ਖਾਨਾਜੰਗੀ: ਕੈਪਟਨ ਪੜ੍ਹਾਉਣਗੇ ਪੁਲੀਸ ਅਫ਼ਸਰਾਂ ਨੂੰ ਅਨੁਸ਼ਾਸਨ ਦਾ ਪਾਠ


ਚੰਡੀਗੜ੍ਹ - ਪੰਜਾਬ ਪੁਲੀਸ ਦੇ ਸਿਖਰਲੇ ਅਧਿਕਾਰੀਆਂ ਦਰਮਿਆਨ ਛਿੜੀ ਖਾਨਾਜੰਗੀ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਅਤੇ ਵਧੀਕ ਡੀਜੀਪੀ ਪੱਧਰ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਮੀਟਿੰਗ ਸੱਦ ਲਈ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਡੀਜੀਪੀ ਨੂੰ ਭੇਜੀ ਗਈ ਸੂਚਨਾ ਮੁਤਾਬਕ ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵਿੱਚ ਇਹ ਮੀਟਿੰਗ ਹੋਵੇਗੀ। ਤਿੰਨ ਡੀਜੀਪੀ ਰੈਂਕ ਦੇ ਅਧਿਕਾਰੀਆਂ ਸੁਰੇਸ਼ ਅਰੋੜਾ, ਸਿਧਾਰਥ ਚਟੋਪਾਧਿਆਏ ਅਤੇ ਦਿਨਕਰ ਗੁਪਤਾ ਦਰਮਿਆਨ ਚੱਲ ਰਹੇ ‘ਗ੍ਰਹਿ ਯੁੱਧ’ ਕਾਰਨ ਪੁਲੀਸ ਵਿਭਾਗ ਅਤੇ ਸਰਕਾਰ ਦੀ ਹਾਲਤ ਬੇਹੱਦ ਕਸੂਤੀ ਬਣੀ ਹੋਈ ਹੈ। ਸੂਤਰਾਂ ਮੁਤਾਬਕ ਪੁਲੀਸ ਅਧਿਕਾਰੀਆਂ ਦੀ ਲੜਾਈ ਦੇ ਭਿਆਨਕ ਸਿੱਟਿਆਂ ਨੂੰ ਭਾਂਪਦਿਆਂ ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨ ਦਾ ਫ਼ੈਸਲਾ ਲਿਆ ਹੈ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲਜੀਤ ਸਿੰਘ ਕਲਸੀ ਅਤੇ ਹੋਰ ਅਧਿਕਾਰੀਆਂ ਨੂੰ ਵੀ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਸੂਬੇ ਵਿੱਚ ਇਸ ਸਮੇਂ ਡੀਜੀਪੀ ਰੈਂਕ ਦੇ 11 ਅਧਿਕਾਰੀ ਹਨ ਅਤੇ 1984 ਬੈਚ ਦੇ ਅਧਿਕਾਰੀ ਸਾਮੰਤ ਗੋਇਲ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ’ਤੇ ਹਨ। ਸਰਕਾਰ ਵੱਲੋਂ ਹਾਲ ਹੀ ’ਚ ਆਈਜੀ ਰੈਂਕ ਦੇ 8 ਅਧਿਕਾਰੀਆਂ ਨੂੰ ਏਡੀਜੀਪੀ ਬਣਾਉਣ ਮਗਰੋਂ ਵਧੀਕ ਡੀਜੀਪੀਜ਼ ਦੀ ਗਿਣਤੀ ਵੀ 18 ਤੱਕ ਪਹੁੰਚ ਗਈ ਹੈ। ਸੂਤਰਾਂ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੀ ਸਲਾਹ ’ਤੇ ਇਹ ਬੈਠਕ ਹੋ ਰਹੀ ਹੈ। ਮੀਟਿੰਗ ਦੌਰਾਨ ਸਾਰੇ ਪੁਲੀਸ ਅਧਿਕਾਰੀਆਂ ਨੂੰ ਅਨੁਸ਼ਾਸਨ ’ਚ ਰਹਿਣ ਦਾ ਪਾਠ ਵੀ ਪੜ੍ਹਾਇਆ ਜਾਵੇਗਾ। ਪੁਲੀਸ ਅਧਿਕਾਰੀਆਂ ਦਰਮਿਆਨ ਛਿੜੇ ਰੱਫੜ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਪੁਲੀਸ ਮੁਖੀ ਸੁਰੇਸ਼ ਅਰੋੜਾ ਸਮੇਤ ਡੀਜੀਪੀ ਰੈਂਕ ਦੇ ਦੋ ਅਧਿਕਾਰੀ ਸਿਧਾਰਥ ਚਟੋਪਾਧਿਆਏ ਅਤੇ ਵਧੀਕ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਦਾ ਟਾਕਰਾ ਹੋਵੇਗਾ। ਮੀਟਿੰਗ ਦੌਰਾਨ ਪੁਲੀਸ ਅਧਿਕਾਰੀਆਂ ਦੇ ਟਕਰਾਅ ਦੀ ਤਾਂ ਕੋਈ ਗੁੰਜਾਇਸ਼ ਨਹੀਂ ਹੈ ਪਰ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਿਲੇ-ਸ਼ਿਕਵੇ ਦੂਰ ਕਰਨ ਦਾ ਇਹ ਢੁੱਕਵਾਂ ਪਲੇਟਫਾਰਮ ਹੋ ਸਕਦਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਦਾ ਟਕਰਾਅ ਭਾਵੇਂ ਐਸ ਚਟੋਪਾਧਿਆਏ ਵਾਂਗ ਜਨਤਕ ਰੂਪ ਵਿੱਚ ਸਾਹਮਣੇ ਨਹੀਂ ਆਇਆ ਪਰ ਦੋਹਾਂ ਅਧਿਕਾਰੀਆਂ (ਅਰੋੜਾ-ਗੁਪਤਾ) ਨਾਲ ਪਿਛਲੇ ਕਈ ਮਹੀਨਿਆਂ ਤੋਂ ਚੱਲਦੀ ਅੰਦਰੂਨੀ ਜੰਗ ਦੀ ਅੱਗ ਅੰਦਰੋਂ ਅੰਦਰੀ ਪੂਰੀ ਤਰ੍ਹਾਂ ਸੁਲਗ਼ ਰਹੀ ਹੈ। ਸਰਕਾਰ ਵੱਲੋਂ ਪੁਲੀਸ ਅਧਿਕਾਰੀਆਂ ਦੇ ਦੋ ਦਿਨ ਪਹਿਲਾਂ ਕੀਤੇ ਤਬਾਦਲਿਆਂ ਦੌਰਾਨ ਹਰਪ੍ਰੀਤ ਸਿੰਘ ਸਿੱਧੂ ਦੇ ਪਰ ਕੁਤਰਨ ਤੋਂ ਬਾਅਦ ਅੰਦਰੂਨੀ ਖਹਿਬਾਜ਼ੀ ਹੋਰ ਵੀ ਤੇਜ਼ ਹੋ ਗਈ ਦੱਸੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਐਸ. ਚਟੋਪਾਧਿਆਏ ਨੇ ਸੁਰੇਸ਼ ਅਰੋੜਾ ਅਤੇ ਦਿਨਕਰ ਗੁਪਤਾ ਖ਼ਿਲਾਫ਼ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ਰਾਹੀਂ ਸਨਸਨੀਖੇਜ਼ ਦੋਸ਼ ਲਾਏ ਸਨ। ਇਸ ਤੋਂ ਬਾਅਦ ਸਰਕਾਰ ਨੇ  ਮਾਮਲੇ ਦੀ ਪੜਤਾਲ ਲਈ 3 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਸੀ।

 

 

fbbg-image

Latest News
Magazine Archive