ਕਰਨਾਟਕ: ਰਾਜ ਭਵਨ ਤੋਂ ਸੁਪਰੀਮ ਕੋਰਟ ਪੁੱਜੀ ਸੱਤਾ ਦੀ ਲੜਾਈ


ਨਵੀਂ ਦਿੱਲੀ/ਬੰਗਲੌਰ - ਕਰਨਾਟਕ ਦੀ ਸੱਤਾ ਦੀ ਲੜਾਈ ਬੰਗਲੌਰ ਸਥਿਤ ਰਾਜ ਭਵਨ ਹੁੰਦੀ ਹੋਈ ਅੱਜ ਦੇਰ ਰਾਤ ਸੁਪਰੀਮ ਕੋਰਟ ਪੁੱਜ ਗਈ। ਦੇਰ ਸ਼ਾਮ ਰਾਜਪਾਲ ਵਜੂਭਾਈ ਵਾਲਾ ਵੱਲੋਂ ਬਹੁਮਤ ਵਾਲੇ ਜੇਡੀ(ਐਸ)-ਕਾਂਗਰਸ ਗੱਠਜੋੜ ਦੀ ਥਾਂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਭਾਜਪਾ ਦੇ ਆਗੂ ਬੀ.ਐਸ. ਯੇਡੀਯੁਰੱਪਾ ਨੂੰ ਸਰਕਾਰ ਬਣਾਉਣ ਲਈ ਸੱਦੇ ਜਾਣ ਖ਼ਿਲਾਫ਼ ਕਾਂਗਰਸ ਤੇ ਜੇਡੀ(ਐਸ) ਨੇ ਸੁਪਰੀਮ ਕੋਰਟ ਦਾ ਬੂਹਾ ਖੜਕਾ ਦਿੱਤਾ। ਕਾਂਗਰਸ ਨੇ ਰਾਜਪਾਲ ਦੇ ਫ਼ੈਸਲੇ ਨੂੰ ‘ਸੰਵਿਧਾਨ ਦਾ ਕਤਲ’ ਕਰਾਰ ਦਿੰਦਿਆਂ ਸੁਪਰੀਮ ਕੋਰਟ ਨੂੰ ਮਾਮਲੇ ਦੀ ਫ਼ੌਰੀ ਸੁਣਵਾਈ ਦੀ ਅਪੀਲ ਕੀਤੀ।
ਕਾਂਗਰਸ-ਜੇਡੀ(ਐਸ) ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਮਨੂੰ ਸਿੰਘਵੀ ਨੇ ਚੀਫ਼ ਜਸਟਿਸ (ਸੀਜੇਆਈ) ਦੀਪਕ ਮਿਸ਼ਰਾ ਨੂੰ ਅਪੀਲ ਕੀਤੀ ਕਿ ਪਟੀਸ਼ਨ ਦੀ ਰਾਤ ਵੇਲੇ ਹੀ ਸੁਣਵਾਈ ਕੀਤੀ ਜਾਵੇ। ਸੀਜੇਆਈ ਨੇ ਦੇਰ ਰਾਤ 1.45 ਵਜੇ ਸੁਣਵਾਈ ਲਈ ਹਾਮੀ ਭਰਦਿਆਂ ਜਸਟਿਸ ਏ.ਕੇ. ਸੀਕਰੀ, ਜਸਟਿਸ ਐਸ.ਏ. ਬੋਬਡੇ ਤੇ ਜਸਟਿਸ ਅਸ਼ੋਕ ਭੂਸ਼ਣ ਉਤੇ ਆਧਾਰਿਤ ਤਿੰਨ ਮੈਂਬਰੀ ਬੈਂਚ ਕਾਇਮ ਕਰ ਦਿੱਤਾ।
ਬੈਂਚ ਅੱਗੇ ਸੁਣਵਾਈ ਦੌਰਾਨ ਸ੍ਰੀ ਸਿੰਘਵੀ ਨੇ ਦਲੀਲ ਦਿੱਤੀ ਕਿ ਜੇਡੀ(ਐਸ)-ਕਾਂਗਰਸ ਕੋਲ 117 ਵਿਧਾਇਕ ਹਨ, ਜਦੋਂਕਿ ਭਾਜਪਾ ਕੋਲ ਮਹਿਜ਼ 104 ਵਿਧਾਇਕ ਹਨ। ਪਰ ਬੈਂਚ ਵੱਲੋਂ ਮੰਗੇ ਜਾਣ ’ਤੇ ਸ੍ਰੀ ਸਿੰਘਵੀ ਹਮਾਇਤ ਸਬੰਧੀ ਵਿਧਾਿੲਕਾਂ ਦੇ ਦਸਤਖਤਾਂ ਵਾਲੀ ਚਿੱਠੀ ਪੇਸ਼ ਨਾ ਕਰ ਸਕੇ। ਉਨ੍ਹਾਂ ਸਰਕਾਰੀਆ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਤੇ ਗੋਆ ਵਿੱਚ ਸਰਕਾਰ ਦੀ ਕਾਇਮੀ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਗੋਆ ਵਿੱਚ ਕਾਂਗਰਸ ਨੂੰ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਸਰਕਾਰ ਬਣਾਉਣ ਲਈ ਨਹੀਂ ਸੀ ਸੱਦਿਆ ਗਿਆ ਪਰ ਸੁਪਰੀਮ ਕੋਰਟ ਨੇ ਰਾਜਪਾਲ ਵੱਲੋਂ ਬਹੁਮਤ ਵਾਲੇ ਗਰੁੱਪ ਨੂੰ ਸੱਦਣ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਸੀ। ਰਾਜਪਾਲ ਦੀ ਨੀਅਤ ਉਤੇ ਸ਼ੱਕ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਯੇਡੀਯੁਰੱਪਾ ਨੇ ਬਹੁਮਤ ਸਾਬਤ ਕਰਨ ਲਈ ਸੱਤ ਦਿਨ ਮੰਗੇ ਸਨ ਪਰ ਰਾਜਪਾਲ ਨੇ ਉਨ੍ਹਾਂ ਨੂੰ 15 ਦਿਨ ਦੇ ਦਿੱਤੇ। ਉਨ੍ਹਾਂ ਰਾਜਪਾਲ ਵੱਲੋਂ ਸ੍ਰੀ ਯੇਡੀਯੁਰੱਪਾ ਨੂੰ ਰਾਤ 9 ਵਜੇ ਸੱਦਾ ਦਿੱਤੇ ਜਾਣ ’ਤੇ ਵੀ   ਸਵਾਲ ਉਠਾਏ।
ਅਦਾਲਤ ’ਚ ਭਾਜਪਾ ਤੇ ਸ੍ਰੀ ਯੇਡੀਯੁਰੱਪਾ ਵੱਲੋਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਅਤੇ ਕੇਂਦਰ ਸਰਕਾਰ ਵੱਲੋਂ ਐਡੀਸ਼ਨਲ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਪੇਸ਼ ਹੋਏ। ਬਾਅਦ ਵਿੱਚ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਵੀ ਅਦਾਲਤ ਵਿੱਚ ਪੁੱਜ ਗਏ। ਸ੍ਰੀ ਰੋਹਤਗੀ ਨੇ ਬੈਂਚ ਅੱਗੇ ਦਲੀਲ ਦਿੱਤੀ ਕਿ ਰਾਜਪਾਲ ਦੇ ਹੁਕਮਾਂ ਉਤੇ ਰੋਕ ਨਹੀਂ ਲਾਈ ਜਾ ਸਕਦੀ ਅਤੇ ਬਹੁਮਤ ਦਾ ਫ਼ੈਸਲਾ ਸਦਨ ਦੇ ਅੰਦਰ ਹੀ ਹੋ ਸਕਦਾ ਹੈ। ਆਖ਼ਰੀ ਰਿਪੋਰਟ ਮਿਲਣ ਤੱਕ ਸੁਣਵਾਈ ਜਾਰੀ ਹੈ।
ਉੱਧਰ, ਕਰਨਾਟਕ ਵਿੱਚ ਦਿਨ ਭਰ ਜਾਰੀ ਸਿਆਸੀ ਰੱਸਾਕਸ਼ੀ ਤੋਂ ਬਾਅਦ ਦੇਰ ਰਾਤ ਰਾਜਪਾਲ ਸ੍ਰੀ ਵਾਲਾ ਨੇ ਭਾਜਪਾ ਵਿਧਾਇਕ ਦਲ ਦੇ ਆਗੂ ਬੀ.ਐਸ. ਯੇਦੀਯੁਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ। ਸ੍ਰੀ ਯੇਦੀਯੁਰੱਪਾ ਵੱਲੋਂ ਵੀਰਵਾਰ ਸਵੇਰੇ 9.00 ਵਜੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਐਲਾਨ ਕੀਤਾ ਗਿਆ। ਭਾਜਪਾ ਦੇ ਜਨਰਲ ਸਕੱਤਰ ਮੁਰਲੀਧਰ ਰਾਓ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀ ਯੇਡੀਯੁਰੱਪਾ ਇਕੱਲੇ ਹੀ ਹਲਫ਼ ਲੈਣਗੇ। ਉਨ੍ਹਾਂ ਨੂੰ ਅਹੁਦਾ ਸੰਭਾਲਣ ਦੇ 15 ਦਿਨਾਂ ਬਾਅਦ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰਨ ਲਈ ਕਿਹਾ ਗਿਆ।
ਰਾਜਪਾਲ ਦੇ ਇਸ ਕਦਮ ’ਤੇ ਟਿੱਪਣੀ ਕਰਦਿਆਂ ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ, ‘‘ਵਜੂਭਾਈ ਵਾਲਾ ਨੇ ਰਾਜ ਭਵਨ ਦੀ ਮਾਣ-ਮਰਿਆਦਾ ਮਿੱਟੀ ਵਿੱਚ ਮਿਲਾ ਦਿੱਤੀ ਹੈ ਅਤੇ ਸੰਵਿਧਾਨ ਤੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦਿਆਂ ਭਾਜਪਾ ਦੀ ਕਠਪੁਤਲੀ ਵਾਂਗ ਕੰਮ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਸੰਵਿਧਾਨ ਦੀ ਥਾਂ ‘ਭਾਜਪਾ ਵਿਚਲੇ ਆਪਣੇ ਆਕਾਵਾਂ’ ਨੂੰ ਤਰਜੀਹ ਦਿੱਤੀ ਹੈ। ਜੇਡੀ(ਐਸ) ਦੇ ਐਚ.ਡੀ. ਕੁਮਾਰਸਵਾਮੀ ਨੇ ਵੀ ਰਾਜਪਾਲ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ, ‘‘ਅਸੀਂ ਸੌਖੇ ਜਿਹੇ ਹਾਰ ਨਹੀਂ ਮੰਨਾਂਗੇ।’’
ਪਹਿਲਾਂ ਅੱਜ ਸਵੇਰੇ ਸ੍ਰੀ ਯੇਦੀਯੁਰੱਪਾ ਨੂੰ ਭਾਜਪਾ ਵਿਧਾਨਕਾਰ ਗਰੁੱਪ ਦਾ ਆਗੂ ਚੁਣ ਲਿਆ ਗਿਆ। ਦੂਜੇ ਪਾਸੇ ਜੇਡੀ(ਐਸ) ਦੇ ਐਚ.ਡੀ. ਕੁਮਾਰਸਵਾਮੀ ਵੀ ਆਪਣੀ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਚੁਣੇ ਗਏ। ਆਗੂ ਚੁਣੇ ਜਾਣ ਤੋਂ ਫੌਰੀ ਬਾਅਦ ਦੋਵੇਂ ਆਗੂ ਰਾਜ ਭਵਨ ਪੁੱਜੇ ਸਰਕਾਰ ਬਣਾਉਣ ਲਈ ਆਪੋ-ਆਪਣੇ ਦਾਅਵੇ ਪੇਸ਼ ਕੀਤੇ।
ਇਸ ਦੌਰਾਨ ਕੁਮਾਰਸਵਾਮੀ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਉਨ੍ਹਾਂ ਦੇ ਵਿਧਾਇਕਾਂ ਨੂੰ ਤੋੜਨ ਲਈ 100 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। ਅਹੁਦਾ ਛੱਡ ਰਹੇ ਮੁੱਖ ਮੰਤਰੀ ਸਿੱਧਾਰਮਈਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਭਾਜਪਾ ਨੂੰ ਕਰਨਾਟਕ ਦੇ ਸਿੰਘਾਸਨ ’ਤੇ ਪਹੁੰਚਾਣ ਲਈ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਨੂੰ ਸ਼ਹਿ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜੇਡੀ(ਐਸ)-ਕਾਂਗਰਸ ਗੱਠਜੋੜ ਕੋਲ ਚੋਣ ਤੋਂ ਪਹਿਲੇ ਆਪਣੀ ਸਹਿਯੋਗੀ ਬਸਪਾ ਸਹਿਤ 116 ਵਿਧਾਇਕ ਹਨ। ਉਨ੍ਹਾਂ ਇਹ ਵੀ ਕਿਹਾ ਕਿ 12 ਸਾਲ ਪਹਿਲਾਂ ਉਨ੍ਹਾਂ ਭਾਜਪਾ ਦਾ ਸਾਥ ਦੇ ਕੇ ਵੱਡੀ ਭੁੱਲ ਕੀਤੀ ਸੀ ਜਿਸ ਕਰ ਕੇ ਲੋਕਾਂ ਨੂੰ ਉਨ੍ਹਾਂ ਦੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਦੇ ਧਰਮ ਨਿਰਪੱਖ ਕਿਰਦਾਰ ’ਤੇ ਕਿੰਤੂ ਕਰਨ ਦਾ ਮੌਕਾ ਮਿਲ ਗਿਆ ਸੀ। ਉਨ੍ਹਾਂ ਕਿਹਾ ‘‘ ਰੱਬ ਨੇ ਹੁਣ ਮੈਨੂੰ ਉਹ ਦਾਗ ਧੋਣ ਦਾ ਮੌਕਾ ਦਿੱਤਾ ਹੈ।’’
ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਇਸ ਨੂੰ ਮਹਿਜ਼ ਖ਼ਾਮ-ਖਿਆਲੀ ਕਰਾਰ ਦਿੱਤਾ। ਉਨ੍ਹਾਂ ਕਿਹਾ, ‘‘100 ਕਰੋੜ, 200 ਕਰੋੜ ਦੀਆਂ ਇਹ ਗੱਲਾਂ ਖਾਮ ਖਿਆਲੀ ਹਨ।’’
ਸਿੱਧਾਰਮਈਆ ਸਰਕਾਰ ਵਿੱਚ ਮਾਲਦਾਰ ਮੰਤਰੀ ਰਹੇ ਡੀਕੇ ਸ਼ਿਵਕੁਮਾਰ ਜਿਨ੍ਹਾਂ ਗੁਜਰਾਤ ਦੇ ਪਾਰਟੀ ਵਿਧਾਇਕਾਂ ਨੂੰ ਰਾਜ ਸਭਾ ਦੀ ਚੋਣ ਵੇਲੇ ਗੁਜਰਾਤ ਵਿੱਚ ਪਾਰਟੀ ਵਿਧਾਇਕਾਂ ਨੂੰ ਟੁੱਟਣ ਤੋਂ ਬਚਾਉਣ ਲਈ ਆਪਣੇ ਰਿਜ਼ੌਰਟ ਵਿੱਚ ਠਹਿਰਾਇਆ ਸੀ, ਨੇ ਦਾਅਵਾ ਕੀਤਾ ਕਿ ਪਾਰਟੀ ਦੇ ਸਾਰੇ ਵਿਧਾਇਕ ਕਾਂਗਰਸ ਦੇ ਨਾਲ ਖੜ੍ਹੇ ਹਨ।    
ਭਾਜਪਾ ਆਗੂ ਨੇ ਪਹਿਲਾਂ ਹੀ ਕਰ ਦਿੱਤਾ ਸੀ ਹਲਫ਼ਦਾਰੀ ਦਾ ਐਲਾਨ
ਬੰਗਲੌਰ - ਭਾਜਪਾ ਦੇ ਸੂਬਾਈ ਤਰਜਮਾਨ ਸੁਰੇਸ਼ ਕੁਮਾਰ ਨੇ ਅੱਜ ਇਕ ਟਵੀਟ ਰਾਹੀਂ ਦਾਅਵਾ ਕੀਤਾ ਕਿ ਬੀਐਸ ਯੇਡੀਯੁਰੱਪਾ ਵੀਰਵਾਰ ਸਵੇਰੇ 9.00 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਇਹ ਟਵੀਟ ਹਟਾ ਵੀ ਦਿੱਤਾ, ਜਦੋਂਕਿ ਦੇਰ ਸ਼ਾਮ ਸ੍ਰੀ  ਯੇਡੀਯੁਰੱਪਾ ਨੂੰ ਰਾਜਪਾਲ ਵੱਲੋਂ ਸਰਕਾਰ ਬਣਾਉਣ ਲਈ ਸੱਦੇ ਜਾਣ ਤੇ ਉਨ੍ਹਾਂ ਵੱਲੋਂ ਸਵੇਰੇ 9.00 ਵਜੇ ਹੀ ਸਹੁੰ ਚੁੱਕੇ ਜਾਣ ਦਾ ਐਲਾਨ ਹੋਣ ਨਾਲ ਇਹ ਗੱਲ ਸੱਚ ਵੀ ਸਾਬਤ ਹੋਈ ਹੈ। ਕਰਨਾਟਕ ਕਾਂਗਰਸ ਦੇ ਤਰਜਮਾਨ ਨੇ ਇਸ ’ਤੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਦੀ ਹੱਤਿਆ ਤੇ ਸੰਵਿਧਾਨ ਨੂੰ ਲਤਾੜਨ ਦੇ ਸਮਾਨ ਹੈ।    

 

 

fbbg-image

Latest News
Magazine Archive