ਸਿੰਧੂ ਨੂੰ ਹਰਾ ਕੇ ਸਾਇਨਾ ਨੇ ਜਿੱਤਿਆ ਸੋਨ ਤਗ਼ਮਾ, ਸ੍ਰੀਕਾਂਤ ਨੂੰ ਜੁੜੀ ਕਾਂਸੀ


ਗੋਲਡ ਕੋਸਟ - ਸਾਇਨਾ ਨੇਹਵਾਲ ਨੇ ਆਪਣੀ ਹਮਲਾਵਰ ਖੇਡ ਦੇ ਸਾਹਮਣੇ ਪੀਬੀ ਸਿੰਧੂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਦਿਆਂ ਅੱਜ 12ਵੀਆਂ ਰਾਸ਼ਟਰਮੰਡਲ ਖੇਡਾਂ ਦੇ ਆਖ਼ਰੀ ਦਿਨ ਮਹਿਲਾ ਸਿੰਗਲਜ਼ ਵਿੱਚ ਸੋਨ ਤਗ਼ਮਾ ਜਿੱਤਿਆ, ਪਰ ਕਿਦਾਂਬੀ ਸ੍ਰੀਕਾਂਤ ਨੂੰ ਪੁਰਸ਼ ਸਿੰਗਲਜ਼ ਅਤੇ ਸਾਤਵਿਕ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੂੰ ਪੁਰਸ਼ ਡਬਲਜ਼ ਵਿੱਚ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।
ਅੱਜ ਦੇ ਮੈਚ ਵਿੱਚ ਸਿੰਧੂ ਉੱਤੇ ਜਿੱਤ ਦਾ 3-1 ਰਿਕਾਰਡ ਰੱਖਣ ਵਾਲੀ ਸਾਇਨਾ ਨੇ ਫਿਰ ਤੋਂ ਆਪਣੀ ਹਮਵਤਨ ਵਿਰੋਧੀ ਖਿਡਾਰਨ ਉੱਤੇ ਆਪਣਾ ਦਬਦਬਾ ਕਾਇਮ ਕੀਤਾ ਅਤੇ ਇੱਕ ਘੰਟੇ ਤੱਕ ਚੱਲੇ ਮੁਕਾਬਲੇ ਵਿੱਚ 21-18, 23-21 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਸਾਇਨਾ ਦਾ ਵਰਤਮਾਨ ਰਾਸ਼ਟਰਮੰਡਲ ਖੇਡਾਂ ਵਿੱਚ ਮੁਹਿੰਮ ਦਾ ਵੀ ਸੁਖਦ ਅੰਤ ਹੋਇਆ। ਉਸ ਨੇ ਭਾਰਤ ਨੂੰ ਇਸ ਤੋਂ ਪਹਿਲਾਂ ਟੀਮ ਚੈਂਪੀਅਨਸ਼ਿਪ ਦਾ ਸੋਨ ਤਗ਼ਮਾ ਦਿਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ਸਾਇਨਾ ਨੇ 2010 ਵਿੱਚ ਸੋਨ ਤਗਮਾ ਜਿੱਤਿਆ ਸੀ।
ਪੁਰਸ਼ਾਂ ਦੇ ਸਿੰਗਲਜ਼ ਵਰਗ ਵਿੱਚ ਵਿਸ਼ਵ ਦਾ ਨੰਬਰ ਇੱਕ ਖਿਡਾਰੀ ਸ੍ਰੀਕਾਂਤ ਮਲੇਸ਼ੀਆ ਦੇ ਧੁਨੰਤਰ ਲੀ ਚੌਂਗ ਵੇਈ ਤੋਂ 19-21, 21-14, 21-14 ਨਾਲ ਹਾਰ ਗਏ। ਸਾਤਵਿਕ ਅਤੇ ਚਿਰਾਗ ਦੀ ਜੋੜੀ ਵੀ ਪੁਰਸ਼ ਡਬਲਜ਼ ਵਿੱਚ ਦੂਜੇ ਸਥਾਨ ਉੱਤੇ ਰਹੀ। ਪਹਿਲੀ ਵਾਰ ਇਨ੍ਹਾਂ ਖੇਡਾਂ ਵਿੱਚ ਭਾਗ ਲੈ ਰਹੀ ਇਹ ਭਾਰਤੀ ਜੋੜੀ ਫਾਈਨਲ ਵਿੱਚ ਮਾਰਕਸ ਐਲਿਸ ਅਤੇ ਕ੍ਰਿਸ ਲੈਂਗਰਿਜ ਦੀ ਰੀਓ ਓਲੰਪਿਕ ਦੀ ਕਾਂਸੀ ਦਾ ਤਗ਼ਮਾ ਜੇਤੂ ਜੋੜੀ ਤੋਂ 13-21, 16-21 ਨਾਲ ਹਰ ਗਈ। ਓਵਰਆਲ ਬੈਡਮਿੰਟਨ ਵਿੱਚ ਭਾਰਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੱਜ ਦਿਨ ਦੇ ਵਿੱਚ ਮੁੱਖ ਖਿੱਚ ਦਾ ਕੇਂਦਰ ਸਾਇਨਾ ਅਤੇ ਸਿੰਧੂ ਦਾ ਮੈਚ ਰਿਹਾ।
ਸਕੂਐਸ਼ ’ਚ ਜੋਸ਼ਨਾ ਅਤੇ ਚਿਨੱਪਾ ਨੂੰ ਚਾਂਦੀ ਦਾ ਤਗ਼ਮਾ
ਗਲਾਸਗੋ ਵਿੱਚ ਸਕੂਐਸ਼ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨੱਪਾ ਦੀ ਜੋੜੀ ਮਹਿਲਾਵਾਂ ਦੇ ਡਬਲਜ਼ ਵਰਗ ਵਿੱਚ ਆਪਣੇ ਖਿਤਾਬ ਦੀ ਰਾਖੀ ਕਰਨ ਵਿੱਚ ਸਫਲ ਨਾ ਹੋ ਸਕੀ ਅਤੇ ਉਨ੍ਹਾਂ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਚਾਰ ਸਾਲ ਪਹਿਲਾਂ ਗਲਾਸਗੋ ਵਿੱਚ ਇਤਿਹਾਸ ਰਚਣ ਵਾਲੀ ਪੱਲੀਕਲ ਅਤੇ ਚਿਨੱਪਾ ਦੀ ਜੋੜੀ ਖ਼ਿਤਾਬੀ ਮੁਕਾਬਲੇ ਵਿੱਚ ਰੈਫਰੀ ਦੇ ਕੁੱਝ ਫੈਸਲਿਆਂ ਤੋਂ ਪ੍ਰੇਸ਼ਾਨ ਦਿਖ ਰਹੀ ਸੀ। ਪੱਲੀਕਲ ਨੇ ਕੱਲ੍ਹ ਮਿਸ਼ਰਤ ਡਬਲਜ਼ ਫਾਈਨਲ ਵਿੱਚ ਰੈਫਰਿੰਗ ਉੱਤੇ ਸਵਾਲ ਉਠਾਏ ਸਨ ਜਦੋਂ ਉਸਨੂੰ ਅਤੇ ਸੌਰਵ ਘੋਸ਼ਾਲ ਨੂੰ ਆਸਟਰੇਲੀਆ ਦੀ ਡੋਨਾ ਉਰਕਹਾਰਟ ਅਤੇ ਕੈਮਰਨ ਪਿੱਲੇ ਤੋਂ ਹਾਰ ਨਾਲ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ ਸੀ। ਜੇ ਤਗ਼ਮਿਆਂ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦਾ ਇਹ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਹੈ।
ਮਹਿਲਾ ਸਿੰਗਲਜ਼ ਵਰਗ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਮਨਿਕਾ ਬਤਰਾ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਥੇ ਜੀ ਸਾਥੀਆਨ ਨਾਲ ਮਿਲ ਕੇ ਟੇਬਲ ਟੈਨਿਸ ਦੇ ਮਿਸ਼ਰਤ ਡਬਲਜ਼ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਤਰ੍ਹਾਂ ਮਨਿਕਾ ਨੇ ਜਿਸ ਵੀ ਮੁਕਾਬਲੇ ਵਿੱਚ ਹਿੱਸਾ ਲਿਆ ਹੈ, ਉਹ ਤਗ਼ਮਾ ਜਿੱਤਣ ਵਿੱਚ ਸਫਲ ਰਹੀ ਹੈ। ਮਨਿਕਾ ਅਤੇ ਜੀ ਸਾਥੀਆਨ ਨੇ ਕੱਲ੍ਹ ਕਾਂਸੀ ਦੇ ਤਗ਼ਮੇ ਲਈ ਸ਼ਰਤ ਕਮਲ ਅਤੇ ਮੌਮਾ ਦਾਸ ਦੀ ਹਮਵਤਨੀ ਸੀਨੀਅਰ ਜੋੜੀ ਨੂੰ 11-6, 11-2 ਅਤੇ 11-4 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਮਨਿਕਾ ਨੇ ਮਹਿਲਾ ਸਿੰਗਲਜ਼ ਦੇ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਸੀ। ਉਹ ਟੀਮ ਵਰਗ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਦੀ ਵੀ ਮੈਂਬਰ ਸੀ।
ਇਸ ਦੌਰਾਨ ਹੀ ਭਾਰਤ ਦੇ ਸ਼ਰਤ ਕਮਲ ਨੇ ਸਿੰਗਲਜ਼ ਵਰਗ ਵਿੱਚ ਇੰਗਲੈਂਡ ਦੇ ਸੈਮੁਅਲ ਵਾਕਰ ਨੂੰ ਹਰਾ ਕੇ ਰਾਸ਼ਟਰ ਮੰਡਲ ਖੇਡਾਂ ਵਿੱਚ ਆਪਣਾ ਤੀਜਾ ਤਗ਼ਮਾ ਜਿੱਤਿਆ। ਸ਼ਰਤ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਵੀ ਹਿੱਸਾ ਸੀ। ਭਾਰਤ ਦੀ ਦਸ ਮੈਂਬਰੀ ਟੀਮ ਨੇ ਇਸ ਤਰ੍ਹਾਂ ਇਨ੍ਹਾਂ ਖੇਡਾਂ ਵਿੱਚ ਕੁੱਲ ਅੱਠ ਤਗ਼ਮੇ ਜਿੱਤੇ ਹਨ। ਇਨ੍ਹਾਂ ਵਿੱਚ ਤਿੰਨ ਸੋਨੇ ਦੇ ਦੋ ਚਾਂਦੀ ਦੇ ਅਤੇ ਤਿੰਨ ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਭਾਰਤ ਦਾ ਇਹ ਇਨ੍ਹਾਂ ਖੇਡਾਂ ਵਿੱਚ ਟੇਬਲ ਟੈਨਿਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਹੈ। ਬਤਰਾ ਨੇ ਕਿਹਾ ਕਿ ਉਹ ਸਾਥੀਆਨ ਨਾਲ ਆਪਣੀ ਜੋੜੀ ਬਣਾਈ ਰੱਖੇਗੀ ਅਤੇ ਉਸ ਦੇ ਨਾਲ ਮਿਲ ਕੇ ਹੀ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ ਹਿੱਸਾ ਲਵੇਗੀ।
ਮੇਰੇ ਲਈ ਿਪਤਾ ਸਭ ਤੋਂ ਪਹਿਲਾਂ: ਸਾਇਨਾ
ਗੋਲਡ ਕੋਸਟ - ਸਾਇਨਾ ਨੇਹਵਾਲ ਨੇ ਅੱਜ ਕਿਹਾ ਕਿ ਉਸ ਨੂੰ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਖੇਡ ਪਿੰਡ ਵਿੱਚ ਠਹਿਰਨ ਨੂੰ ਲੈ ਕੇ ਪਿਤਾ ਦੇ ਲਈ ਆਵਾਜ਼ ਉਠਾਉਣ ਦਾ ਕੋਈ ਪਛਤਾਵਾ ਨਹੀ ਹੈ। ਉਦੋਂ ਉਸਨੇ ਸਿੰਗਲਜ਼ ਅਤੇ ਟੀਮ ਮੁਕਾਬਲੇ ਵਿੱਚੋਂ ਹਟਣ ਤੱਕ ਦੀ ਚੇਤਾਵਨੀ ਦੇ ਦਿੱਤੀ ਸੀ। ਸਾਇਨਾ ਨੇ ਅੱਜ ਪੀਵੀ ਸਿੰਧੂ ਨੂੰ ਹਰਾਉਣ ਤੋਂ ਬਾਅਦ ਕਿਹਾ,‘ ਮੈਨੂੰ ਆਪਣੇ ਪਿਤਾ ਜੀ ਦੇ ਲਈ ਕਿਸੇ ਨਾਲ ਵੀ ਭਿੜਨ ਤੋਂ ਗੁਰੇਜ਼ ਨਹੀ ਹੈ। ਉਸਨੇ ਆਪਣੇ ਪਿਤਾ ਨੂੰ ਖੇਡ ਪਿੰਡ ਵਿੱਚ ਦਾਖਲਾ ਨਾ ਮਿਲਣ ਉੱਤੇ ਉਸਨੇ ਕਿਹਾ ਕਿ ਉਸ ਨੂੰ ਕਿਉਂ ਕਿਹਾ ਗਿਆ ਕਿ ਸਾਰਾ ਪ੍ਰਬੰਧ ਕਰ ਦਿੱਤਾ ਗਿਆ ਹੈ। ਜੇ ਉਸ ਨੂੰ ਪਤਾ ਹੁੰਦਾ ਤਾਂ ਉਹ ਹੋਟਲ ਵਿੱਚ ਕਮਰਾ ਬੁੱਕ ਕਰਵਾ ਦਿੰਦੀ। ਉਨ੍ਹਾਂ ਨੂੰ ਨਿਜੀ ਕੋਚ ਦਾ ਮਾਨਤਾ ਪੱਤਰ ਮਿਲਿਆ ਸੀ ਅਤੇ ਲੰਬੀ ਯਾਤਰਾ ਤੋਂ ਬਾਅਦ ਉਸ ਨੂੰ ਇਸ ਤਰ੍ਹਾਂ ਦੀ ਸਥਿਤੀ ਨਾਲ ਜੂਝਣਾ ਪਿਆ। ਇਸ ਨਾਲ ਉਹ ਕਾਫੀ ਪ੍ਰੇਸ਼ਾਨੀ ਵਿੱਚ ਰਹੀ। ਦੋ ਦਿਨ ਤੱਕ ਉਹ ਸੌਂ ਵੀ ਨਹੀਂ ਸਕੀ। ਉਸ ਦੇ ਪਿਤਾ ਦੋ ਦਿਨ ਤਕ ਖੇਡ ਪਿੰਡ ਤੋਂ ਬਾਹਰ ਬੈਠੈ ਰਹੇ। ਸਾਇਨਾ ਨੇ ਕਿਹਾ,‘ ਮੈਂ ਦੋ ਘੰਟੇ ਵੀ ਸੌਂ ਨਹੀਂ ਸਕੀ।
ਹਰਿਆਣਾ ਦੇ ਤਗ਼ਮਾ ਜੇਤੂਆਂ ਨੂੰ ਮਿਲਣਗੇ ਡੇਢ ਕਰੋੜ਼
ਚੰਡੀਗੜ੍ਹ - ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਹਰਿਆਣਾ ਦੇ ਖਿਡਾਰੀਆਂ ਨੂੰ ਰਾਜ ਸਰਕਾਰ ਨੇ ਡੇਢ ਕਰੋੜ ਰੁਪਏ ਦਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਸੂਬੇ ਦੇ ਖੇਡ ਮੰਤਰੀ ਅਨਿਲ ਵਿੱਜ ਨੇ ਇਹ ਐਲਾਨ ਕਰਦਿਆਂ ਰਾਜ ਦੇ 22 ਤਗ਼ਮਾ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ, ਜਿਨ੍ਹਾਂ ’ਚੋਂ ਨੌਂ ਨੇ ਸੋਨ, ਛੇ ਚਾਂਦੀ ਤੇ ਸੱਤ ਕਾਂਸੇ ਦੇ ਤਗ਼ਮਾ ਜੇਤੂ ਹਨ। ਚਾਂਦੀ ਦਾ ਤਗ਼ਮਾ ਜੇਤੂਆਂ ਨੂੰ 75 ਲੱਖ ਜਦਕਿ ਕਾਂਸੀ ਜਿੱਤਣ ਵਾਲੇ ਖਿਡਾਰੀਆਂ ਨੂੰ 50 ਲੱਖ ਰੁਪਏ ਦਾ ਇਨਾਮ ਮਿਲੇਗਾ। ਵਿੱਜ ਨੇ ਕਿਹਾ, ‘ਇਹ ਵੱਡੀ ਪ੍ਰਾਪਤੀ ਹੈ ਤੇ ਉਨ੍ਹਾਂ ਦੇਸ਼ ਤੇ ਰਾਜ ਦਾ ਨਾਂ ਉੱਚਾ ਕੀਤਾ ਹੈ।’ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਹਰ ਸੋਨ ਤਗ਼ਮਾ ਜੇਤੂ ਨੂੰ ਸ਼੍ਰੇਣੀ ਏ ਅਤੇ ਚਾਂਦੀ ਤੇ ਕਾਂਸੇ ਦਾ ਤਗ਼ਮਾ ਜੇਤੂਆਂ ਨੂੰ ਕ੍ਰਮਵਾਰ ਸ਼੍ਰੇਣੀ ਬੀ ਤੇ ਸੀ ਦੀਆਂ ਨੌਕਰੀਆਂ ਦੇਵੇਗੀ।
ਆਸਟਰੇਲੀਆ ਦੀ ਗੁਆਚੀ ਸਾਖ਼ ਬਹਾਲ
ਗੋਲਡ ਕੋਸਟ: ਰਾਸ਼ਟਰਮੰਡਲ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪੀਟਰ ਬੈਟੀ ਨੇ ਕਿਹਾ ਕਿ ਗੇਂਦ ਨਾਲ ਛੇੜਛਾੜ ਮਾਮਲੇ ਕਾਰਨ ਆਸਟਰੇਲੀਆ ਦੀ ਹੋਈ ਬਦਨਾਮੀ ਬਾਅਦ ਖੇਡਾਂ ਨੂੰ ਸਫਲਤਾਪੂਰਵਕ ਸਿਰੇ ਚੜ੍ਹਾ ਕੇ ਆਪਣੀ ਪੇਸ਼ੇਵਰ ਪਹੁੰਚ ਨੂੰ ਬਰਕਰਾਰ ਰੱਖਦਿਆਂ ਆਪਣੀ ਗੁਆਚਿਆ ਵਕਾਰ ਮੁੜ ਕਾਇਮ ਕਰ ਲਿਆ ਹੈ।

 

 

fbbg-image

Latest News
Magazine Archive