ਭਾਰਤ ਤੇ ਬਰਤਾਨੀਆ ਵੱਲੋਂ ਦਹਿਸ਼ਤੀਆਂ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਦਾ ਅਹਿਦ


ਲੰਡਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਆਪਣੀ ਬਰਤਾਨਵੀ ਹਮਰੁਤਬਾ ਟੈਰੇਜ਼ਾ ਮੇਅ ਨਾਲ ਵੱਖ-ਵੱਖ ਮੁੱਦਿਆਂ ’ਤੇ ‘ਲਾਹੇਵੰਦ ਗੱਲਬਾਤ’ ਕੀਤੀ, ਜਿਸ ਦੌਰਾਨ ਦੋਹਾਂ ਮੁਲਕਾਂ ਨੇ ਆਲਮੀ ਪੱਧਰ ’ਤੇ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਲਈ ਸਹਿਯੋਗ ਮਜ਼ਬੂਤ ਕਰਨ ਦਾ ਅਹਿਦ ਲਿਆ ਹੈ। ਨਾਲ ਹੀ ਸ੍ਰੀ ਮੋਦੀ ਨੇ ਭਰੋਸਾ ਦਿੱਤਾ ਕਿ ਬਰਤਾਨੀਆ ਦੇ ਯੂਰਪੀ ਯੂਨੀਅਨ ਵਿੱਚੋਂ ਨਿਕਲ ਜਾਣ ਤੋਂ ਬਾਅਦ ਵੀ ਇਸ ਮੁਲਕ ਦੀ ਭਾਰਤ ਲਈ ਅਹਿਮੀਅਤ ਬਣੀ ਰਹੇਗੀ।
ਦੋਵਾਂ ਧਿਰਾਂ ਨੇ ਇਸ ਮੌਕੇ ਜ਼ੋਰ ਦੇ ਕੇ ਕਿਹਾ ਕਿ ਦਹਿਸ਼ਤਗਰਦੀ ਨੂੰ ਕਿਸੇ ਵੀ ਆਧਾਰ ’ਤੇ ਵਾਜਬ ਨਹੀਂ ਠਹਿਰਾਇਆ ਜਾ ਸਕਦਾ ਹੈ ਤੇ ਨਾ ਇਸ ਨੂੰ ਕਿਸੇ ਧਰਮ ਨਾਲ ਜੋੜਿਆ ਜਾ ਸਕਦਾ। ਇਸ ਮੌਕੇ ਪਾਕਿਸਤਾਨ ਆਧਾਰਤ ਦਹਿਸ਼ਤੀ ਤਨਜ਼ੀਮਾਂ ਜੈਸ਼-ਏ-ਮੁਹੰਮਦ ਤੇ ਲਸ਼ਕਰੇ-ਤੋਇਬਾ ਆਦਿ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਦਾ ਅਹਿਦ ਲਿਆ ਗਿਆ।
ਇਸ ਤੋਂ ਪਹਿਲਾਂ ਸ੍ਰੀ ਮੋਦੀ ਅੱਜ ਸਵੇਰੇ ਬੀਬੀ ਮੇਅ ਨਾਲ ਨਾਸ਼ਤੇ ਮੌਕੇ ਗੱਲਬਾਤ ਲਈ ਉਨ੍ਹਾਂ ਦੇ ਦਫ਼ਤਰ ਪੁੱਜੇ ਤੇ ਮੇਜ਼ਬਾਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਆਪਣੀ ਟਵੀਟ ਵਿੱਚ ਸ੍ਰੀ ਮੋਦੀ ਨੇ ਕਿਹਾ, ‘‘10 ਡਾਊਨਿੰਗ ਸਟਰੀਟ (ਬਰਤਾਨਵੀ ਪ੍ਰਧਾਨ ਮੰਤਰੀ ਦਾ ਦਫ਼ਤਰ) ਵਿਖੇ ਪ੍ਰਧਾਨ ਮੰਤਰੀ ਟਰੇਜ਼ਾ ਮੇਅ ਨਾਲ ਯਾਦਗਾਰੀ ਮੀਟਿੰਗ ਹੋਈ। ਅਸੀਂ ਵੱਖੋ-ਵੱਖ ਪੱਖਾਂ ’ਤੇ ਫਲਦਾਈ ਗੱਲਬਾਤ ਕੀਤੀ।’’ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਵੀ ਕਿਹਾ ਕਿ ਦੋਵਾਂ ਆਗੂਆਂ ਨੇ ਬ੍ਰਿਐਗਜ਼ਿਟ ਤੋਂ ਬਾਅਦ ਭਾਰਤ-ਬਰਤਾਨਵੀ ਰਿਸ਼ਤਿਆਂ ਨੂੰ ਨਵਾਂ ਰੂਪ ਤੇ ਨਵਾਂ ਜੋਸ਼ ਦੇਣ ਲਈ ਵਿਆਪਕ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਕਾਨੂੰਨੀ ਮੁੱਦਿਆਂ ਖ਼ਾਸਕਰ ਹਵਾਲਗੀ ਦੇ ਮਾਮਲਿਆਂ ਅਤੇ ਵਪਾਰ-ਕਾਰੋਬਾਰ ਵਧਾਉਣ ਸਬੰਧੀ ਵੀ ਵਿਚਾਰਾਂ ਕੀਤੀਆਂ।
ਉਨ੍ਹਾਂ ਵੀਰਵਾਰ ਨੂੰ ਹੋਣ ਵਾਲੀ ਰਾਸ਼ਟਰਮੰਡਲ ਮੁਲਕਾਂ ਦੇ ਮੁਖੀਆਂ ਦੀ ਮੀਟਿੰਗ ਤੋਂ ਪਹਿਲਾਂ ਸਾਰੇ ਰਾਸ਼ਟਰਮੰਡਲ ਮੁਲਕਾਂ ਦੇ ਵਾਸੀਆਂ ਦੀ ਭਲਾਈ ਲਈ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ। ਸ੍ਰੀ ਮੋਦੀ ਨੇ ਬਕਿੰਘਮ ਮਹਿਲ ਵਿੱਚ ਬਰਤਾਨਵੀ ਮਹਾਰਾਣੀ ਐਲਿਜ਼ਾਬੈਥ ਦੋਇਮ ਨਾਲ ਵੀ ਮੁਲਾਕਾਤ ਕੀਤੀ। ਗ਼ੌਰਤਲਬ ਹੈ ਕਿ 19 ਸਾਲਾ ਮਹਾਰਾਣੀ ਰਾਸ਼ਟਰ ਮੰਡਲ ਦੀ ਵੀ   ਮੁਖੀ ਹੈ।
ਇਸ ਦੌਰਾਨ ਇਥੇ ਸਾਇੰਸ ਤੇ ਤਕਨਾਲੋਜੀ ਦੇ ਇਤਿਹਾਸ ਵਿੱਚ ਭਾਰਤ ਦੇ ਯੋਗਦਾਨ ਸਬੰਧੀ ਲਾਈ ਗਈ ਇਕ ਨੁਮਾਇਸ਼ ਵਿੱਚ ਪੁੱਜਣ ’ਤੇ ਬਰਤਾਨਵੀ ਸ਼ਹਿਜ਼ਾਦੇ ਚਾਰਲਸ ਨੇ ਸ੍ਰੀ ਮੋਦੀ ਦਾ ਸਵਾਗਤ ਕੀਤਾ। ਸ੍ਰੀ ਮੋਦੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲਿੰਗਾਇਤ ਭਾਈਚਾਰੇ ਨੂੰ ਖ਼ੁਸ਼ ਕਰਨ ਲਈ 12ਵੀਂ ਸਦੀ ਦੇ ਲਿੰਗਾਇਤ ਦਾਰਸ਼ਨਿਕ ਬਸਵੇਸ਼ਵਰਾ ਦੇ ਇਥੇ ਸਥਿਤ ਬੁੱਤ ਉਤੇ ਸ਼ਰਧਾਂਜਲੀ ਭੇਟ ਕੀਤੀ।
ਮੋਦੀ ਵੱਲੋਂ ਪਾਕਿ ਨੂੰ ਸਖ਼ਤ ਚੇਤਾਵਨੀ
ਲੰਡਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਭਾਰਤ ਕੀ ਬਾਤ, ਸਭ ਕੇ ਸਾਥ’ ਪ੍ਰੋਗਰਾਮ ਤਹਿਤ ਇਥੇ ਰਹਿੰਦੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਦਹਿਸ਼ਤਗਰਦੀ ਦੇ ਮੁੱਦੇ ਉਤੇ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੱਤੀ। ਸੈਂਟਰਲ ਹਾਲ ਵੈਸਟਮਿੰਸਟਰ ਵਿੱਚ ਬੋਲਦਿਆਂ ਉਨ੍ਹਾਂ ਕਿਹਾ, ‘‘ਜੇ ਕੋਈ ਦਹਿਸ਼ਤ ਦੀ ਫੈਕਟਰੀ ਲਾ ਕੇ ਸਾਡੇ ਉਤੇ ਹਮਲੇ ਕਰੇਗਾ ਤਾਂ ਮੋਦੀ ਜਾਣਦਾ ਹੈ ਕਿ ਉਸ ਨੂੰ ਉਸੇ ਜ਼ੁਬਾਨ ’ਚ ਕਿਵੇਂ ਜਵਾਬ ਦੇਣਾ ਹੈ।’’ ਬਲਾਤਕਾਰਾਂ ਦੀਆਂ ਘਟਨਾਵਾਂ ਸਬੰਧੀ ‘ਸਿਆਸਤ’ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ, ‘‘ਅਸੀਂ ਆਪਣੀਆਂ ਧੀਆਂ ਦਾ ਸ਼ੋਸ਼ਣ ਹੋਰ ਨਹੀਂ ਸਹਿ ਸਕਦੇ।’’
ਨੌਂ ਸਮਝੌਤੇ ਸਹੀਬੰਦ
ਲੰਡਨ - ਭਾਰਤ ਅਤੇ ਬਰਤਾਨੀਆ ਨੇ ਅੱਜ ਨੌਂ ਸਮਝੌਤੇ ਸਹੀਬੰਦ ਕੀਤੇ। ਇਨ੍ਹਾਂ ਵਿੱਚ ਸਾਈਬਰ ਸਬੰਧਾਂ, ਸਾਈਬਰ ਸਪੇਸ ਦੀ ਪੁਰਅਮਨ ਤੇ ਆਜ਼ਾਦ ਵਰਤੋਂ ਅਤੇ ਅਸਰਦਾਰ ਸਾਈਬਰ ਸੁਰੱਖਿਆ ਸਬਧੀ ਸੂਚਨਾ ਤੇ ਰਣਨੀਤੀਆਂ ਦੇ ਵਟਾਂਦਰੇ ਤੋਂ ਇਲਾਵਾ ਕੌਮਾਂਤਰੀ ਤੇ ਜਥੇਬੰਦ ਜੁਰਮਾਂ ਦੇ ਟਾਕਰੇ ਲਈ ਸੂਚਨਾ ਦੇ ਵਟਾਂਦਰੇ, ਗੰਗਾ ਦਰਿਆ ਦੀ ਕਾਇਆ ਕਲਪ, ਸ਼ਹਿਰੀ ਵਿਕਾਸ ’ਚ ਭਾਈਵਾਲੀ, ਹੁਨਰ ਵਿਕਾਸ ਤੇ ਗ਼ੈਰਫ਼ੌਜੀ ਮਕਸਦਾਂ ਲਈ ਪਰਮਾਣੂ ਊਰਜਾ ਦੀ ਸੁਰੱਖਿਅਤ ਵਰਤੋਂ ਆਦਿ ਨਾਲ ਸਬੰਧਤ ਸਮਝੌਤੇ ਵੀ ਸ਼ਾਮਲ ਹਨ।
 

 

 

fbbg-image

Latest News
Magazine Archive