ਸ਼ਾਹਕੋਟ ਉਪ ਚੋਣ: ਕਾਂਗਰਸ ਅਤੇ ‘ਆਪ’ ਉਮੀਦਵਾਰਾਂ ਦਾ ਭੇਤ ਕਾਇਮ


ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਵੱਲੋਂ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ 5 ਮਈ ਨੂੰ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ। ਉਂਜ ਪਾਰਟੀ ਦੇ ਕਈ ਆਗੂ ਚੋਣ ਨਾ ਲੜਨ ਦੀ ਸਲਾਹ ਦੇ ਰਹੇ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਟਿਕਟ ’ਤੇ ਸ਼ਾਹਕੋਟ ਤੋਂ ਚੋਣ ਲੜੇ ਡਾਕਟਰ ਅਮਰਜੀਤ ਸਿੰਘ ਥਿੰਦ ਨੇ 42,000 ਵੋਟਾਂ ਹਾਸਲ ਕੀਤੀਆਂ ਸਨ। ਡਾ. ਥਿੰਦ ਦੇ ਕੁਝ ਸਮਾਂ ਪਹਿਲਾਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਕਾਰਨ ਪਾਰਟੀ ਨੂੰ ਭਾਰੀ ਝਟਕਾ ਲੱਗਾ ਹੈ ਅਤੇ ਹੁਣ ਯੋਗ ਉਮੀਦਵਾਰ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ। ਸੂਤਰਾਂ ਅਨੁਸਾਰ ਕੁਝ ਆਗੂਆਂ ਦਾ ਮੰਨਣਾ ਹੈ ਕਿ ਜੇਕਰ ਪਾਰਟੀ ਵੱਲੋਂ ਜ਼ਿਮਨੀ ਚੋਣ ਨਹੀਂ ਲੜੀ ਜਾਂਦੀ ਤਾਂ ਵਿਰੋਧੀਆਂ ਨੂੰ ਇਹ ਕਹਿਣ ਦਾ ਮੌਕਾ ਮਿਲੇਗਾ ਕਿ ਮੁੱਖ ਵਿਰੋਧੀ ਪਾਰਟੀ ਚੋਣ ਮੈਦਾਨ ਵਿੱਚੋਂ ਭੱਜ ਗਈ ਹੈ। ਇਸ ਦਾ ਮਾੜਾ ਪ੍ਰਭਾਵ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਪੈ ਸਕਦਾ ਹੈ। ਦੂਸਰੇ ਪਾਸੇ ਕੁਝ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਨੂੰ ਜ਼ਿਮਨੀ ਚੋਣ ਲਈ ਜ਼ੋਰ ਲਾਉਣ ਦੀ ਥਾਂ ’ਤੇ ਲੋਕ ਸਭਾ ਚੋਣਾਂ ਲਈ ਲਾਮਬੰਦੀ ਕਰਨੀ ਚਾਹੀਦੀ ਹੈ। ਪਾਰਟੀ ਦੇ ਪੰਜਾਬ ਇਕਾਈ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 5 ਮਈ ਨੂੰ ਚੰਡੀਗੜ੍ਹ ’ਚ ਪਾਰਟੀ ਦੇ ਵਿਧਾਇਕਾਂ, ਸੂਬਾ  ਅਹੁਦੇਦਾਰਾਂ, ਜ਼ੋਨ ਅਤੇ ਬਲਾਕ ਪ੍ਰਧਾਨਾਂ ਨੂੰ ਸੰਬੋਧਨ ਕਰਨਗੇ। ਉਸ ਦਿਨ ਉਹ ਮੁਹਾਲੀ ਵਿੱਚ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਵੀ ਕਰਨਗੇ। ਸਮਾਗਮ ਦੌਰਾਨ ਸ਼ਾਹਕੋਟ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਦੇ ਸਹਿ ਪ੍ਰਧਾਨ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪਾਰਟੀ ਵੱਲੋਂ ਸ਼ਾਹਕੋਟ ਜ਼ਿਮਨੀ ਚੋਣ ਹਰ ਹੀਲੇ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ 10 ਉਮੀਦਵਾਰ ਸਾਹਮਣੇ ਆਏ ਹਨ ਅਤੇ ਉਨ੍ਹਾਂ ਵਿੱਚੋਂ ਚੋਣ ਕਰਕੇ ਇਕ ਉਮੀਦਵਾਰ ਦਾ ਐਲਾਨ 5 ਮਈ ਨੂੰ ਕਰ ਦਿੱਤਾ ਜਾਵੇਗਾ। ਸੂਤਰਾਂ ਅਨੁਸਾਰ ਪਾਰਟੀ ਵੱਲੋਂ ਜਗਤਾਰ ਸਿੰਘ ਸੰਘੇੜਾ ਨੂੰ ਚੋਣ ਲੜਾਉਣ ਉਪਰ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੀ ਸੰਘੇੜਾ ਨੂੰ ਆਦਮਪੁਰ ਤੋਂ ਮੈਦਾਨ ਵਿੱਚ ਉਤਾਰ ਕੇ  ਟਿਕਟ ਵਾਪਸ ਲੈ ਲਈ ਗਈ ਸੀ। ਸ਼ਾਹਕੋਟ ਚੋਣ ਦੌਰਾਨ ਭਗਵੰਤ ਮਾਨ ਵੱਲੋਂ ਪ੍ਰਚਾਰ ਕਰਨ ਬਾਰੇ ਸੰਸੇ ਬਰਕਰਾਰ ਹਨ ਕਿਉਂਕਿ ਉਹ ਇਸ ਸਮੇਂ ਵਿਦੇਸ਼ ਦੌਰੇ ’ਤੇ ਹਨ।
ਕਾਂਗਰਸ ਵੱਲੋਂ ਚੋਣ ਕੈਪਟਨ ’ਤੇ ਛੱਡੇ ਜਾਣ ਦੇ ਆਸਾਰ
ਚੰਡੀਗੜ੍ਹ - ਸ਼ਾਹਕੋਟ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਾਸਤੇ ਹਾਕਮ ਧਿਰ ਕਾਂਗਰਸ ਦੇ ਉਮੀਦਵਾਰ ਦੀ ਚੋਣ ਵਿੱਚ ਅਜੇ ਕੁਝ ਹੋਰ ਸਮਾਂ ਲੱਗ ਸਕਦਾ ਹੈ। ਕਾਂਗਰਸ ਹਾਈਕਮਾਂਡ ਵੱਲੋਂ ਉਮੀਦਵਾਰ ਦੀ ਚੋਣ ਦਾ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਛੱਡੇ ਜਾਣ ਦੇ ਆਸਾਰ ਹਨ। ਉਂਜ ਇਸ ਹਲਕੇ ਤੋਂ ਤਿੰਨ ਉਮੀਦਵਾਰਾਂ ਦੇ ਨਾਮ ਪਾਰਟੀ ਹਾਈਕਮਾਂਡ ਨੂੰ ਭੇਜੇ ਗਏ ਹਨ। ਇਨ੍ਹਾਂ ਵਿੱਚ ਹਰਦੇਵ ਸਿੰਘ ਲਾਡੀ, ਸਾਬਕਾ ਮੰਤਰੀ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੇ ਨਾਮ ਸ਼ਾਮਲ ਹਨ। ਇਸ ਸਬੰਧ ’ਚ ਇਕ ਸੀਨੀਅਰ ਕਾਂਗਰਸ ਆਗੂ ਨੇ ਕਿਹਾ ਕਿ ਕਾਗਜ਼ ਦਾਖ਼ਲ ਕਰਨ ਵਿੱਚ ਅਜੇ ਕਈ ਦਿਨਾਂ ਦਾ ਸਮਾਂ ਪਿਆ ਹੈ ਅਤੇ ਪਾਰਟੀ ਵੱਲੋਂ ਉਮੀਦਵਾਰਾਂ ਦੇ ਨਾਮ ਐਨ ਮੌਕੇ ’ਤੇ ਹੀ ਐਲਾਨੇ ਜਾਂਦੇ ਹਨ। ਉਮੀਦਵਾਰ ਦੀ ਤਸਵੀਰ ਅਗਲੇ ਤਿੰਨ-ਚਾਰ ਦਿਨਾਂ ਵਿੱਚ ਸਾਫ ਹੋਣ ਦੀ ਉਮੀਦ ਹੈ। ਇਕ ਹੋਰ ਆਗੂ ਨੇ ਕਿਹਾ ਕਿ ਪਿਛਲੀ ਵਾਰ ਚੋਣ ਲੜੇ ਉਮੀਦਵਾਰ ਦਾ ਕੰਮ ਵਿਗਾੜਨ ਵਾਲੇ ਵੀ ਪਾਰਟੀ ਦੇ ਆਗੂ ਹਨ।
ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਲਾਡੀ ਦੀਆਂ ਵਾਇਰਲ ਹੋ ਰਹੀਆਂ ਵੀਡੀਓ ਪਿੱਛੇ ਇਕ ਰਸੂਖਦਾਰ ਕਾਂਗਰਸ ਆਗੂ ਦਾ ਹੱਥ ਹੋਣ ਦਾ ਸ਼ੱਕ ਹੈ ਜੋ ਕਿਸੇ ਹੋਰ ਨੂੰ ਟਿਕਟ ਦਿਵਾਉਣਾ ਚਾਹੁੰਦਾ ਹੈ। ਇਸੇ ਤਰ੍ਹਾਂ ਜਲੰਧਰ ਦੇ ਵੀ ਇਕ-ਦੋ ਕਾਂਗਰਸ ਆਗੂ ਨਵੇਂ ਉਮੀਦਵਾਰ ਨੂੰ ਟਿਕਟ ਦਿਵਾਉਣ ਦੇ ਯਤਨ ਕਰ ਰਹੇ ਹਨ। ਲਾਡੀ ਦਾ ਮਾਮਲਾ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਉਭਾਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੋਲੋਂ ਮੰਗ ਕੀਤੀ ਹੈ ਕਿ ਉਸ ਨੂੰ ਟਿਕਟ ਨਾ ਦਿੱਤੀ ਜਾਵੇ ਕਿਉਂਕਿ ਉਸ ਦੇ ਰੇਤਾ ਕਾਰੋਬਾਰੀਆਂ ਨਾਲ ਕਥਿਤ ਤੌਰ ’ਤੇ ਸਬੰਧ ਹਨ।

 

 

fbbg-image

Latest News
Magazine Archive