ਭਾਰਤ ਥੌਮਸ ਕੱਪ ਦਾ ਮਜ਼ਬੂਤ ਦਾਅਵੇਦਾਰ: ਬੀ ਸਾਈ ਪ੍ਰਣੀਤ


ਨਵੀਂ ਦਿੱਲੀ - ਥੌਮਸ ਕੱਪ ਵਿੱਚ ਭਾਰਤ ਇਸ ਵਾਰ ਨੌਜਵਾਨ ਖਿਡਾਰੀਆਂ ਦੀ ਟੀਮ ਨਾਲ ਉਤਰ ਰਿਹਾ ਹੈ। ਵਿਸ਼ਵ ਰੈਂਕਿੰਗਜ਼ ਦੇ 18ਵੇਂ ਨੰਬਰ ਦੇ ਖਿਡਾਰੀ ਬੀ ਸਾਈ ਪ੍ਰਣੀਤ ਨੂੰ ਲਗਦਾ ਹੈ ਕਿ ਟੀਮ ਨਾ ਸਿਰਫ਼ ਨਾਕਆਊਟ ਪੜਾਅ ਵਿੱਚ ਪਹੁੰਚੇਗੀ, ਸਗੋਂ ਤਗ਼ਮੇ ਦੀ ਵੀ ਦਾਅਵੇਦਾਰ ਹੈ।
ਭਾਰਤੀ ਟੀਮ ਇਸ ਟੂਰਨਾਮੈਂਟ ਵਿੱਚ ਤਿੰਨ ਵਾਰ ਨਾਕਆਊਟ ਵਿੱਚ ਨਹੀਂ ਪਹੁੰਚ ਸਕੀ। 2010 ਦੌਰਾਨ ਮਲੇਸ਼ੀਆ ਵਿੱਚ ਟੀਮ ਆਖ਼ਰੀ ਵਾਰ ਇਸ ਦੇ ਕੁਆਰਟਰ ਫਾਈਨਲ ਵਿੱਚ ਪਹੁੰਚੀ ਸੀ। ਪ੍ਰਣੀਤ ਇਸ ਗੱਲ ਬਾਰੇ ਆਸਵੰਦ ਹੈ ਕਿ ਐਤਵਾਰ ਤੋਂ ਬੈਂਕਾਕ ਵਿੱਚ ਸ਼ੁਰੂ ਹੋਣ ਵਾਲੇ ਥੌਮਸ ਕੱਪ ਵਿੱਚ ਟੀਮ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਪ੍ਰਣੀਤ ਨੇ ਕਿਹਾ, ‘‘ਜੇਕਰ ਅਸੀਂ ਸ੍ਰੀਕਾਂਤ ਅਤੇ ਸਾਤਵਿਕ-ਚਿਰਾਗ ਵਰਗੇ ਮਜ਼ਬੂਤ ਖਿਡਾਰੀਆਂ ਦੀ ਟੀਮ ਨਾਲ ਜਾਂਦੇ ਤਾਂ ਥਾਮਸ ਕੱਪ ਜਿੱਤਣ ਦਾ ਮੌਕਾ ਹੁੰਦਾ। ਇਸ ਵੇਲੇ ਸਾਡੀ ਟੀਮ ਨੌਜਵਾਨ ਹੈ ਅਤੇ ਅਸੀਂ ਤਗ਼ਮੇ ਨਾਲ ਸਵਦੇਸ਼ ਪਰਤ ਸਕਦੇ ਹਾਂ।’’
ਭਾਰਤ ਨੂੰ ਗਰੁੱਪ ਏ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਆਸਟਰੇਲੀਆ ਅਤੇ ਫਰਾਂਸ ਤੋਂ ਇਲਾਵਾ ਮਜ਼ਬੂਤ ਮੰਨੀ ਜਾਣ ਵਾਲੀ ਚੀਨ ਦੀ ਟੀਮ ਵੀ ਹੈ। ਐਚ ਐਸ ਪ੍ਰਣਯ, ਸਮੀਰ ਵਰਮਾ ਅਤੇ ਲਕਸ਼ਯ ਸੇਨ ਸਿੰਗਲਜ਼ ਟੀਮ ਵਿੱਚ ਭਾਰਤੀ ਚੁਣੌਤੀ ਪੇਸ਼ ਕਰਨਗੇ, ਜਦਕਿ ਡਬਲਜ਼ ਵਿੱਚ ਮਨੂ ਅੱਤਰੀ ਅਤੇ ਬੀ ਸੁਮਿਤ ਰੈੱਡੀ। ਡਬਲਜ਼ ਵਿੱਚ ਅਰਜੁਨ ਐਮਆਰ ਅਤੇ ਰਾਮਚੰਦਰਨ ਅਤੇ ਸ਼ਲੋਕ ਵੀ ਟੀਮ ਦਾ ਹਿੱਸਾ ਹੋਣਗੇ। 

 

Latest News
Magazine Archive