ਰਾਹੁਲ ਵੱਲੋਂ ਮੋਦੀ ’ਤੇ ‘ਜਾਤੀਵਾਦ’ ਦਾ ਵਾਰ


ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇਥੇ ਪਾਰਟੀ ਵੱਲੋਂ ਜਾਤੀਵਾਦੀ ਹਿੰਸਾ ਖ਼ਿਲਾਫ਼ ਕੀਤੇ ‘ਸਦਭਾਵਨਾ ਵਰਤ’ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਜਾਤੀਵਾਦੀ’ ਕਰਾਰ ਦਿੱਤਾ। ਦੂਜੇ ਪਾਸੇ ਭਾਜਪਾ ਨੇ ਉਨ੍ਹਾਂ ਦੇ ਰੋਸ ਮੁਜ਼ਾਹਰੇ ਨੂੰ ‘ਡਰਾਮਾ’ ਦੱਸਿਆ ਹੈ। ਕਾਂਗਰਸ ਨੇ ਅੱਜ ਦੇਸ਼ ਭਰ ਵਿੱਚ ‘ਸਦਭਾਵਨਾ ਵਰਤ’ ਰੱਖ ਕੇ ਦਲਿਤ ਭਾਈਚਾਰੇ ਵੱਲੋਂ ਬੀਤੀ 2 ਅਪਰੈਲ ਨੂੰ ਕੀਤੇ ‘ਭਾਰਤ ਬੰਦ’ ਦੌਰਾਨ ਤੇ ਇਸ ਤੋਂ ਬਾਅਦ ਦਲਿਤਾਂ ਖ਼ਿਲਾਫ਼ ਹਿੰਸਾ ਵਧਣ, ਫ਼ਿਰਕਾਪ੍ਰਤੀ ਦੇ ਜ਼ੋਰ ਫੜਨ ਅਤੇ ਭਾਜਪਾ ਵੱਲੋਂ ਸੰਸਦ ਨੂੰ ਸਹੀ ਤਰੀਕੇ ਨਾਲ ਨਾ ਚਲਾਉਣ ਦਾ ਵਿਰੋਧ ਕੀਤਾ।
ਇਸ ਮੌਕੇ ਵੱਖ-ਵੱਖ ਸੂਬਾਈ ਰਾਜਧਾਨੀਆਂ ਅਤੇ ਜ਼ਿਲ੍ਹਾ ਸਦਰ ਮੁਕਾਮਾਂ ਉਤੇ ਵੀ ਵਰਤ ਰੱਖੇ ਗਏ। ਪਾਰਟੀ ਵੱਲੋਂ ਮੁੱਖ ਮੁਜ਼ਾਹਰਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਇਥੇ ਮਹਾਤਮਾ ਗਾਂਧੀ ਦੀ ਸਮਾਧੀ ‘ਰਾਜਘਾਟ’ ਨੇੜੇ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਕਮਲ ਨਾਥ, ਮਲਿਕਾਰਜੁਨ ਖੜਗੇ, ਸ਼ੀਲਾ ਦੀਕਸ਼ਿਤ, ਅਸ਼ੋਕ ਗਹਿਲੋਤ, ਅਜੈ ਮਾਕਨ ਤੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲ ਵੀ ਵਰਤ ’ਤੇ ਬੈਠੇ। ਮੁਜ਼ਾਹਰੇ ਉਪਰ ਜਿਥੇ 1984 ਦੇ ਸਿੱਖ ਕਤਲੇਆਮ ਸਬੰਧੀ ਅਦਾਲਤੀ ਗੇੜ ਵਿੱਚ ਫਸੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੀ ਸ਼ਮੂਲੀਅਤ ਦਾ ਪਰਛਾਵਾਂ ਪਿਆ, ਉਥੇ ਦਿੱਲੀ ਕਾਂਗਰਸ ਦੇ ਆਗੂਆਂ ਵੱਲੋਂ ਵਰਤ ਤੋਂ ਪਹਿਲਾਂ ਛੋਲੇ-ਭਟੂਰਿਆਂ ਨਾਲ ਪੇਟ ਭਰਨ ਦੀਆਂ ਵਾਇਰਲ ਹੋਈਆਂ ਤਸਵੀਰਾਂ ਨੇ ਵੀ ਵਿਰੋਧੀਆਂ ਨੂੰ ਕਾਂਗਰਸੀਆਂ ’ਤੇ ਨਿਸ਼ਾਨੇ ਸੇਧਣ ਦਾ ਮੌਕਾ ਦਿੱਤਾ।
ਪਾਰਟੀ ਤਰਜਮਾਨ ਰਣਦੀਪ ਸੁਰਜੇਵਾਲਾ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ, ਜਿਸ ਦੀ ਨੁਮਾਇੰਦਗੀ ਭਾਰਤ ਕਰਦਾ ਹੈ। ਵੋਟਾਂ ਖ਼ਾਤਰ ਨਫ਼ਰਤ ਤੇ ਵੰਡ ਦੀ ਰਾਜਨੀਤੀ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਆਗੂਆਂ ਮੁਤਾਬਕ ਇਹ ਵਰਤ ਭਾਜਪਾ ਦੀ ਸੰਸਦ ਨੂੰ ਸੁਚੱਜੇ ਢੰਗ ਨਾਲ ਨਾ ਚਲਾਉਣ, ਫਿਰਕੂ ਰਾਜਨੀਤੀ, ਪੀਐਨਬੀ ਘੁਟਾਲੇ, ਸੀਬੀਐਸਈ ਪਰਚਾ ਲੀਕ, ਐੱਸਸੀ-ਐੱਸਟੀ ਐਕਟ ਪੇਤਲਾ ਕਰਨ, ਆਂਧਰਾ ਪ੍ਰਦੇਸ਼ ਦੇ ਮੁੱਦੇ ਅਤੇ ਕਵੇਰੀ ਜਲ ਵਿਵਾਦ ਵਰਗੇ ਮੁੱਦਿਆਂ ਨੂੰ ਲੈ ਕੇ ਕੀਤਾ ਗਿਆ।
ਸ੍ਰੀ ਗਾਂਧੀ ਨੇ ਇਸ ਮੌਕੇ ਕਿਹਾ ਕਿ ਅੰਗਰੇਜ਼ਾਂ ਵਾਂਗ ਹੀ ਭਾਜਪਾ ਸਰਕਾਰ ਦੇਸ਼ ਨੂੰ ਵੰਡਣ ਦੀ ਨੀਤੀ ਉਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਲੋਕਾਂ ਨੂੰ ਧਰਮਾਂ ’ਚ ਵੰਡਣਾ, ਭਾਈਚਾਰੇ ਵੰਡਣਾ, ਜਾਤਾਂ ਵੰਡਣਾ ਸ੍ਰੀ ਮੋਦੀ ਦੇ ਡੀਐਨਏਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ, ‘‘ਪਹਿਲਾਂ ਸਰਕਾਰ ਨੇ ਦੇਸ਼ ਨੂੰ ਧਾਰਮਿਕ ਲੀਹਾਂ ’ਤੇ ਵੰਡਿਆ ਅਤੇ ਹੁਣ ਦਲਿਤ-ਗ਼ੈਰ ਦਲਿਤ ਦਰਮਿਆਨ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ।’’ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਦਲਿਤ ਐਮਪੀਜ਼ ਵੱਲੋਂ ਸ੍ਰੀ ਮੋਦੀ ਨੂੰ ਪੱਤਰ ਲਿਖੇ ਜਾਣ ਸਬੰਧੀ ਕਿਹਾ, ‘‘ਜਦੋਂ ਤੁਸੀਂ ਸੰਸਦ ਵਿੱਚ ਉਨ੍ਹਾਂ (ਭਾਜਪਾ ਐਮਪੀਜ਼) ਨਾਲ ਗੱਲ ਕਰਦੇ ਹੋ, ਤਾਂ ਉਹ ਆਖਦੇ ਹਨ ਕਿ ਮੋਦੀ ਜੀ ਜਾਤੀਵਾਦੀ ਤੇ ‘ਦਲਿਤ ਵਿਰੋਧੀ’ ਹਨ। ਮੋਦੀ ਜੀ ਦੇ ਦਿਲ ਵਿੱਚ ਦਲਿਤਾਂ ਲਈ ਕੋਈ ਥਾਂ ਨਹੀਂ ਹੈ।’’
ਦੂਜੇ ਪਾਸੇ ਭਾਜਪਾ ਨੇ ਮੋੜਵਾਂ ਵਾਰ ਕਰਦਿਆਂ ਕਾਂਗਰਸ ਦੇ ਰੋਸ ਮੁਜ਼ਾਹਰੇ ਨੂੰ ‘ਡਰਾਮਾ’ ਕਰਾਰ ਦਿੱਤਾ। ਭਾਜਪਾ ਦੇ ਅਧਿਕਾਰਤ ਟਵਿੱਟਰ ਹੈਂਡਲ ਉਤੇ ਟਵੀਟ ਵਿੱਚ ਪਾਰਟੀ ਨੇ ਕਿਹਾ ਹੈ, ‘‘ਅਸੀਂ ਅੱਜ ਜੋ ਦੇਖਿਆ, ਉਸ ਮੁਤਾਬਕ ਇਹ ਰਾਹੁਲ ਗਾਂਧੀ ਦਾ ਵਰਤ ਨਹੀਂ, ਸਗੋਂ ਵਰਤ ਦਾ ਡਰਾਮਾ ਸੀ।’’ ਇਸ ਵਿੱਚ ਛੋਲੇ-ਭਟੂਰੇ ਖਾਂਦੇ ਕਾਂਗਰਸੀਆਂ ਦੀਆਂ ਫੋਟੋਆਂ ਵੀ ਨਸ਼ਰ ਕੀਤੀਆਂ ਗਈਆਂ ਹਨ। ਪਾਰਟੀ ਦੇ ਤਰਜਮਾਨ ਸੰਬਿਤ ਪਾਤਰਾ ਨੇ ਕਾਂਗਰਸ ਉਤੇ ‘ਦੋਹਰੇ ਮਿਆਰ’ ਅਪਣਾਉਣ ਤੇ ਦਲਿਤਾਂ ਦਾ ਮਜ਼ਾਕ ਉਡਾਉਣ ਦੇ ਦੋਸ਼ ਵੀ ਲਾਏ।
ਛਕ ਲਓ ਛੋਲੇ-ਭਟੂਰੇ, ਵਰਤ ’ਤੇ ਬਹਿਣਾ ਏ…
ਨਵੀਂ ਦਿੱਲੀ - ਕਾਂਗਰਸ ਵੱਲੋਂ ਅੱਜ ਇਥੇ ‘ਸਦਭਾਵਨਾ ਵਰਤ’ ਰੱਖੇ ਜਾਣ ਤੋਂ ਪਹਿਲਾਂ ਦਿੱਲੀ ਦੇ ਕਾਂਗਰਸੀ ਆਗੂ- ਸੂਬਾ ਪ੍ਰਧਾਨ ਅਜੈ ਮਾਕਨ, ਅਰਵਿੰਦਰ ਸਿੰਘ ਲਵਲੀ, ਹਾਰੂਨ ਯੂਸਫ਼ ਆਦਿ ਚਾਂਦਨੀ ਚੌਕ ਸਥਿਤ ਛੋਲੇ-ਭਟੂਰਿਆਂ ਦੀ ਇਕ ਮਸ਼ਹੂਰ ਦੁਕਾਨ ਤੋਂ ਛੋਲੇ-ਭਟੂਰੇ ਖਾਣ ਪਿੱਛੋਂ ਹੀ ਵਰਤ ’ਤੇ ਬੈਠਣ ਗਏ। ਇਨ੍ਹਾਂ ਆਗੂਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਕਾਰਨ ਕਾਂਗਰਸੀਆਂ ਨੂੰ ਜਿਥੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਉਥੇ ਭਾਜਪਾ ਦੀਆਂ ਟਿੱਚਰਾਂ ਵੀ ਸਹਿਣੀਆਂ ਪਈਆਂ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਇਸ ਸਬੰਧੀ ਆਪਣੀ ਟਵੀਟ ਵਿੱਚ ਕਿਹਾ: ‘‘ਖਾਇਆ ਪੇਟ ਭਰ ਭਟੂਰਾ-ਛੋਲਾ, ਫਿਰ ਪਹੁੰਚ ਗਏ ਕਰਨ ਵਰਤ ਬਿਨ ਬਦਲੇ ਚੋਲਾ।’’ ਉਨ੍ਹਾਂ ਇਸ ਨੂੰ ਕਾਂਗਰਸ ਵੱਲੋਂ ਦਲਿਤਾਂ ਤੇ ਗ਼ਰੀਬਾਂ ਨਾਲ ਮਜ਼ਾਕ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਦਲਿਤਾਂ ’ਤੇ ਬਹੁਤ ਜ਼ੁਲਮ ਕੀਤੇ ਹਨ। ਸ੍ਰੀ ਲਵਲੀ ਨੇ ਇਸ ਬਾਰੇ ਕਿਹਾ ਕਿ ਇਹ ਤਸਵੀਰਾਂ ਸਵੇਰੇ 8 ਵਜੇ ਦੀਆਂ ਹਨ, ਜਦੋਂਕਿ ਵਰਤ ਸਵੇਰੇ 10.30 ਤੋਂ 4.30 ਵਜੇ ਸ਼ਾਮ ਤੱਕ ਰੱਖਿਆ ਗਿਆ।

 

 

fbbg-image

Latest News
Magazine Archive