ਦੋ ਰਾਤਾਂ ਦੀ ਜੇਲ੍ਹ ਮਗਰੋਂ ਸਲਮਾਨ ਨੂੰ ਮਿਲੀ ਬੇਲ


ਜੋਧਪੁਰ - ਅਦਾਕਾਰ ਸਲਮਾਨ ਖ਼ਾਨ ਜ਼ਿਲ੍ਹਾ ਸੈਸ਼ਨ ਅਦਾਲਤ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਜੋਧਪੁਰ ਜੇਲ੍ਹ ’ਚੋਂ ਰਿਹਾਅ ਹੋ ਗਏ ਹਨ। ਇਕ ਪੁਲੀਸ ਅਫ਼ਸਰ ਨੇ ਦੱਸਿਆ ਕਿ ਰਿਹਾਈ ਤੋਂ ਬਾਅਦ 52 ਸਾਲਾ ਅਦਾਕਾਰ ਨੂੰ ਪੁਲੀਸ ਪਹਿਰੇ ਹੇਠ ਇੱਥੇ ਹਵਾਈ ਅੱਡੇ ’ਤੇ ਲਿਜਾਇਆ ਗਿਆ। ਪਹਿਲਾਂ ਜ਼ਿਲ੍ਹਾ ਸੈਸ਼ਨ ਜੱਜ ਰਵਿੰਦਰ ਕੁਮਾਰ ਜੋਸ਼ੀ ਨੇ ਸਲਮਾਨ ਖ਼ਾਨ ਦੀ ਜ਼ਮਾਨਤ ਅਰਜ਼ੀ ਪ੍ਰਵਾਨ ਕਰ ਲਈ ਤੇ ਉਸ ਨੂੰ ਆਪਣੀ ਸਜ਼ਾ ਖ਼ਿਲਾਫ਼ ਅਪੀਲ ਕਰਨ ਲਈ ਇਕ ਮਹੀਨੇ ਦੀ ਮੋਹਲਤ ਵੀ ਦੇ ਦਿੱਤੀ। ਜੋਧਪੁਰ ਜੇਲ੍ਹ ਦੇ ਬਾਹਰਵਾਰ ਇਕੱਠੇ ਹੋਏ ਸਲਮਾਨ ਖ਼ਾਨ ਦੇ ਸੈਂਕੜੇ ਪ੍ਰਸ਼ੰਸਕਾਂ ਨੇ ਆਪਣੇ ਚਹੇਤੇ ਸਟਾਰ ਦੇ ਬਾਹਰ ਆਉਂਦਿਆਂ ਹੀ ਪਟਾਕੇ ਚਲਾਏ ਤੇ ਉਸ ਦੀਆਂ ਫਿਲਮਾਂ ਦੇ ਗਾਣਿਆਂ ਦੀਆਂ ਤਰਜਾਂ ’ਤੇ ਖੂਬ ਨਾਚ ਗਾਣਾ ਕੀਤਾ।  ਜ਼ਮਾਨਤ ਦੇ ਕਾਗ਼ਜ਼ਾਤ ਮਿਲਣ ਸਾਰ ਜੇਲ੍ਹ ਅਧਿਕਾਰੀਆਂ ਨੇ ਸਲਮਾਨ ਨੂੰ ਰਿਹਾਅ ਕਰ ਦਿੱਤਾ ਤੇ ਪੁਲੀਸ ਦੇ ਪਹਿਰੇ ਹੇਠ ਉਸ ਨੂੰ ਹਵਾਈ ਅੱਡੇ ਲਿਜਾਇਆ ਗਿਆ ਜਿੱਥੋਂ ਉਹ ਇਕ ਵਿਸ਼ੇਸ ਜਹਾਜ਼ ਰਾਹੀਂ ਮੁੰਬਈ ਲਈ ਰਵਾਨਾ ਹੋ ਗਿਆ। ਇਸ ਦੌਰਾਨ, ਬਿਸ਼ਨੋਈ ਸਮਾਜ ਦੀ ਤਰਫ਼ੋਂ ਬਿਸ਼ਨੋਈ ਟਾਈਗਰ ਫੋਰਸ ਦੇ ਸਕੱਤਰ ਰਾਮ ਨਿਵਾਸ ਨੇ ਸਲਮਾਨ ਖ਼ਾਨ ਦੀ ਜ਼ਮਾਨਤ ਦੇ ਹੁਕਮਾਂ ਨੂੰ ਰਾਜਸਥਾਨ ਹਾਈ ਕੋਰਟ ਵਿੱਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ।
ਬਚਾਅ ਪੱਖ ਦੇ ਵਕੀਲ ਮਹੇਸ਼ ਬੋਰਾ ਨੇ ਕਿਹਾ ਕਿ ਸਲਮਾਨ ਖ਼ਾਨ, ਜਿਸ ਨੇ ਵੀਰਵਾਰ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਦੋ ਰਾਤਾਂ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਬਿਤਾਈਆਂ ਸਨ, ਨੂੰ 50 ਹਜ਼ਾਰ ਦੇ ਇਕ ਮੁਚੱਲਕੇ ਤੇ ਇੰਨੀ ਹੀ ਰਕਮ ਦੀਆਂ ਦੋ ਜ਼ਾਮਨੀਆਂ ਦੇ ਆਧਾਰ ’ਤੇ ਜ਼ਮਾਨਤ ਦਿੱਤੀ ਗਈ ਹੈ। ਜੱਜ ਨੇ ਇਸਤਗਾਸਾ ਤੇ ਬਚਾਅ ਪੱਖਾਂ ਦੀ ਲਗਪਗ ਇਕ ਘੰਟਾ ਜਿਰ੍ਹਾ ਸੁਣਨ ਤੋਂ ਬਾਅਦ ਕਰੀਬ ਬਾਅਦ ਦੁਪਹਿਰ ਤਿੰਨ ਵਜੇ ਆਪਣਾ ਫ਼ੈਸਲਾ ਸੁਣਾਇਆ। ਇਸ ਮੌਕੇ ਸਲਮਾਨ ਦੀਆਂ ਭੈਣਾ ਅਲਵੀਰਾ ਤੇ ਅਰਪਿਤਾ ਵੀ ਮੌਜੂਦ ਸਨ।
ਟ੍ਰਾਇਲ ਕੋਰਟ ਨੇ ਸਲਮਾਨ ਖ਼ਾਨ ਨੂੰ ਇੱਥੇ ਫਿਲਮ ‘‘ਹਮ ਸਾਥ ਸਾਥ ਹੈਂ’’ ਦੀ ਸ਼ੂਟਿੰਗ ਦੌਰਾਨ ਦੋ ਕਾਲੇ ਹਿਰਨਾਂ ਦਾ ਸ਼ਿਕਾਰ ਕਰਨ ਦੇ ਦੋਸ਼ ਹੇਠ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਜੱਜ ਨੇ ਸਲਮਾਨ ਖ਼ਾਨ ਨੂੰ 7 ਮਈ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਜਿਸ ਦਿਨ ਸਜ਼ਾ ਮੁਲਤਵੀ ਕਰਨ ਦੀ ਅਰਜ਼ੀ ਉਪਰ ਸੁਣਵਾਈ ਕੀਤੀ ਜਾਵੇਗੀ।
ਸਲਮਾਨ ਦੀ ਵਾਪਸੀ ਨਾਲ ਝੂਮ ਉੱਠੀ ਫਿਲਮ ਸਨਅਤ
ਜ਼ਮਾਨਤ ਮਨਜ਼ੂਰ ਹੋਣ ਦੀ ਖ਼ਬਰ ਆਉਣ ਤੋਂ ਬਾਅਦ ਫਿਲਮ ਜਗਤ ਦੀਆਂ ਕਈ ਹਸਤੀਆਂ ਨੇ ਇਸ ’ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਸਲਮਾਨ ਦੇ ਦੋਸਤ ਤੇ ਫ਼ਿਲਮਸਾਜ਼-ਅਦਾਕਾਰ ਮਹੇਸ਼ ਮਾਂਜਰੇਕਰ ਨੇ ਕਿਹਾ ‘‘ ਸਲਮਾਨ ਅਜਿਹਾ ਸ਼ਖ਼ਸ ਹੈ ਜੋ ਕਸੂਰ ਸਿਰ ਲੈਣ ਤੇ ਉਸ ਦੀ ਆਲੋਚਨਾ ਝੱਲਣ ਲਈ ਤਿਆਰ ਹੁੰਦਾ ਹੈ। ਆਖ਼ਰ ਤਾਂ ਉਹ ਇਨਸਾਨ ਹੀ ਹੈ। ਕੌਣ ਹੈ ਜੋ ਗ਼ਲਤੀ ਨਹੀਂ ਕਰਦਾ? ਮੈਂ ਤਾਂ ਜ਼ਰੂਰ ਗ਼ਲਤੀਆਂ ਕਰਦਾ ਹਾਂ। ਪਰ ਜਦੋਂ ਉਹ ਕੋਈ ਗ਼ਲਤੀ ਕਰਦਾ ਹੈ ਤਾਂ ਉਸ ਨੂੰ ਕੁਝ ਜ਼ਿਆਦਾ ਹੀ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ।’’ਸਲਮਾਨ ਦੀ ਆਉਣ ਵਾਲੀ ਫਿਲਮ ‘ਰੇਸ3’ ਦੇ ਡਾਇਰੈਕਟਰ ਰੇਮੋ ਡਿਸੂਜ਼ਾ ਨੇ ਪੀਟੀਆਈ ਨੂੰ ਦੱਸਿਆ, ‘‘ ਮੈਂ ਖ਼ੁਸ਼ ਹਾਂ ਕਿ ਉਸ ਨੂੰ ਜ਼ਮਾਨਤ ਮਿਲ ਗਈ ਹੈ। ਉਸ ਨਾਲ ਕੰਮ ਕਰਨ ਤੋਂ ਬਾਅਦ ਮੈਂ ਨਾ ਕੇਵਲ ਇਕ ਅਦਾਕਾਰ ਸਗੋਂ ਇਕ ਇਨਸਾਨ ਦੇ ਤੌਰ ’ਤੇ ਮੈਂ ਉਸ ਦਾ ਵੱਡਾ ਫੈਨ ਬਣ ਗਿਆ ਹਾਂ। ‘ਰੇਸ3’ ਦੀ 90 ਫ਼ੀਸਦ ਸ਼ੂਟਿੰਗ ਮੁਕੰਮਲ ਹੋ ਗਈ ਹੈ ਤੇ ਤੇ ਬਾਕੀ ਰਹਿੰਦੀ ਸ਼ੂਟਿੰਗ ਦਾ ਬਹੁਤਾ ਹਿੱਸਾ ਭਾਰਤ ਵਿੱਚ ਹੀ ਫਿਲਮਾਇਆ ਜਾਣਾ ਹੈ।’’ ਫਿਲਮ ‘ਦਬੰਗ’ ਵਿੱਚ ਉਸ ਦੇ ਸਾਥੀ ਕਲਾਕਾਰ ਰਹੇ ਸੋਨੂ ਸੂਦ ਨੇ ਟਵੀਟ ਕੀਤਾ, ‘‘ ਚੰਗੇ ਕਰਮਾਂ ਦੀ ਫ਼ਰਿਆਦ ਆਖ਼ਰ ਸੁਣ ਲਈ ਗਈ। ਜੀ ਆਇਆਂ ਨੂੰ ਸਲਮਾਨ ਖ਼ਾਨ ਭਾਈ।’’ ਗਾਇਕ ਅਦਨਾਨ ਸਾਮੀ ਨੇ ਕਿਹਾ ‘‘ ਮੇਰੇ ਪਿਆਰੇ ਸਲਮਾਨ ਖ਼ਾਨ ਭਾਈ ਤੈਨੂੰ ਜ਼ਮਾਨਤ ਮਿਲਣ ’ਤੇ ਬਹੁਤ ਖ਼ੁਸ਼ ਹਾਂ। ਸੁਖ ਦਾ ਸਾਹ ਆਇਆ। ਘਰ ਪਧਾਰੋ, ਜੈ ਹੋ।’’
 

 

 

fbbg-image

Latest News
Magazine Archive