ਗ੍ਰੰਥਗੜ੍ਹ ਵਿੱਚ ਚਚੇਰੇ ਭੈਣ ਭਰਾ ਦੀ ਭੇਤਭਰੀ ਮੌਤ


ਬਟਾਲਾ - ਇੱਥੋਂ ਥੋੜ੍ਹੀ ਦੂਰ ਪਿੰਡ ਗ੍ਰੰਥਗੜ੍ਹ ਵਿੱਚ ਕਥਿਤ ਤੌਰ ਉੱਤੇ ਬਿਮਾਰ ਤਿੰਨ ਬੱਚਿਆਂ ਵਿੱਚੋਂ ਦੋ ਦੀ ਰਾਤ ਨੂੰ ਮੌਤ ਹੋ ਗਈ ਹੈ। ਦੋਵੇਂ ਮਿ੍ਤਕ ਚਚੇਰੇ ਭੈਣ ਭਰਾ ਸਨ। ਮ੍ਰਿਤਕਾਂ ਦੇ ਦਾਦਾ ਸਤਨਾਮ ਸਿੰਘ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਸਭ ਬੱਚੇ ਠੀਕ ਠਾਕ ਸਨ,ਪਰ ਰਾਤ ਨੂੰ ਦੁੱਧ ਪਿਲਾਉਣ ਤੋਂ ਬਾਅਦ ਦੇਰ ਰਾਤ ਹਾਲਤ ਵਿਗੜਨ ਲੱਗ ਪਈ। ਇਸ ਘਟਨਾ ਵਿੱਚ ਅਰਸ਼ਦੀਪ ਕੌਰ (9) ਪੁੱਤਰੀ ਹਰਜਿੰਦਰ ਸਿੰਘ ਅਤੇ ਧਰਮਵੀਰ ਸਿੰਘ (5) ਪੁੱਤਰ ਵਜ਼ੀਰ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਧਰਮਵੀਰ ਸਿੰਘ ਦੇ ਭਰਾ ਰਾਜਬੀਰ ਸਿੰਘ (10) ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਹੈ, ਜਿੱਥੇ ਉਸ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਅਰਸ਼ਦੀਪ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਗ੍ਰੰਥਗੜ੍ਹ ਵਿੱਚ ਦੂਸਰੀ ਜਮਾਤ ਦੀ ਵਿਦਿਆਰਥਣ ਸੀ।
ਪੀੜਤ ਪਰਿਵਾਰ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਸਭ ਬੱਚੇ ਖੇਡ ਕੇ ਘਰ ਆਏ ਸਨ। ਬੱਚਿਆਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਦੁਕਾਨ ਤੋਂ ਪਹਿਲਾਂ ਕੁਰਕਰੇ ਖਾਧੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਗਿਆਰਾਂ ਵਜੇ ਦੇ ਕਰੀਬ ਅਰਸ਼ਦੀਪ ਕੌਰ ਦੀ ਹਾਲਤ ਗੰਭੀਰ ਹੋ ਗਈ ਜਦੋਂ ਕਿ ਨਾਲ ਦੇ ਕਮਰੇ ’ਚ ਧਰਮਵੀਰ ਸਿੰਘ ਅਤੇ ਰਾਜਬੀਰ ਸਿੰਘ ਦੀ ਹਾਲਤ ਵੀ ਵਿਗੜਨ ਲੱਗ ਪਈ। ਬਿਮਾਰ ਬੱਚਿਆਂ ਨੂੰ ਪਹਿਲਾ ਵਡਾਲਾ ਗ੍ਰੰਥੀਆਂ ਤੇ ਬਾਅਦ ਵਿੱਚ ਸਿਵਲ ਹਸਪਤਾਲ ਬਟਾਲਾ ਲਿਆਂਦਾ ਗਿਆ, ਜਿੱਥੇ ਅਰਸ਼ਦੀਪ ਅਤੇ ਧਰਮਵੀਰ ਦੋਵਾਂ ਦੀ ਮੌਤ ਹੋ ਗਈ ਜਦੋਂ ਕਿ ਰਾਜਬੀਰ ਸਿੰਘ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕੀਤਾ ਗਿਆ। ਪੀੜਤ ਦੇ ਦਾਦਾ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਜਾਂ ਗੁਆਂਢ ਵਿੱਚ ਕਿਸੇ ਨਾਲ ਕੋਈ ਦੁਸ਼ਮਣੀ ਤੱਕ ਨਹੀਂ ਹੈ।  ਇਹ ਵੀ ਦੱਸਿਆ ਕਿ  ਉਸਦੇ ਪੰਜ ਪੁੱਤਰ ਇਕੱਠੇ ਰਹਿੰਦੇ ਹਨ। ਇਨ੍ਹਾਂ ਵਿੱਚ ਅਰਸ਼ਦੀਪ ਦਾ ਪਿਤਾ ਦੁਬਈ ਰਹਿੰਦਾ ਹੈ, ਜਿਸ ਦੇ ਸ਼ਨਿਚਰਵਾਰ ਨੂੰ ਆਉਣ ‘ਤੇ ਮ੍ਰਿਤਕਾਂ ਦਾ ਸਸਕਾਰ ਕੀਤਾ ਜਾਵੇਗਾ। ਉਧਰ ਵਡਾਲਾ ਗ੍ਰੰਥੀਆਂ ਦੇ ਚੌਕੀ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਲਿਖਤੀ ਰੂਪ ਵਿੱਚ ਦੇਣ ‘ਤੇ ਮ੍ਰਿਤਕਾਂ ਦਾ ਪੋਸਟ ਮਾਰਟਮ ਨਹੀਂ ਕਰਵਾਇਆ ਜਾ ਰਿਹਾ।
ਗ੍ਰੰਥਗੜ੍ਹ ’ਚ ਦਹਿਸ਼ਤ
ਬਟਾਲਾ - ਦੋ ਬੱਚਿਆਂ ਦੀ ਹੋਈ ਮੌਤ ਨੂੰ ਮੀਜ਼ਲ-ਰੁਬੈਲਾ ਟੀਕਾਕਰਨ ਮੁਹਿੰਮ ਦੀਆਂ ਅਫ਼ਵਾਹਾਂ ਨਾਲ ਜੋੜੇ ਜਾਣ ਮਗਰੋਂ ਨਿੱਜੀ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਮਾਪਿਆਂ ਦਾ ਤਾਂਤਾ ਲੱਗਿਆ ਰਿਹਾ ਤੇ ਕਈ ਮਾਪੇ ਬੱਚਿਆਂ ਨੂੰ ਬਿਨਾਂ ਕਿਸੇ ਕਾਰਨ ਘਰ ਵਾਪਸ ਲੈ ਗਏ। ਇਸ ਦੌਰਾਨ ਸਿੱਖਿਆ ਵਿਭਾਗ ਲੋਕਾਂ ਦੀ ਤਸੱਲੀ ਕਰਾਉਣ ਵਿੱਚ ਲੱਗਾ ਰਿਹਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸਲਵਿੰਦਰ ਸਿੰਘ ਸਮਰਾ ਨੇ ਅਧਿਆਪਕਾਂ ਨੂੰ ਮਾਪਿਆਂ ਨੂੰ ਅਫ਼ਵਾਹਾਂ ਤੋਂ ਸੁਚੇਤ ਕਰਨ ਦੀ ਅਪੀਲ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਵਡਾਲਾ ਗ੍ਰੰਥੀਆਂ ਦੇ ਪ੍ਰਿੰਸੀਪਲ ਕੁਲਵੰਤ ਸਿੰਘ ਸਰਾਂ ਨੇ ਦੱਸਿਆ ਕਿ ਸੈਂਕੜੇ ਬੱਚਿਆਂ ਦੇ ਮਾਪੇ ਅੱਜ ਦਿਨ ਭਰ ਸਕੂਲ ਦੇ ਗੇੜੇ ਮਾਰਦੇ ਰਹੇ। ਅਜਿਹੇ ਹੀ ਹਾਲਾਤ ਨੇੜਲੇ ਪਿੰਡ ਥਿੰਦ, ਲੋਹਚੱਪ, ਭਾਗੀਆਂ, ਨੰਗਰ ਬੁੱਟਰ, ਸਿੱਧਵਾਂ, ਅਵਾਂਣ, ਧੰਨੇ ਅਤੇ ਹੋਰਨਾਂ ਸਕੂਲਾਂ ’ਚ ਦੇਖਣ ਨੂੰ ਮਿਲੇ।

 

Latest News
Magazine Archive