ਸਤੀਸ਼ ਤੇ ਵੈਂਕਟ ਨੇ ਭਾਰਤ ਦੀ ਝੋਲੀ ਪਾਏ ਸੋਨ ਤਗ਼ਮੇ


ਗੋਲਡ ਕੋਸਟ - ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਅੱਜ ਤੀਜਾ ਦਿਨ ਵੀ ਵੈਟਲਿਫਟਰਾਂ ਦੇ ਨਾਂ ਰਿਹਾ। ਵੇਟਲਿਫਟਰ ਸਤੀਸ਼ ਕੁਮਾਰ ਅਤੇ ਵੈਂਕਟ ਰਾਹੁਲ ਰਗਾਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਝੋਲੀ ਦੋ ਹੋਰ ਸੋਨ ਤਗ਼ਮੇ ਪਾਏ ਹਨ। ਇਸ ਤੋਂ ਪਹਿਲਾਂ ਮਹਿਲਾ ਵਰਗ ਵਿੱਚ ਵੇਟਲਿਫਟਰ ਮੀਰਾਬਾਈ ਚਾਨੂ ਅਤੇ ਸੰਜੀਤਾ ਚਾਨੂ ਨੇ ਵੀ ਸੁਨਹਿਰੀ ਤਗ਼ਮੇ ਜਿੱਤੇ ਸਨ। ਭਾਰਤ ਦੇ ਵੈਂਕਟ ਰਾਹੁਲ ਰਗਾਲਾ ਨੇ (85 ਕਿਲੋ) ਵਿੱਚ ਕੁੱਲ 338 ਕਿਲੋਗ੍ਰਾਮ ਵਜ਼ਨ ਚੁੱਕ ਕੇ ਸੋਨ ਤਗ਼ਮਾ ਹਾਸਲ ਕੀਤਾ। ਸਨੈਚ ਵਿੱਚ ਉਸ ਨੇ 151 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 187 ਕਿਲੋਗ੍ਰਾਮ ਵਜ਼ਨ ਚੁੱਕਿਆ। ਸਮੋਆ ਦੇ ਡਾਨ ਓਪੇਲੋਗ ਨੇ 331 ਕਿਲੋਗ੍ਰਾਮ ਵਜ਼ਨ ਚੁੱਕ ਕੇ ਚਾਂਦੀ ਅਤੇ ਮਲੇਸ਼ੀਆ ਦੇ ਮੁਹੰਮਦ ਫਜ਼ਰੂਲ ਨੇ 328 ਕਿਲੋ ਵਜ਼ਨ ਚੁੱਕ ਕੇ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਭਾਰਤ ਦਾ ਇਨ੍ਹਾਂ ਖੇਡਾਂ ਵਿੱਚ ਤੀਜੇ ਦਿਨ ਇਹ ਦੂਜਾ ਸੋਨ ਤਗ਼ਮਾ ਸੀ। ਇਸ ਤੋਂ ਪਹਿਲਾਂ ਤਾਮਿਲਨਾਡੂ ਦੇ ਸਤੀਸ਼ ਕੁਮਾਰ ਸ਼ਿਵਲਿੰਗਮ (77 ਕਿਲੋ) ਨੇ ਦਰਦ ਹੋਣ ਦੇ ਬਾਵਜੂਦ 317 ਕਿਲੋਗ੍ਰਾਮ ਦਾ ਵਜ਼ਨ ਚੁੱਕ ਕੇ ਸੋਨ ਤਗ਼ਮਾ ਜਿੱਤਿਆ। ਉਸ ਨੇ ਸਨੈਚ ਵਿੱਚ 144 ਅਤੇ ਕਲੀਨ ਐਂਡ ਜ਼ਰਕ ਵਿੱਚ 173 ਦਾ ਭਾਰ ਚੁੱਕਿਆ। ਉਹ ਆਪਣੇ ਵਿਰੋਧੀ ਤੋਂ ਕਾਫ਼ੀ ਅੱਗੇ ਸੀ, ਜਿਸ ਕਾਰਨ ਉਸ ਨੂੰ ਆਖ਼ਰੀ ਯਤਨ ਕਰਨ ਦੀ ਲੋੜ ਵੀ ਨਹੀਂ ਪਈ। ਇਸ ਮੁਕਾਬਲੇ ਵਿੱਚ ਇੰਗਲੈਂਡ ਦੇ ਜੈਕ ਓਲੀਵਰ ਨੂੰ ਕੁੱਲ 312 ਕਿਲੋਗ੍ਰਾਮ ਨਾਲ ਚਾਂਦੀ ਦਾ ਤਗ਼ਮਾ ਮਿਲਿਆ, ਜਦਕਿ ਆਸਟਰੇਲੀਆ ਦੇ ਫਰਾਂਸਵਾ ਐਟੌਂਡੀ ਨੇ 305 ਕਿਲੋਗ੍ਰਾਮ ਸਣੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਸਨੈਚ ਵਿੱਚ ਹਾਲਾਂਕਿ ਸਤੀਸ਼ ਅਤੇ ਇੰਗਲੈਂਡ ਦੇ ਜੈੱਕ ਓਲੀਵਰ ਵਿਚਾਲੇ ਸਖ਼ਤ ਮੁਕਾਬਲਾ ਵੇਖਣ ਨੂੰ ਮਿਲਿਆ। ਇਨ੍ਹਾਂ ਦੋਵਾਂ ਨੇ ਆਪਣੇ ਅਗਲੇ ਯਤਨ ਵਿੱਚ ਵੱਧ ਵਜ਼ਨ ਚੁੱਕਿਆ। ਓਲੀਵਰ ਅਖ਼ੀਰ ਵਿੱਚ ਸਨੈਚ ਵਿੱਚ ਅੱਗੇ ਰਹਿਣ ਵਿੱਚ ਸਫਲ ਰਿਹਾ ਕਿਉਂਕਿ ਉਸ ਨੇ ਆਪਣੇ ਦੂਜੇ ਯਤਨ ਵਿੱਚ 145 ਕਿਲੋਗ੍ਰਾਮ ਭਾਰ ਚੁੱਕਿਆ ਸੀ। ਗਲਾਸਗੋ ਖੇਡਾਂ ਦੇ ਚੈਂਪੀਅਨ ਸਤੀਸ਼ ਨੇ ਪਿਛਲੀ ਕਾਮਯਾਬੀ ਨੂੰ ਦੁਹਰਾਉਂਦਿਆਂ ਨਾ ਸਿਰਫ਼ ਖ਼ਿਤਾਬ ਦਾ ਬਚਾਅ ਕੀਤਾ, ਸਗੋਂ ਦੇਸ਼ ਨੂੰ ਤੀਜਾ ਸੋਨ ਤਗ਼ਮਾ ਵੀ ਦਿਵਾਇਆ। ਸਤੀਸ਼ ਅਤੇ ਵੇਂਕਟ ਤੋਂ ਪਹਿਲਾਂ ਮੀਰਾਬਾਈ ਅਤੇ ਸੰਜੀਤਾ ਚਾਨੂ ਨੇ ਸੁਨਹਿਰੀ ਤਗ਼ਮੇ ਜਿੱਤੇ ਸਨ। ਹੋਰ ਮੁਕਾਬਲਿਆਂ ਵਿੱਚ ਭਾਰਤੀ ਜਿਮਨਾਸਟ ਯੋਗੇਸ਼ਵਰ ਸਿੰਘ ਪੁਰਸ਼ ਵਿਅਕਤੀਗਤ ਆਲਰਾਉਂਡ ਮੁਕਾਬਲੇ ਵਿੱਚ 18 ਮੁਕਾਬਲੇਬਾਜ਼ਾਂ ਵਿੱਚ 14ਵੇਂ ਸਥਾਨ ’ਤੇ ਰਿਹਾ। ਕੁਆਲੀਫੀਕੇਸ਼ਨ ਗੇੜ ਵਿੱਚ 18ਵੇਂ ਸਥਾਨ ’ਤੇ ਰਹੇ ਯੋਗੇਸ਼ਵਰ ਨੇ ਛੇ ਮੁਕਾਬਲਿਆਂ ਵਿੱਚ 75.60 ਅੰਕ ਬਣਾਏ। ਇੱਕ ਹੋਰ ਭਾਰਤੀ ਜਿਮਨਾਸਟ ਰਾਕੇਸ਼ ਪਾਤਰਾ ਐਤਵਾਰ ਨੂੰ ਪੁਰਸ਼ ਰਿੰਗਜ਼ ਫਾਈਨਲਜ਼ ਵਿੱਚ ਖੇਡੇਗਾ। ਮੁੱਕੇਬਾਜ਼ੀ ਵਿੱਚ ਸਰਿਤਾ ਦੇਵੀ (60 ਕਿਲੋ) ਬਾਰਬਾਡੋਸ ਦੀ ਕਿੰਬਰਲੇ ਗਿਟੇਂਸ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚੀ। ਮਨੋਜ ਕੁਮਾਰ (69 ਕਿਲੋ) ਤਨਜਾਨੀਆ ਦੇ ਕਾਸਿਮ ਐਂਬੁੰਡਵਿਕੇ ਨੂੰ ਹਰਾ ਕੇ ਆਖ਼ਰੀ ਚਾਰਾਂ ਵਿੱਚ ਪਹੁੰਚਿਆ। ਹਸਮੁਦੀਨ ਮੁਹੰਮਦ (56 ਕਿਲੋ) ਵਨੁਆਤੂ ਦੇ ਬੋ ਵਰਵਰਾ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਤੈਰਾਕੀ ਵਿੱਚ ਸ੍ਰੀ ਹਰਿ ਨਟਰਾਜ ਪੁਰਸ਼ 50 ਮੀਟਰ ਬੈਕਸਟ੍ਰੋਕ ਦੇ ਸੈਮੀਫਾਈਨਲ ਵਿੱਚ ਪਹੁੰਚਿਆ। ਸਾਜ਼ਨ ਪ੍ਰਕਾਸ਼ 200 ਮੀਟਰ ਬਟਰਫਲਾਈ ਦੇ ਫਾਈਨਲ ਵਿੱਚ ਅੱਠਵੇਂ ਸਥਾਨ ’ਤੇ ਰਿਹਾ। ਬਾਸਕਟਬਾਲ ਵਿੱਚ ਭਾਰਤੀ ਪੁਰਸ਼ ਟੀਮ ਇੰਗਲੈਂਡ ਤੋਂ 54-100 ਨਾਲ ਹਾਰ ਗਈ। ਸਾਈਕਲਿੰਗ ਵਿੱਚ ਮਨਜੀਤ ਸਿੰਘ ਪੁਰਸ਼ 15 ਕਿਲੋਮੀਟਰ ਸਕ੍ਰੈਚ ਕੁਆਲੀਫਾਇੰਗ ਹੀਟ ਵਿੱਚ 13ਵੇਂ ਸਥਾਨ ’ਤੇ ਰਿਹਾ। ਸਾਨੁਰਾਜ ਸਾਨਾਂਦਾਰਾਜ ਪੁਰਸ਼ ਸਪ੍ਰਿੰਟ ਕੁਆਲੀਫਾਇੰਗ ਵਿੱਚ 20ਵੇਂ, ਰਣਜੀਤ ਸਿੰਘ 21ਵੇਂ ਅਤੇ ਸਾਹਿਲ ਕੁਮਾਰ 22ਵੇਂ ਸਥਾਨ ’ਤੇ ਰਹੇ। ਸਕੁਐਸ਼ ਦੇ ਮਹਿਲਾ ਸਿੰਗਲ ਵਿੱਚ ਕਲਾਸਿਕ ਪਲੇਟ ਕੁਆਰਟਰ ਫਾਈਨਲ ਵਿੱਚ ਦੀਪਿਕਾ ਪੱਲੀਕਲ ਕਾਰਤਿਕ ਨੇ ਸਾਮੰਥਾ ਕੋਰਨੇਟ ਨੂੰ ਵਾਕਓਵਰ ਦਿੱਤਾ। ਲਾਨ ਬਾਲਜ਼ ਦੇ ਮਹਿਲਾ ਕੁਆਰਟਰ ਫਾਈਨਲ ਵਿੱਚ ਭਾਰਤੀ ਟੀਮ ਮਾਲਟਾ ਤੋਂ 11-13 ਨਾਲ, ਜਦੋਂਕਿ ਪੁਰਸ਼ ਟੀਮ ਨੋਰਫੋਲਕ ਦੀਵ ਤੋਂ 7-17 ਨਾਲ ਹਾਰ ਗਈ।
ਟੇਬਲ ਟੈਨਿਸ: ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਆਖ਼ਰੀ ਚਾਰਾਂ ’ਚ
ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਮਲੇਸ਼ਿਆਈ ਟੀਮਾਂ ਖ਼ਿਲਾਫ਼ 3-0 ਨਾਲ ਬਰਾਬਰ ਫ਼ਰਕ ਨਾਲ ਜਿੱਤ ਦਰਜ ਕਰਕੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਪੁਰਸ਼ ਟੀਮ ਲਈ ਕੁਆਰਟਰ ਫਾਈਨਲ ਵਿੱਚ ਹਰਮੀਤ ਦੇਸਾਈ ਅਤੇ ਅਚੰਤ ਸ਼ਰਤ ਕਮਲ ਨੇ ਆਪਣੇ-ਆਪਣੇ ਸਿੰਗਲ ਮੈਚ ਜਿੱਤੇ, ਜਦਕਿ ਦੇਸਾਈ ਅਤੇ ਜੀ ਸਾਥੀਅਨ ਦੀ ਡਬਲਜ਼ ਟੀਮ ਨੇ ਤੀਜਾ ਮੈਚ ਜਿੱਤ ਕੇ ਭਾਰਤ ਦੀ ਜਿੱਤ ਪੱਕੀ ਕੀਤੀ। ਮਹਿਲਾ ਟੀਮ ਨੇ ਵੀ ਮਲੇਸ਼ੀਆ ’ਤੇ 3-0 ਨਾਲ ਜਿੱਤ ਦਰਜ ਕੀਤੀ। ਭਾਰਤੀ ਮਹਿਲਾ ਟੀਮ ਦਾ ਸੈਮੀ ਫਾਈਨਲ ਇੰਗਲੈਂਡ ਨਾਲ ਹੋਵੇਗਾ।    
ਆਸਟਰੇਲੀਆ ਵੱਲੋਂ ਖੇਡੇਗੀ ਪੰਜਾਬੀ ਪਹਿਲਵਾਨ ਰੁਪਿੰਦਰ ਕੌਰ ਸੰਧੂ
ਬ੍ਰਿਸਬੇਨ - ਰਾਸ਼ਟਰਮੰਡਲ ਖੇਡਾਂ ਵਿੱਚ ਪੰਜਾਬੀ ਮੂਲ ਦੀ ਮਹਿਲਾ ਪਹਿਲਵਾਨ ਰੁਪਿੰਦਰ ਕੌਰ ਸੰਧੂ 48 ਕਿੱਲੋ ਭਾਰ ਵਰਗ ਵਿੱਚ ਆਸਟ੍ਰੇਲੀਆਈ ਕੁਸ਼ਤੀ ਟੀਮ ਵਲੋਂ ਹਿੱਸਾ ਲਵੇਗੀ| ਗੋਲਡ ਕੋਸਟ ਖੇਡਾਂ ਦੌਰਾਨ ਆਸਟਰੇਲੀਆ ਦੀ ਝੰਡਾਬਰਦਾਰ ਬਣੀ ਰੁਪਿੰਦਰ ਕੌਰ ਸੰਧੂ ਨੇ ਪਿਛਲੇ ਸਾਲ ਆਸਟਰੇਲੀਆ ਦੀ ਕੌਮੀ ਚੈਂਪੀਅਨਸ਼ਿਪ ਜਿੱਤੀ ਸੀ| ਰੁਪਿੰਦਰ ਨੇ ਤੁਰਕੀ ਵਿੱਚ ਇੱਕ ਮੁਕਾਬਲੇ ਦੌਰਾਨ ਭਾਰਤ ਲਈ ਸੋਨ ਤਗ਼ਮਾ ਜਿੱਤਿਆ ਸੀ। ਤਰਨ ਤਾਰਨ ਜ਼ਿਲ੍ਹੇ ਦੀ ਰਹਿਣ ਵਾਲੀ 33 ਸਾਲਾ ਰੁਪਿੰਦਰ ਕੌਰ ਸੰਧੂ ਤਕਰੀਬਨ 10 ਸਾਲ ਪਹਿਲਾਂ ਆਸਟ੍ਰੇਲੀਆ ਆਈ ਸੀ। ਇਸ ਸਮੇਂ ਉਸ ਦੀ 15 ਮਹੀਨਿਆਂ ਦੀ ਧੀ ਵੀ ਹੈ।   

 

 

fbbg-image

Latest News
Magazine Archive