ਬਿਆਸ ’ਚ ਘੜਿਆਲ ਸੁਰੱਖਿਅਤ, ਡੌਲਫਿਨ ਬਾਰੇ ਭੇਤ ਬਰਕਰਾਰ


ਅੰਮ੍ਰਿਤਸਰ - ਦਰਿਆ ਬਿਆਸ ਦੇ ਪਾਣੀ ਵਿੱਚ ਸੀਰਾ ਘੁਲਣ ਕਾਰਨ ਮੱਛੀਆਂ ਅਤੇ ਹੋਰ ਜੰਤੂਆਂ ਦੀ ਵੱਡੀ ਗਿਣਤੀ ਵਿੱਚ ਹੋਈ ਮੌਤ ਦੌਰਾਨ ਇਥੇ 47 ਘੜਿਆਲ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਪਰ ਡੌਲਫਿਨ ਬਾਰੇ ਅੱਜ ਵੀ ਕੋਈ ਪਤਾ ਨਹੀਂ ਲਗ ਸਕਿਆ।
ਜੰਗਲੀ ਜੀਵ ਵਿਭਾਗ ਦੇ ਚੀਫ ਕੰਜ਼ਰਵੇਟਰ ਕੁਲਦੀਪ ਕੁਮਾਰ ਦੀ ਅਗਵਾਈ ਹੇਠ ਅੱਜ ਅਧਿਕਾਰੀਆਂ ਦੀ ਇਕ ਟੀਮ ਨੇ ਦਰਿਆ ਬਿਆਸ ਦੇ ਉਪਰਲੇ ਵਹਾਅ ਵੱਲੋਂ ਹੇਠਲੇ ਵਹਾਅ ਵੱਲ ਦੌਰਾ ਕੀਤਾ ਹੈ। ਇਸ ਦੌਰਾਨ ਡੌਲਫਿਨਾਂ ਅਤੇ ਘੜਿਆਲਾਂ ਦਾ ਪਤਾ ਲਾਉਣ ਦਾ ਵੀ ਯਤਨ ਕੀਤਾ ਗਿਆ। ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਡੈਮ ਤੋਂ ਇਕ ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਪ੍ਰਦੂਸ਼ਿਤ ਪਾਣੀ ਇਸ ਇਲਾਕੇ ਵਿਚੋਂ ਨਿਕਲ ਗਿਆ ਹੈ ਅਤੇ ਹੁਣ ਇਥੇ ਜਲ ਜੀਵ ਸੁਰੱਖਿਅਤ ਹਨ। ਕੁਝ ਸਮਾਂ ਪਹਿਲਾਂ ਹੋਏ ਸਰਵੇਖਣ ਦੌਰਾਨ ਇਥੇ ਦਰਿਆ ਦੇ ਉਪਰਲੇ ਵਹਾਅ ਵੱਲ 8 ਡੌਲਫਿਨ ਦੇਖੀਆਂ ਗਈਆਂ ਸਨ। ਡੌਲਫਿਨ ਦੀ ਸਾਂਭ ਸੰਭਾਲ ਲਈ ਜੰਗਲੀ ਜੀਵ ਵਿਭਾਗਗ ਅਤੇ ਡਬਲਯੂਡਬਲਯੂਐਫ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਾਂਝੇ ਯਤਨ ਕੀਤੇ ਜਾ ਰਹੇ ਹਨ।
ਡਬਲਯੂਡਬਲਯੂਐਫ ਦੀ ਪੰਜਾਬ ਇਕਾਈ ਦੀ ਮੁਖੀ ਗੁਨਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਹੋਰ ਮਾਹਿਰਾਂ ਦੀ ਮਦਦ ਨਾਲ ਭਲਕੇ ਵੀ ਦਰਿਆ ਦੇ ਉਪਰਲੇ ਵਹਾਅ ਵੱਲ ਦੌਰਾ ਕੀਤਾ ਜਾਵੇਗਾ। ਉਨ੍ਹਾਂ ਦਰਿਆਵਾਂ ਦੇ ਪਾਣੀ ਸਨਅਤਾਂ ਦੀ ਰਹਿੰਦ ਖੂੰਹਦ ਅਤੇ ਰਸਾਇਣ ਸੁੱਟੇ ਜਾਣ ਉੱਤੇ ਚਿੰਤਾ ਪ੍ਰਗਟਾਈ।
ਚੰਡੀਗੜ੍ਹ - ਬਿਆਸ ਦਰਿਆ ’ਚ ਜ਼ਹਿਰੀਲਾ ਸੀਰਾ ਸੁੱਟਣ ਵਾਲੀਆਂ ਕੀੜੀ ਅਫਗਾਨਾ ਦੀਆਂ ਖੰਡ ਤੇ ਸ਼ਰਾਬ ਫੈਕਟਰੀ ਦੇ ਮਾਲਕਾਂ ਵਿਰੁੱਧ ਆਮ ਆਦਮੀ ਪਾਰਟੀ ਪੰਜਾਬ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਆਪ ਵੱਲੋਂ ਜਾਰੀ ਬਿਆਨ ’ਚ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਚੱਢਾ ਪਰਿਵਾਰ ਦੀਆਂ ਫ਼ੈਕਟਰੀਆਂ ਵੱਲੋਂ ਜ਼ਹਿਰੀਲਾ ਸੀਰਾ ਬਿਆਸ ਦਰਿਆ ਵਿੱਚ ਸੁੱਟ ਕੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਗੰਧਲਾ ਅਤੇ ਜ਼ਹਿਰੀਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਦਾ ਵਾਟਰ (ਪ੍ਰੀਵੈਨਸ਼ਨ ਐਂਡ ਕੰਟਰੋਲ ਆਫ਼ ਪਲਿਉਸ਼ਨ) ਐਕਟ 1974 ਤਹਿਤ ਪਾਣੀ ਦੇ ਕੁਦਰਤੀ ਸਰੋਤਾਂ ’ਚ ਥੁੱਕਣਾ ਵੀ ਅਪਰਾਧ ਹੈ, ਜਦਕਿ ਚੱਢਾ ਪਰਿਵਾਰ ਦੀ ਸ਼ਰਾਬ ਫ਼ੈਕਟਰੀ ਨੇ ਜ਼ਹਿਰ ਹੀ ਬਿਆਸ ਦਰਿਆ ਵਿੱਚ ਸੁੱਟਣ ਦਾ ਅਪਰਾਧ ਕੀਤਾ ਹੈ।
ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤੀ ਜਾਂਚ
ਲੁਧਿਆਣਾ - ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਿਗਿਆਨੀਆਂ ਡਾ. ਸਯੱਦ ਹਸਨ, ਡਾ. ਐਸਐਨ ਦੱਤਾ ਅਤੇ ਡਾ. ਮਨਦੀਪ ਸਿੰਘ ਬਲ ਨੇ ਅੰਮ੍ਰਿਤਸਰ ਦੇ ਡੀਸੀ ਕਮਲਜੀਤ ਸਿੰਘ ਸੰਘਾ ਦੇ ਸੱਦੇ ’ਤੇ ਬਿਆਸ ਦਰਿਆ ਦਾ ਦੌਰਾ ਕੀਤਾ। ਇਨ੍ਹਾਂ ਵਿਗਿਆਨੀਆਂ ਨੇ ਮੌਕੇ ’ਤੇ ਦੇਖਿਆ ਕਿ ਭੂਰੇ ਰੰਗ ਦਾ ਪਾਣੀ ਇਕ ਖੰਡ ਮਿੱਲ ਤੋਂ ਦਰਿਆ ਦੇ ਪਾਣੀ ਵਿੱਚ ਮਿਲਿਆ ਸੀ ਜੋ ਕਿ ਖੰਡ ਮਿਲ ਦੇ ‘ਸੀਰੇ’ ਕਾਰਣ ਬਣਿਆ ਸੀ ਅਤੇ ਦਰਿਆ ਦੇ 25-30 ਕਿਲੋਮੀਟਰ ਖੇਤਰ ਤੱਕ ਪਹੁੰਚਿਆ ਹੋਇਆ ਸੀ। ਮਰੀਆਂ ਮੱਛੀਆਂ ਵਿੱਚ ਵੱਡੇ ਆਕਾਰ ਦੀਆਂ ਕੈਟ ਫਿਸ਼ ਅਤੇ ਕਾਰਪ ਮੱਛੀਆਂ ਦੇ ਨਾਲ ਨਾਲ ਛੋਟੇ ਆਕਾਰ ਦੀਆਂ ਚੇਲਾ ਅਤੇ ਪੁੰਟਿਸ ਜਾਤੀ ਦੀਆਂ ਮੱਛੀਆਂ ਸ਼ਾਮਿਲ ਸਨ। ਵਿਗਿਆਨੀਆਂ ਨੇ ਪਾਣੀ ਦੇ ਨਮੂਨੇ ਲੈਣ ਦੇ ਨਾਲ ਨਾਲ ਮਰੀਆਂ ਮੱਛੀਆਂ ਦੇ ਨਮੂਨੇ ਵੀ ਲਏ। ਮੁੱਢਲੀ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਪਾਣੀ ਵਿੱਚ ਘੱਟ ਆਕਸੀਜਨ ਅਤੇ ਵਧੇਰੇ ਤੇਜ਼ਾਬ ਕਾਰਨ ਹੀ ਏਨੀ ਵੱਡੀ ਗਿਣਤੀ ਵਿੱਚ ਮੱਛੀਆਂ ਦੀ ਮੌਤ ਹੋਈ।

 

 

fbbg-image

Latest News
Magazine Archive