ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਖ਼ੁਦ ਨੂੰ ਅਜ਼ਮਾਉਣ ਦਾ ਮੌਕਾ: ਲਾਕੜਾ


ਨਵੀਂ ਦਿੱਲੀ - ਏਸ਼ਿਆਈ ਮਹਿਲਾ ਚੈਂਪੀਅਨਜ਼ ਟਰਾਫ਼ੀ ਵਿੱਚ ਭਾਰਤੀ ਟੀਮ ਦੀ ਅਗਵਾਈ ਕਰ ਰਹੀ ਰੱਖਿਆ ਲਾਈਨ ਦੀ ਖਿਡਾਰਨ ਸੁਨੀਤਾ ਲਾਕੜਾ ਨੇ ਕਿਹਾ ਕਿ ਦੱਖਣੀ ਕੋਰੀਆ ਦੇ ਡੋਂਗੀ ਸ਼ਹਿਰ ਵਿੱਚ 13 ਮਈ ਤੋਂ ਹੋਣ ਵਾਲੇ ਇਸ ਮੁਕਾਬਲੇ ਵਿੱਚ ਟੀਮ ਨੂੰ ਅਗਸਤ ਵਿੱਚ ਹੋ ਰਹੀਆ ਏਸ਼ਿਆਈ ਖੇਡਾਂ ’ਚ ਖੁ਼ਦ ਦੀ ਅਜ਼ਮਾਇਸ਼ ਦਾ ਮੌਕਾ ਮਿਲੇਗਾ। ਨਿਯਮਤ ਕਪਤਾਨ ਰਾਨੀ ਨੂੰ ਆਰਾਮ ਦਿੱਤੇ ਜਾਣ ਕਰਕੇ ਟੀਮ ਦੀ ਅਗਵਾਈ ਕਰ ਰਹੀ ਲਾਕੜਾ ਨੇ ਕਿਹਾ ਕਿ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਮਿਲਿਆ ਸਵੈ-ਭਰੋਸਾ ਇਸ ਮੁਕਾਬਲੇ ਵਿੱਚ ਮਦਦਗਾਰ ਸਾਬਤ ਹੋਵੇਗਾ। ਭਾਰਤੀ ਟੀਮ ਇਨ੍ਹਾਂ ਖੇਡਾਂ ’ਚ ਚੌਥੇ ਸਥਾਨ ’ਤੇ ਰਹੀ ਸੀ।
ਲਾਕੜਾ ਨੇ ਬੀਤੀ ਰਾਤ ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਕਿਹਾ, ‘ਸਾਨੂੰ (ਰਾਸ਼ਟਰਮੰਡਲ ਖੇਡਾਂ) ’ਚ ਤਗ਼ਮੇ ਦੀ ਆਸ ਸੀ, ਪਰ ਅਸੀਂ ਆਸਟਰੇਲੀਆ ਤੇ ਇੰਗਲੈਂਡ ਜਿਹੀਆਂ ਟੀਮਾਂ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕੀਤਾ। ਅਸੀਂ ਇਸੇ ਸਵੈ-ਭਰੋਸੇ ਨਾਲ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਖੇਡਣ ਲਈ ਜਾ ਰਹੇ ਹਾਂ, ਜਿਸ ਵਿੱਚ ਸਾਨੂੰ ਜਕਾਰਤਾ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਤੋਂ ਪਹਿਲਾਂ ਖ਼ੁਦ ਨੂੰ ਅਜ਼ਮਾਉਣ ਦਾ ਮੌਕਾ ਮਿਲੇਗਾ।’ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਵਿੱਚ ਭਾਰਤ ਤੋਂ ਇਲਾਵਾ ਮੇਜ਼ਬਾਨ ਦੱਖਣੀ ਕੋਰੀਆ, ਜਾਪਾਨ, ਚੀਨ ਤੇ ਮਲੇਸ਼ੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ ਜਾਪਾਨ ਖਿਲਾਫ਼ ਕਰੇਗਾ। ਭਾਰਤ ਨੇ 2016 ਦੇ ਖਿਤਾਬੀ ਮੁਕਾਬਲੇ ਵਿੱਚ ਚੀਨ ਨੂੰ 2-1 ਦੀ ਸ਼ਿਕਸਤ ਦਿੰਦਿਆਂ ਪਹਿਲੀ ਵਾਰ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਆਪਣੀ ਝੋਲੀ ਪਾਈ ਸੀ। ਕਪਤਾਨ ਲਾਕੜਾ ਨੂੰ ਯਕੀਨ ਹੈ ਕਿ ਟੀਮ ਲਈ ਇਹ ਟੂਰਨਾਮੈਂਟ ਯਾਦਗਾਰ ਸਾਬਤ ਹੋਵੇਗਾ। ਭਾਰਤੀ ਟੀਮ ਨੂੰ ਹਾਲਾਂਕਿ ਤਜਰਬੇਕਾਰ ਕਪਤਾਨ ਰਾਣੀ, ਫਾਰਵਰਡ ਲਾਈਨ ਦੀ ਖਿਡਾਰਨ ਪੂਨਮ ਰਾਣੀ ਤੇ ਰੱਖਿਅਕ ਸੁਸ਼ੀਲਾ ਚਾਨੂੰ ਦੀ ਕਮੀ ਰੜਕੇਗੀ, ਪਰ ਲਾਕੜਾ ਨੇ ਕਿਹਾ ਕਿ ਇਸ ਨਾਲ ਟੀਮ ਦਾ ਆਪਣੇ ਖਿਤਾਬ ਦਾ ਬਚਾਅ ਕਰਨ ਦਾ ਟੀਚਾ ਕਮਜ਼ੋਰ ਨਹੀਂ ਪਿਆ ਹੈ। ਉਸ ਨੇ ਕਿਹਾ, ‘ਹਾਂ ਉਨ੍ਹਾਂ ਦੀ ਗੈਰਹਾਜ਼ਰੀ ਰੜਕੇਗੀ, ਪਰ ਟੀਮ ਤਜਰਬੇਕਾਰ ਤੇ ਨੌਜਵਾਨ ਖਿਡਾਰਨਾਂ ਦਾ ਮਿਸ਼ਰਨ ਹੈ। ਯੁਵਾ ਖਿਡਾਰੀਆਂ ਨੂੰ ਪਿਛਲੇ ਇਕ ਸਾਲ ਤੋਂ ਕੌਮਾਂਤਰੀ ਮੈਚ ਖੇਡਣ ਦਾ ਚੰਗਾ ਤਜਰਬਾ ਹੈ, ਅਸੀਂ ਇਕ ਦੂਜੇ ਦੇ ਕਮਜ਼ੋਰ  ਪੱਖਾਂ ਨੂੰ ਬਾਖੂਬੀ ਜਾਣਦੇ ਹਾਂ। ਇਹ ਵਿਸ਼ਵ ਕੱਪ ਤੇ ਏਸ਼ਿਆਈ ਖੇਡਾਂ ਵਿੱਚ ਆਪਣੀ ਖੇਡ ਵਿਖਾਉਣ ਦਾ ਨੌਜਵਾਨਾਂ ਲਈ ਚੰਗਾ ਮੰਚ ਹੋਵੇਗਾ। ਟੀਮ ਨੇ ਪਿਛਲੇ ਤਿੰਨ ਹਫ਼ਤਿਆਂ ’ਚ ਸਾਈ ਬੰਗਲੌਰ ਵਿੱਚ ਚੰਗੀ ਤਿਆਰੀ ਕੀਤੀ ਹੈ ਤੇ ਅਸੀਂ ਚੰਗੇ ਪ੍ਰਦਰਸ਼ਨ ਲਈ ਵਚਨਬੱਧ ਹਾਂ।’
 

 

 

fbbg-image

Latest News
Magazine Archive