ਕਵਿੰਦਰ ਗੁਪਤਾ ਬਣੇ ਜੰਮੂ ਕਸ਼ਮੀਰ ਦੇ ਨਵੇਂ ਉਪ ਮੁੱਖ ਮੰਤਰੀ


ਜੰਮੂ - ਜੰਮੂ ਕਸ਼ਮੀਰ ’ਚ ਮਹਿਬੂਬਾ ਮੁਫ਼ਤੀ ਦੀ ਅਗਵਾਈ ਹੇਠਲੀ ਪੀਡੀਪੀ-ਭਾਜਪਾ ਸਰਕਾਰ ’ਚ ਅੱਜ ਫੇਰਬਦਲ ਦੌਰਾਨ 8 ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਇਨ੍ਹਾਂ ’ਚ ਭਾਜਪਾ ਦੇ ਛੇ ਅਤੇ ਪੀਡੀਪੀ ਦੇ ਦੋ ਮੰਤਰੀ ਸ਼ਾਮਲ ਹਨ। ਜੰਮੂ ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਕਵਿੰਦਰ ਗੁਪਤਾ, ਪ੍ਰਦੇਸ਼ ਭਾਜਪਾ ਮੁਖੀ ਸਤਪਾਲ ਸ਼ਰਮਾ ਅਤੇ ਛੇ ਹੋਰਾਂ ਨੂੰ ਇਥੋਂ ਦੇ ਕਨਵੈਨਸ਼ਨ ਸੈਂਟਰ ’ਚ ਰਾਜਪਾਲ ਐਨ ਐਨ ਵੋਹਰਾ ਨੇ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਕਠੂਆ ਕਾਂਡ ਦੇ ਮੁਲਜ਼ਮਾਂ ਦੀ ਹਮਾਇਤ ਕਰਨ ’ਤੇ ਭਾਜਪਾ ਦੇ ਮੰਤਰੀਆਂ ਲਾਲ ਸਿੰਘ ਅਤੇ ਚੰਦਰ ਪ੍ਰਕਾਸ਼ ਗੰਗਾ ਨੂੰ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣੇ ਪਏ ਸਨ। ਅਧਿਕਾਰੀਆਂ ਮੁਤਾਬਕ ਕਵਿੰਦਰ ਗੁਪਤਾ ਸੂਬੇ ਦੇ ਨਵੇਂ ਉਪ ਮੁੱਖ ਮੰਤਰੀ ਹੋਣਗੇ ਕਿਉਂਕਿ ਨਿਰਮਲ ਸਿੰਘ ਨੇ ਕੱਲ੍ਹ ਰਾਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਨਿਰਮਲ ਸਿੰਘ ਨੂੰ ਨਵਾਂ ਸਪੀਕਰ ਬਣਾਇਆ ਜਾ ਸਕਦਾ ਹੈ। ਸਹੁੰ ਚੁੱਕ ਸਮਾਗਮ ’ਚ ਹਾਜ਼ਰ ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ ਕਿ ਅੱਜ ਦੇ ਬਦਲਾਅ ਦਾ ਕਠੂਆ ਕੇਸ ਨਾਲ ਕੋਈ ਸਬੰਧ ਨਹੀਂ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਸਾਡੀ ਸਰਕਾਰ ਨੇ ਸੱਤਾ ’ਚ ਤਿੰਨ ਸਾਲ ਮੁਕੰਮਲ ਕਰ ਲਏ ਹਨ। ਇਸ ਕਰਕੇ ਅਸੀਂ ਕੈਬਨਿਟ ’ਚ ਫੇਰਬਦਲ ਦਾ ਫ਼ੈਸਲਾ ਲੈ ਕੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ।’’ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵਜ਼ਾਰਤ ’ਚ ਸ਼ਾਮਲ ਕੀਤੇ ਗਏ ਨਵੇਂ ਮੰਤਰੀਆਂ ਨੂੰ ਮੁਬਾਰਕਬਾਦ ਦਿੱਤੀ। ਭਾਜਪਾ ਦੇ  ਕਠੂਆ ਤੋਂ ਵਿਧਾਇਕ ਰਾਜੀਵ ਜਸਰੋਟੀਆ ਅਤੇ ਸਾਂਬਾ ਤੋਂ ਦਵਿੰਦਰ ਕੁਮਾਰ ਮਨਿਆਲ ਸਹੁੰ ਚੁੱਕਣ ਵਾਲਿਆਂ ’ਚ ਸ਼ਾਮਲ ਹਨ। ਭਾਜਪਾ ਨੇ ਰਾਜ ਮੰਤਰੀ ਸੁਨੀਲ ਸ਼ਰਮਾ ਦਾ ਦਰਜਾ ਵਧਾ ਕੇ ਕੈਬਨਿਟ ਕਰ ਦਿੱਤਾ। ਇਸੇ ਤਰ੍ਹਾਂ ਸ਼ਕਤੀ ਰਾਜ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਪੀਡੀਪੀ ਦੇ ਪੁਲਵਾਮਾ ਤੋਂ ਵਿਧਾਇਕ ਮੁਹੰਮਦ ਖਲੀਲ ਬੰਦ ਅਤੇ ਸੋਨਾਵਾਰ ਤੋਂ ਵਿਧਾਇਕ ਮੁਹੰਮਦ ਅਸ਼ਰਫ਼ ਮੀਰ ਨੂੰ ਮੰਤਰੀ ਬਣਾਇਆ ਗਿਆ ਹੈ। ਜੰਮੂ ਕਸ਼ਮੀਰ ਦੇ ਨਵੇਂ ਬਣੇ ਉਪ ਮੁੱਖ ਮੰਤਰੀ ਕਵਿੰਦਰ ਗੁਪਤਾ (58) 13 ਸਾਲ ਦੀ ਉਮਰ ’ਚ ਹੀ ਆਰਐਸਐਸ ’ਚ ਸ਼ਾਮਲ ਹੋ ਗਏ ਸਨ। ਐਮਰਜੈਂਸੀ ਦੌਰਾਨ ਉਹ 13 ਮਹੀਨੇ ਜੇਲ੍ਹ ’ਚ ਵੀ ਰਹੇ। ਉਹ 1978-79 ’ਚ ਪੰਜਾਬ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਕੱਤਰ ਵੀ ਰਹੇ।   
ਕਾਂਗਰਸ ਵੱਲੋਂ ਗੁਪਤਾ ਦੇ ਬਿਆਨ ਦੀ ਨਿਖੇਧੀ
ਨਵੀਂ ਦਿੱਲੀ/ਸ੍ਰੀਨਗਰ - ਜੰਮੂ ਕਸ਼ਮੀਰ ਦੇ ਉੱਪ ਮੁੱਖ ਮੰਤਰੀ ਕਵਿੰਦਰ ਗੁਪਤਾ ਵੱਲੋਂ ਅੱਜ ਕਠੂਆ ਜਬਰ ਜਨਾਹ ਤੇ ਕਤਲ ਕਾਂਡ ਨੂੰ ਛੋਟੀ ਘਟਨਾ ਦੱਸਣ ਬਾਰੇ ਦਿੱਤੇ ਬਿਆਨ ਦੀ ਕਾਂਗਰਸ ਨੇ ਸਖ਼ਤ ਨਿਖੇਧੀ ਕੀਤੀ ਹੈ। ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਸੂਬੇ ਦੇ ਨਵੇਂ ਉੱਪ ਮੁੱਖ ਮੰਤਰੀ ਨੇ ਕਠੂਆ ਕਾਂਡ ਬਾਰੇ ਦਿੱਤੇ ਬਿਆਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਵੱਲੋਂ ‘ਬੇਟੀ ਬਚਾਓ’ ਦਾ ਕੋਈ ਨਾਅਰਾ ਨਹੀਂ ਬਲਕਿ ਚਿਤਾਵਨੀ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ’ਚ ਮੁੱਖ ਵਿਰੋਧੀ ਧਿਰ ਨੈਸ਼ਨਲ ਕਾਨਫਰੰਸ ਨੇ ਭਾਜਪਾ ਵਿਧਾਇਕ ਰਾਜੀਵ ਜਸਰੋਟੀਆ ਨੂੰ ਮੰਤਰੀ ਬਣਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਕਠੂਆ ਕਾਂਡ ਦੇ ਦੋਸ਼ੀਆਂ ਦੇ ਹੱਕ ’ਚ ਕੀਤੀ ਗਈ ਰੈਲੀ ਵਿੱਚ ਵੀ ਸ਼ਾਮਲ ਸੀ। ਪਾਰਟੀ ਦੇ ਬੁਲਾਰੇ ਨੇ ਜਸਰੋਟੀਆ ਨੂੰ ਕੈਬਨਿਟ ’ਚ ਸ਼ਾਮਲ ਕਰਨ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਪੀਡੀਪੀ-ਭਾਜਪਾ ਗੱਠਜੋੜ ਦੀ ਨਮੋਸ਼ੀ ਭਰੀ ਕਾਰਵਾਈ ਸਾਹਮਣੇ ਆਈ ਹੈ।
ਕਠੂਆ ਕਾਂਡ ਨੂੰ ਮਾਮੂਲੀ ਘਟਨਾ ਦੱਸ ਕੇ ਵਿਵਾਦ ਭਖਾਇਆ
ਜੰਮੂ - ਜੰਮੂ ਤੇ ਕਸ਼ਮੀਰ ਦੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਕਵਿੰਦਰ ਗੁਪਤਾ ਨੇ ਕਠੂਆ ਜਬਰ-ਜਨਾਹ ਤੇ ਕਤਲ ਕਾਂਡ ਨੂੰ ‘ਛੋਟੀ’ ਜਿਹੀ ਘਟਨਾ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ , ‘ਇਹ (ਕਠੂਆ ਜਬਰ ਜਨਾਹ ਤੇ ਕਤਲ) ਬਹੁਤ ਛੋਟੀ ਜਿਹੀ ਘਟਨਾ ਸੀ। ਸਾਨੂੰ ਇਸ ਤੋਂ ਉੱਪਰ ਉੱਠ ਕੇ ਸੋਚਣਾ ਚਾਹੀਦਾ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਭਵਿੱਖ ’ਚ ਨਾ ਵਾਪਰਨ।’ ਉਨ੍ਹਾਂ ਕਿਹਾ, ‘ਲੜਕੀ ਨੂੰ ਇਨਸਾਫ਼ ਦਿਵਾਇਆ ਜਾਣਾ ਚਾਹੀਦਾ ਹੈ। ਸਰਕਾਰ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ ਤੇ ਮੈਨੂੰ ਲਗਦਾ ਹੈ ਕਿ ਇਸ ਮਾਮਲੇ ਨੂੰ ਬੇਵਜ੍ਹਾ ਅਹਿਮੀਅਤ ਦਿੱਤੀ ਗਈ ਹੈ। ਇਸ ਮੁੱਦੇ ਨੂੰ ਬਿਨਾਂ ਗੱਲ ਤੋਂ ਉਛਾਲਿਆ ਗਿਆ ਹੈ।’    

 

Latest News
Magazine Archive