ਕਾਂਗਰਸ ਦੇ ਹੱਥ ਵੀ ਰੰਗੇ ਨੇ ਮੁਸਲਮਾਨਾਂ ਦੇ ਖ਼ੂਨ ਨਾਲ: ਖ਼ੁਰਸ਼ੀਦ


ਅਲੀਗੜ੍ਹ/ਨਵੀਂ ਦਿੱਲੀ - ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸਲਮਾਨ ਖ਼ੁਰਸ਼ੀਦ ਨੇ ਇਕ ਵਿਵਾਦਗ੍ਰਸਤ ਬਿਆਨ ਵਿੱਚ ਮੰਨਿਆ ਕਿ ਉਨ੍ਹਾਂ ਦੀ ਪਾਰਟੀ ਦੇ ਹੱਥ ਵੀ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਬੀਤੇ ਐਤਵਾਰ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਟੀ ਵਿੱਚ ਇਕ ਸਮਾਗਮ ਦੌਰਾਨ ਮੰਨਿਆ ਕਿ ਕਾਂਗਰਸ ਦੀ ਹਕੂਮਤ ਦੌਰਾਨ ਵੀ ਮੁਲਕ ਵਿੱਚ ਮੁਸਲਿਮ ਵਿਰੋਧੀ ਫ਼ਸਾਦ ਹੁੰਦੇ ਰਹੇ ਹਨ। ਦੂਜੇ ਪਾਸੇ ਕਾਂਗਰਸ ਨੇ ਖ਼ੁਦ ਨੂੰ ਇਸ ਬਿਆਨ ਤੋਂ ਵੱਖ ਕਰ ਲਿਆ ਹੈ।
ਸਮਾਗਮ ਦੌਰਾਨ ਸ੍ਰੀ ਖ਼ੁਰਸ਼ੀਦ ਨੇ ਇਹ ਗੱਲ ਇਕ ਵਿਦਿਆਰਥੀ ਦੀ ਟਿੱਪਣੀ ਦੇ ਜਵਾਬ ਕਹੀ। ਵਿਦਿਆਰਥੀ ਦਾ ਕਹਿਣਾ ਸੀ ਕਿ ਕਾਂਗਰਸ ਦੇ ਹੱਥ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ ਤੇ ਉਹ ਇਨ੍ਹਾਂ ਦਾਗ਼ਾਂ ਨੂੰ ਧੋਣ ਲਈ ਕੀ ਕਰ ਰਹੀ ਹੈ।
ਇਸ ’ਤੇ ਸ੍ਰੀ ਖ਼ੁਰਸ਼ੀਦ ਨੇ ਕਿਹਾ, ‘‘ਇਹ ਇਕ ਸਿਆਸੀ ਸਵਾਲ ਹੈ। ਸਾਡੇ ਹੱਥਾਂ ’ਤੇ ਖੂਨ ਲੱਗਾ ਹੈ। ਮੈਂ ਖ਼ੁਦ ਕਾਂਗਰਸ ਦਾ ਹਿੱਸਾ ਹਾਂ ਤੇ ਮੈਂ ਆਖਦਾ ਹਾਂ ਕਿ ਸਾਡੇ ਹੱਥਾਂ ਨੂੰ ਖੂਨ ਲੱਗਾ ਹੈ।’’ ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕਾਂਗਰਸ ਨੂੰ ਦੇਸ਼ ਵਿੱਚ ਮੁਸਲਮਾਨਾਂ ’ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਉਨ੍ਹਾਂ ਦੀ ਹਿਫ਼ਾਜ਼ਤ ਲਈ ਅੱਗੇ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ।
ਉਨ੍ਹਾਂ ਕਿਹਾ, ‘‘ਅਸੀਂ ਆਪਣੇ ਹੱਥਾਂ ਨੂੰ ਲੱਗਾ ਖੂਨ ਤੁਹਾਨੂੰ ਦਿਖਾਉਣ ਲਈ ਤਿਆਰ ਹਾਂ ਤਾਂ ਕਿ ਤੁਹਾਨੂੰ ਅਹਿਸਾਸ ਹੋ ਸਕੇ ਕਿ ਤੁਹਾਡੇ ਹੱਥਾਂ ਨੂੰ ਵੀ ਖੂਨ ਨਾਲ ਲੱਗੇ। ਜੇ ਤੁਸੀਂ ਉਨ੍ਹਾਂ ’ਤੇ ਹਮਲੇ ਕਰੋਗੇ ਤਾਂ ਤੁਹਾਡੇ ਹੱਥ ਵੀ ਖੂਨ ਨਾਲ ਰੰਗੇ ਜਾਣਗੇ।’’ ਵਿਦਿਆਰਥੀ ਨੇ ਇਸ ਮੌਕੇ ਕਾਂਗਰਸ ਹਕੂਮਤ ਦੌਰਾਨ ਹੋਏ ਵੱਖ-ਵੱਖ ਦੰਗਿਆਂ ਤੋਂ ਇਲਾਵਾ ‘ਬਾਬਰੀ ਮਸਜਿਦ ਦੇ ਦਰਵਾਜ਼ੇ ਖੋਲ੍ਹੇ ਜਾਣ, ਉਥੇ ਮੂਰਤੀਆਂ ਸਥਾਪਤ ਕੀਤੇ ਜਾਣ ਤੇ ਆਖ਼ਰ ਬਾਬਰੀ ਮਸਜਿਦ ਨੂੰ ਢਾਹ ਦਿੱਤੇ ਜਾਣ’ ਦਾ ਹਵਾਲਾ ਦਿੱਤਾ ਸੀ, ਜੋ ਸਾਰਾ ਕੁਝ ਕਾਂਗਰਸੀ ਹਕੂਮਤਾਂ ਦੌਰਾਨ ਹੋਇਆ ਸੀ।
ਕਾਂਗਰਸ ਨੇ ਆਪਣੇ ਆਪ ਨੂੰ ਇਸ ਬਿਆਨ ਤੋਂ ਵੱਖ ਕਰ ਲਿਆ ਹੈ। ਪਾਰਟੀ ਦੇ ਤਰਜਮਾਨ ਪੀ.ਐਲ. ਪੂਨੀਆ ਨੇ ਇਸ ਸਬੰਧੀ ਨਵੀਂ ਦਿੱਲੀ ਵਿੱਚ ਕਿਹਾ, ‘‘ਕਾਂਗਰਸ ਉਨ੍ਹਾਂ ਦੇ ਬਿਆਨ ਨਾਲ ਸਹਿਮਤ ਨਹੀਂ ਹੈ… ਇਹ ਉਨ੍ਹਾਂ ਦੇ ਨਿਜੀ ਵਿਚਾਰ ਹਨ, ਪਾਰਟੀ ਦੇ ਨਹੀਂ।’’
ਖ਼ੁਰਸ਼ੀਦ ਦੇ ਬਿਆਨ ਤੋਂ ਕਾਂਗਰਸ ਦਾ ਇਤਿਹਾਸ ਸਾਹਮਣੇ ਆਿੲਆ: ਭਾਜਪਾ
ਸਲਮਾਨ ਖ਼ੁਰਸ਼ੀਦ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਭਾਜਪਾ ਨੇ ਕਿਹਾ ਕਿ ਇਸ ਤੋਂ ਕਾਂਗਰਸ ਦੇ ‘ਫ਼ਿਰਕੂ ਦੰਗੇ ਕਰਵਾਉਣ’ ਦੇ ਇਤਿਹਾਸ ਦਾ ਪਤਾ ਲੱਗਦਾ ਹੈ। ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਕਿ ਕਾਂਗਰਸ ਹਾਲੇ ਵੀ ਮਹਿਜ਼ ਵੋਟਾਂ ਖ਼ਾਤਰ ਫੁੱਟ ਪਾਊ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ‘ਧਰਮ ਨਿਰਪੱਖਤਾ ਦਾ ਨਕਾਬ ਪਾ ਕੇ ਫ਼ਿਰਕਾਪ੍ਰਸਤੀ’ ਕਰਦੀ ਰਹੀ ਹੈ।
ਸੰਸਦ ਵੀ ‘ਕਾਸਟਿੰਗ ਕਾਊਚ’ ਤੋਂ ਨਹੀਂ ਅਭਿੱਜ : ਰੇਣੂਕਾ
ਨਵੀਂ ਦਿੱਲੀ - ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਰੇਣੂਕਾ ਚੌਧਰੀ ਨੇ ਅੱਜ ਕਿਹਾ ਹੈ ਕਿ ‘ਕਾਸਟਿੰਗ ਕਾਊਚ’ ਸਿਰਫ ਫਿਲਮ ਉਦਯੋਗ ਵਿੱਚ ਹੀ ਨਹੀ ਸਗੋਂ ਇਹ ਦਫਤਰਾਂ ਵਿੱਚ ਵੀ ਹੁੰਦੀ ਹੈ ਅਤੇ ਸੰਸਦ ਵੀ ਇਸ ਤੋਂ ਅਭਿੱਜ ਨਹੀ ਹੈ। ਬੌਲੀਵੁੱਡ ਕੋਰੀਓਗ੍ਰਾਫਰ ਸਰੋਜ ਖਾਨ ਵੱਲੋਂ ‘ਕਾਸਟਿੰਗ ਕਾਊਚ’ ਸਭਿਆਚਾਰ ਦੇ ਹੱਕ ਵਿੱਚ ਬੋਲਣ ਬਾਅਦ  ਮਹਿਲਾ ਕਾਂਗਰਸ ਆਗੂ ਨੇ ਕਿਹਾ ਹੈ ਕਿ ਹੁਣ ਦੇਸ਼ ਨੂੰ ਇਸ ਬੁਰਾਈ ਵਿਰੁੱਧ ੳੇੁਠ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਔਰਤਾਂ ਵਿਰੁੱਧ ਚਿੱਕੜ ਉਛਾਲੀ ਸ਼ੁਰੂ ਹੋ ਗਈ ਹੈ।ਇਸ ਲਈ ‘ਹੈਸ਼ਟੈਗ ਮੀਟੂ’ ਮੁਹਿੰਮ ਸ਼ੁਰੂ ਹੋਣੀ ਚਾਹੀਦੀ ਹੈ। ਇਹ ਇੱਕ ਕੌੜਾ ਸੱਚ ਹੈ ਅਤੇ ਇਹ ਸਿਰਫ ਫਿਲਮ ਉਦਯੋਗ ਤੱਕ ਹੀ ਮਹਿਦੂਦ ਨਹੀਂ। ਜ਼ਿਕਰਯੋਗ ਹੈ ਕਿ ‘ਚੋਲੀ ਕੇ ਪੀਛੇ ਕਿਆ ਹੈ’, ‘ਏਕ ਦੋ ਤੀਨ’ ਵਰਗੇ ਦੂਹਰੇ ਅਰਥਾਂ ਵਾਲੇ ਗੀਤਾਂ ਵਿੱਚ ਡਾਂਸ ਡਾਇਰੈਕਸ਼ਨ ਦੇਣ ਵਾਲੀ ਸਰੋਜ ਖਾਨ ਨੇ ਇਹ ਕਿਹਾ ਸੀ ਕਿ ‘ਕਾਸਟਿੰਗ ਕਾਉੂਚ’ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਨੂੰ ਘੱਟੋ ਘੱਟ ਫਿਲਮਾਂ ਵਿੱਚ ਕੰਮ ਤਾਂ ਮਿਲਦਾ ਹੈ ਅਤੇ ਉਨ੍ਹਾਂ ਨੂੰ ਬਲਾਤਕਾਰ ਤੋਂ ਬਾਅਦ ਲਾਵਾਰਿਸ ਤਾਂ ਨਹੀ ਛੱਡਿਆ ਜਾਂਦਾ। ਇਸ ਸਬੰਧੀ ਜਦੋਂ ਅੱਜ ਸਰੋਜ ਖਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਤੁਹਾਨੂੰ ਇਹ ਨਹੀਂ ਪਤਾ ਇਹ ਗੱਲ ਕਿਸ ਸਵਾਲ ਦੇ ਸੰਦਰਭ ਵਿੱਚ ਕਹੀ ਗਈ ਸੀ।‘ ਮੈਂ ਪਹਿਲਾਂ ਹੀ ਆਪਣੇ ਸ਼ਬਦਾਂ ਬਾਰੇ ਸੌਰੀ ਕਹਿ ਚੁੱਕੀ ਹਾਂ।’
 

 

 

fbbg-image

Latest News
Magazine Archive