ਨਰੋਦਾ ਪਾਟੀਆ ਕੇਸ: ਕੋਡਨਾਨੀ ਬਰੀ, ਬਜਰੰਗੀ ਸਣੇ 16 ਨੂੰ ਕੈਦ


ਅਹਿਮਦਾਬਾਦ - ਸਾਲ 2002 ਵਿੱਚ ਗੁਜਰਾਤ ਦੇ ਨਰੋਦਾ ਪਾਟੀਆ ਵਿੱਚ ਹੋਏ ਦੰਗਿਆਂ ਦੇ ਦੋਸ਼ ਵਿੱਚ ਗੁਜਰਾਤ ਹਾਈ ਕੋਰਟ ਨੇ ਅੱਜ ਭਾਜਪਾ ਦੀ ਸਾਬਕਾ ਮੰਤਰੀ ਮਾਇਆ ਕੋਡਨਾਨੀ ਨੂੰ ਬਰੀ ਕਰ ਦਿੱਤਾ ਹੈ ਜਦਕਿ ਬਜਰੰਗ ਦਲ ਦੇ ਸਬਕਾ ਆਗੂ ਬਾਬੂ ਬਜਰੰਗੀ ਦੀ ਸਜ਼ਾ ਬਰਕਰਾਰ ਰੱਖੀ ਹੈ। ਇਸ ਕੇਸ ਵਿੱਚ ਭੀੜ ਨੇ 97 ਵਿਅਕਤੀ ਮਾਰ ਦਿੱਤੇ ਸਨ। ਹਾਈ ਕੋਰਟ ਨੇ ਬਜਰੰਗੀ ਸਮੇਤ 13 ਦੋਸ਼ੀਆਂ ਦੀ ਸਜ਼ਾ ਬਰਕਰਾਰ ਰੱਖੀ ਹੈ ਅਤੇ ਤਿੰਨ ਹੋਰ ਨੂੰ ਪਹਿਲੀ ਵਾਰ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਹੇਠਲੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ 32 ਵਿਅਕਤੀਆਂ ਵਿੱਚੋਂ 18 ਨੂੰ ਬਰੀ ਕਰ ਦਿੱਤਾ ਹੈ।
ਸਾਲ 2002 ਵਿੱਚ ਕੋਡਨਾਨੀ ਭਾਜਪਾ ਦੀ ਵਿਧਾਇਕ ਸੀ ਅਤੇ ਕੇਸ ਦੀ ਸੁਣਵਾਈ ਕਰ ਰਹੀ ਅਦਾਲਤ ਨੇ ਕਿਹਾ ਸੀ ਕਿ ਨਰੋਦਾ ਪਾਟੀਆ ਦੰਗਿਆਂ ਦੀ ਉਹ ਸਾਜਿਸ਼ਕਾਰ ਸੀ। ਇਸ ਦੌਰਾਨ ਉਹ 2007 ਵਿੱਚ ਗੁਜਰਾਤ ਦੀ ਨਰਿੰਦਰ ਮੋਦੀ ਸਰਕਾਰ ਵਿੱਚ ਮੰਤਰੀ ਬਣ ਗਈ, ਇਸਤੋਂ ਬਾਅਦ ਉਸ ਨੂੰ 2009 ਵਿੱਚ ਦੰਗਿਆਂ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਕੋਡਨਾਨੀ ਨੂੰ ਬਰੀ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਉਸ ਦੀ ਦੰਗਿਆਂ ਵਿੱਚ ਸ਼ਮੂਲੀਅਤ ਨਾਲ ਸਬੰਧਤ ਬਿਆਨ ਆਪਾ ਵਿਰੋਧੀ ਹਨ। ਕਿਸੇ ਵੀ ਸਰਕਾਰੀ ਗਵਾਹ ਨੇ ਸਹੀ ਸਮਾਂ ਨਹੀ ਦੱਸਿਆ ਕਿ ਉਸ ਨੇ ਉਨ੍ਹਾਂ ਨਾਲ ਕਦੋਂ ਗੱਲ ਕੀਤੀ ਸੀ। ਗਵਾਹਾਂ ਦੇ ਆਪਸ ਵਿੱਚ ਵਿਰੋਧੀ ਬਿਆਨ ਭੁਲੇਖੇਪਾਊ ਹਨ। ਕੋਡਨਾਨੀ ਨੂੰ ਸ਼ੱਕ ਦਾ ਵੀ ਲਾਭ ਦਿੱਤਾ ਗਿਆ
ਕਿਉਂਕਿ ਉਸ ਦਾ ਨਾਂ ਮੁੱਢਲੀ ਐਫਆਈਆਰ ਵਿੱਚ ਦਰਜ ਨਹੀਂ ਸੀ ਅਤੇ ਵਿਸ਼ੇਸ਼ ਜਾਂਚ ਟੀਮ ਨੇ ਪਹਿਲੀ ਵਾਰ ਉਸ ਨੂੰ 2008 ਵਿੱਚ ਦੋਸ਼ੀ ਠਹਿਰਾਇਆ ਸੀ। ਇਸ ਮਾਮਲੇ ਵਿੱਚ ਗੁਜਰਾਤ ਹਾਈ ਕੋਰਟ ਦੇ ਜਸਟਿਸ ਹਰਸ਼ਾ ਦੇਵਾਨੀ ਅਤੇ ਏ ਐਸ ਸੁਪਾਹੀਆ ਨੇ ਬਜਰੰਗੀ ਸਮੇਤ 16 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਕੋਡਨਾਨੀ ਸਮੇਤ 18 ਨੂੰ ਬਰੀ ਕਰ ਦਿੱਤਾ ਹੈ। ਦੋਸ਼ੀਆਂ ਵਿੱਚੋਂ 15 ਨੂੰ 21 ਸਾਲ ਦੀ ਬਾਮੁਸ਼ੱਕਤ ਸਖਤ ਕੈਦ ਅਤੇ ਇੱਕ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਜਿਹੜੇ ਤਿੰਨ ਲੋਕਾਂ ਨੂੰ ਹਾਈ ਕੋਰਟ ਨੇ ਪਹਿਲੀ ਵਾਰ ਦੋਸ਼ੀ ਠਹਿਰਾਇਆ ਹੈ, ਇਨ੍ਹਾਂ ਨੂੰ ਸ਼ਜਾ 9 ਮਈ ਨੂੰ ਸੁਣਾਈ ਜਾਵੇਗੀ। ਬਜਰੰਗੀ ਦੀ ਸਜ਼ਾ ਵੀ ‘ਕੁਦਰਤੀ ਮੌਤ ਤੱਕ’ ਕੈਦ ਤੋਂ ਘਟਾ ਕੇ 21 ਸਾਲ ਕਰ ਦਿੱਤੀ ਹੈ।

 

 

fbbg-image

Latest News
Magazine Archive