿਆ ਕਿ ਪੁਲੀਸ ਨੇ ਇਲਾਕੇ ਵਿੱਚ ਬੁਲਟ ਪਰੂਫ ਵਾਹਨਾਂ ਰਾਹੀਂ ਬਚਾਅ ਕਾਰਜ ਆਰੰਭੇ ਹੋਏ ਹਨ। ਇਸ ਵਿੱਚ ਜ਼ਖ਼ਮੀਆਂ ਨੂੰ ਹਸਪਤਾਲਾਂ ’ਚ ਪਹੁੰਚਾਇਆ ਜਾ ਰਿਹਾ ਹੈ ਤੇ ਲੋਕਾਂ ਨੂੰ ਇਸ ਇਲਾਕੇ ’ਚੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਬੀਐਸਐਫ਼ ਅਫ਼ਸਰ ਨੇ ਦੱਸਿਆ ਕਿ ਪੈਰਾਮਿਲਟਰੀ ਫੋਰਸਾਂ ਨੇ ਆਰਐਸ ਪੁਰਾ ਦੇ ਸਾਹਮਣੇ ਪਾਕਿਸਤਾਨੀ ਪੋਸਟ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਕੀਤਾ।
ਗੋਲੀਬੰਦੀ ਦੌਰਾਨ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਪਹਿਲਾ ਮੁਕਾਬਲਾ
ਸ੍ਰੀਨਗਰ - ਰਮਜ਼ਾਨ ਦੇ ਮਹੀਨੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਕੀਤੀ ਗੋਲੀਬੰਦੀ ਦੌਰਾਨ ਅੱਜ ਕੁਪਵਾੜਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਪਹਿਲਾ ਮੁਕਾਬਲਾ ਹੋਇਆ। ਇਕ ਫੌਜੀ ਅਫ਼ਸਰ ਨੇ ਦੱਸਿਆ ਕਿ ਕੁਪਵਾੜਾ ਦੇ ਹੰਦਵਾੜਾ ਇਲਾਕੇ ਦੇ ਜੰਗਲਾਂ ਵਿੱਚ ਇਹ ਮੁਕਾਬਲਾ ਹੋਇਆ ਹੈ।
ਜੰਮੂ ਕਸ਼ਮੀਰ ਵਿੱਚ ਸ਼ਾਂਤੀ ਲਈ ਸਹਿਯੋਗ ਦੇਵੇ ਪਾਕਿ: ਮਹਿਬੂਬਾ
ਜੰਮੂ - ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ਭਾਰਤ ਇਸ ਖਿੱਤੇ ਵਿੱਚ ਸ਼ਾਂਤੀ ਲਈ ਲਗਾਤਾਰ ਯਤਨ ਕਰ ਰਿਹਾ ਹੈ ਤੇ ਪਾਕਿਸਤਾਨ ਨੂੰ ਵੀ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਜੰਮੂ ਦੇ ਸਰਹੱਦੀ ਇਲਾਕਿਆਂ ਵਿੱਚ ਪਾਕਿਸਤਾਨ ਵੱਲੋਂ ਅੱਜ ਕੀਤੀ ਗੋਲੀਬਾਰੀ ਦੀ ਨਿੰਦਾ ਕੀਤੀ ਅਤੇ ਗੋਲੀਬਾਰੀ ਦੌਰਾਨ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਟਵੀਟ ਕੀਤਾ ਕਿ ਜੰਮੂ ਦੇ ਸਰਹੱਦੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਗੋਲੀਬਾਰੀ ਬੜੀ ਦੁਖਦਾਈ ਅਤੇ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਇਕ ਵੱਖਰੇ ਟਵੀਟ ਵਿੱਚ ਕਿਹਾ ਕਿ ਸਾਡਾ ਦੇਸ਼ ਵਾਦੀ ਵਿੱਚ ਸ਼ਾਂਤੀ ਲਈ ਅੱਗੇ ਹੋ ਕੇ ਕਦਮ ਚੁੱਕ ਰਿਹਾ ਹੈ। ਰਮਜ਼ਾਨ ਦੌਰਾਨ ਕੀਤੀ ਗੋਲੀਬੰਦੀ ਇਸ ਦੀ ਇਕ ਉਦਾਹਰਣ ਹੈ, ਪਰ ਪਾਕਿਸਤਾਨ ਨੇ ਇਸ ਪਵਿੱਤਰ ਮਹੀਨੇ ਦਾ ਵੀ ਸਨਮਾਨ ਨਹੀਂ ਕੀਤਾ।
ਪਾਕਿਸਤਾਨ ਵੱਲੋਂ ਭਾਰਤੀ ਹਾਈ ਕਮਿਸ਼ਨਰ ਤਲਬ
ਇਸਲਾਮਾਬਾਦ - ਪਾਕਿਸਤਾਨ ਨੇ ਭਾਰਤੀ ਫੌਜ ਵੱਲੋਂ ਸਰਹੱਦ ’ਤੇ ਕਥਿਤ ਗੋਲੀਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੂੰ ਤਲਬ ਕੀਤਾ ਹੈ। ਪਾਕਿ ਵਿਦੇਸ਼ ਮੰਤਰਾਲੇ ਦੇ ਦਫ਼ਤਰ ਨੇ ਬਿਆਨ ਜਾਰੀ ਕੀਤਾ ਕਿ ਵਿਦੇਸ਼ ਸਕੱਤਰ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ ਤੇ ਅੱਜ ਪਾਕਿਸਤਾਨ ਦੇ ਪੁਖ਼ਲਿਨ, ਛਪਰਾਰ, ਹਰਪਾਲ, ਚਰਵਾਹ ਅਤੇ ਸ਼ਕਰਗੜ੍ਹ ਸੈਕਟਰਾਂ ਵਿੱਚ ਭਾਰਤ ਵੱਲੋਂ ਕੀਤੀ ਗੋਲੀਬੰਦੀ ਦੀ ਨਿੰਦਾ ਕੀਤੀ ਹੈ। ਪਾਕਿ ਨੇ ਭਾਰਤੀ ਹਾਈ ਕਮਿਸ਼ਨ ਨੂੰ ਦੱਸਿਆ ਕਿ ਗੋਲੀਬੰਦੀ ਦੀ ਉਲੰਘਣਾ ਕਰਕੇ ਪਾਕਿਸਤਾਨ ਦੇ ਖ਼ਨੂਰ ਵਿੱਚ ਇਕ ਪਰਿਵਾਰ ਦੇ ਚਾਰ ਜੀ ਮਾਰੇ ਗਏ ਹਨ ਜਦੋਂ ਕਿ ਜਣੇ 10 ਫੱਟੜ ਹੋਏ ਹਨ।
 

 

 

fbbg-image

Latest News
Magazine Archive