ਪਹਿਲੇ ਦਿਨ ਭਾਰਤ ਲਈ ਵੇਟਲਿਫਟਰਾਂ ਨੇ ਲਹਿਰਾਇਆ ਤਿਰੰਗਾ


ਗੋਲਡ ਕੋਸਟ - ਵਿਸ਼ਵ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂ ਨੇ ਰਿਕਾਰਡਤੋੜ ਪ੍ਰਦਰਸ਼ਨ ਕਰਦਿਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਪਹਿਲੇ ਦਿਨ ਭਾਰਤ ਦੀ ਝੋਲੀ ਸੋਨ ਤਗ਼ਮਾ ਪਾਇਆ ਜਦਕਿ ਪੁਰਸ਼ ਵਰਗ ਵਿੱਚ ਛੁਪੇ ਰੁਸਤਮ ਸਾਬਤ ਹੋਏ ਪੀ.ਗੁਰੂਰਾਜਾ ਨੇ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਨੂੰ ਇਨ੍ਹਾਂ ਖੇਡਾਂ ’ਚ ਸ਼ਾਨਦਾਰ ਸ਼ੁਰੂਆਤ ਦਿਵਾਈ। ਸੋਨ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਰਹੀ ਚਾਨੂ ਨੇ ਯਾਦਗਾਰੀ ਪ੍ਰਦਰਸ਼ਨ ਕਰਦਿਆਂ ਸਨੈਚ, ਕਲੀਨ ਐਂਡ ਜਰਕ ਤੇ ਓਵਰਆਲ ਵਿੱਚ ਰਾਸ਼ਟਰਮੰਡਲ ਤੇ ਖੇਡਾਂ ਦਾ ਰਿਕਾਰਡ ਤੋੜਿਆ। ਚਾਨੂੰ ਨੇ ਗਲਾਸਗੋ ਵਿੱਚ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਸ ਨੇ ਕੁੱਲ 196 ਕਿਲੋ (ਸਨੈਚ 86 ਕਿਲੋ ਅਤੇ ਕਲੀਨਐਂਡ ਜਰਕ 110 ਕਿਲੋ) ਵਜ਼ਨ ਚੁੱਕਿਆ। ਵੇਟਲਿਫਟਰ ਨੇ ਕਿਹਾ, ‘ਮੈਨੂੰ ਰਿਕਾਰਡ ਤੋੜਨ ਦੀ ਭੋਰਾ ਉਮੀਦ ਨਹੀਂ ਸੀ, ਪਰ ਜਦੋਂ ਮੈਂ ਇਥੇ ਆਈ ਤਾਂ ਰਿਕਾਰਡ ਤੋੜਨਾ ਚਾਹੁੰਦੀ ਸੀ। ਮੈਂ ਦੱਸ ਨਹੀਂ ਸਕਦੀ ਕਿ ਇਸ ਵੇਲੇ ਕਿੰਝ ਮਹਿਸੂਸ ਕਰ ਰਹੀ ਹਾਂ।’
ਇਸ ਤੋਂ ਪਹਿਲਾਂ ਵੇਟਲਿਫਟਰ ਪੀ.ਗੁਰੂਰਾਜਾ ਨੇ ਪੁਰਸ਼ਾਂ ਦੇ 56 ਕਿਲੋ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਦੀ ਝੋਲੀ ਪਹਿਲਾ ਤਗ਼ਮਾ ਪਾਇਆ। ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈ ਰਹੇ 25 ਸਾਲਾ ਗੁਰੂਰਾਜਾ ਨੇ ਆਪਣਾ ਸਰਵੋਤਮ ਵਿਅਕਤੀਗਤ ਪ੍ਰਦਰਸ਼ਨ ਦੁਹਰਾਉਂਦਿਆਂ 249 ਕਿਲੋ (111 ਤੇ  138) ਦਾ ਵਜ਼ਨ ਚੁੱਕਿਆ। ਟਰੱਕ ਡਰਾਈਵਰ ਦੇ ਪੁੱਤ ਤੇ ਭਾਰਤੀ ਹਵਾਈ ਸੈਨਾ ਵਿੱਚ ਹੇਠਲੇ ਰੈਂਕ ਦੇ ਮੁਲਾਜ਼ਮ ਗੁਰੂਰਾਜਾ ਸਨੈਚ ਮਗਰੋਂ ਤੀਜੀ ਥਾਵੇਂ ਸੀ ਤੇ ਉਸ ਨੇ ਦੋ ਕੋਸ਼ਿਸ਼ਾਂ ’ਚ 111 ਕਿਲੋ ਵਜ਼ਨ ਚੁੱਕਿਆ। ਕਲੀਨ ਤੇ ਜਰਕ ਵਿੱਚ ਪਹਿਲੇ ਦੋ ਯਤਨਾਂ ਦੌਰਾਨ ਭਾਵੇਂ ਉਹ ਨਾਕਾਮ ਰਿਹਾ, ਪਰ ਆਖਰੀ ਕੋਸ਼ਿਸ਼ ਦੌਰਾਨ 138 ਕਿਲੋ ਭਾਰ ਚੁੱਕ ਕੇ ਗੁਰੂਰਾਜਾ ਨੇ ਭਾਰਤ ਲਈ ਚਾਂਦੀ ਦਾ ਤਗ਼ਮਾ ਪੱਕਾ ਕਰ ਦਿੱਤਾ।
ਭਾਰਤੀ ਬੈਡਮਿੰਟਨ ਲਈ ਰਾਸ਼ਟਰਮੰਡਲ ਖੇਡਾਂ ਦਾ ਪਹਿਲਾ ਦਿਨ ਸਫ਼ਲਤਾ ਵਾਲਾ ਰਿਹਾ। ਭਾਰਤੀ ਸ਼ਟਲਰਾਂ ਨੇ ਮਿਕਸਡ ਟੀਮ ਮੁਕਾਬਲੇ ਦੇ ਸ਼ੁਰੂਆਤੀ ਦੌਰ ਵਿੱਚ ਇਕਤਰਫ਼ਾ ਮੁਕਾਬਲੇ ਵਿੱਚ ਸ੍ਰੀਲੰਕਾ ਨੂੰ 5-0 ਦੀ ਕਰਾਰੀ ਸ਼ਿਕਸਤ ਦਿੱਤੀ। ਭਾਰਤ ਲਈ ਸਿੰਗਲਜ਼ ਮੁਕਾਬਲਿਆਂ ਵਿੱਚ ਸਾਇਨਾ ਨੇਹਵਾਲ ਤੇ ਕਿਦਾਂਬੀ ਸ੍ਰੀਕਾਤ ਆਸਾਨ ਜਿੱਤਾਂ ਦਰਜ ਕਰਦਿਆਂ ਅਗਲੇ ਗੇੜ ’ਚ ਦਾਖ਼ਲ ਹੋ ਗਏ ਜਦਕਿ ਮਿਕਸਡ ਡਬਲਜ਼ ਵਿੱਚ ਪ੍ਰਣਵ ਚੋਪੜਾ ਤੇ ਰੁਥਵਿਕਾ ਗਾਡੇ ਦੀ ਜੋੜੀ ਨੂੰ ਜਿੱਤ ਲਈ ਖਾਸਾ ਸੰਘਰਸ਼ ਕਰਨਾ ਪਿਆ। ਪੁਰਸ਼ ਡਬਲਜ਼ ਵਿੱਚ ਸਾਤਵਿਕ ਰੰਕਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਅਤੇ ਮਹਿਲਾ ਡਬਲਜ਼ ਵਿੱਚ ਅਸ਼ਵਿਨੀ ਪੋਨੱਪਾ ਤੇ ਐੱਨ.ਸਿੱਕੀ ਰੈੱਡੀ ਨੇ ਜਿੱਤ ਨਾਲ ਆਗਾਜ਼ ਕੀਤਾ।
ਮਹਿਲਾ ਟੇਬਲ ਟੈਨਿਸ ਗਰੁੱਪ ਮੈਚ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ 3-0 ਨਾਲ ਹਰਾਇਆ। ਮਗਰੋਂ ਭਾਰਤੀ ਟੀਮ ਨੇ ਟ੍ਰਿਨੀਡਾਡ ਤੇ ਟੋਬੈਗੋ ਨੂੰ 3-0 ਦੀ ਸ਼ਿਕਸਤ ਦਿੱਤੀ। ਸਕੁਐਸ਼ ਵਿੱਚ ਹਰਿੰਦਰ ਪਾਲ ਸੰਧੂ ਤੇ ਵਿਕਰਮ ਮਲਹੋਤਰਾ ਨੇ ਪੁਰਸ਼ ਸਿੰਗਲਜ਼ ਵਿੱਚ ਆਪੋ ਆਪਣੇ ਮੁਕਾਬਲਿਆਂ ’ਚ ਜਿੱਤ ਦਰਜ ਕੀਤੀ। ਤੈਰਾਕੀ ਵਿੱਚ ਵੀਰਧਵਲ ਖਾਡੇ ਪੁਰਸ਼ਾਂ ਦੇ 50 ਮੀਟਰ ਬਟਰਫਲਾਈ ਵਰਗ ਵਿੱਚ ਦਾਖ਼ਲ ਹੋ ਗਿਆ ਜਦਕਿ ਸਾਜਨ ਪ੍ਰਕਾਸ਼ ਨਾਕਾਮ ਰਿਹਾ। ਸਾਈਕਲਿੰਗ ਵਿੱਚ ਭਾਰਤੀ ਮਹਿਲਾਵਾਂ ਟੀਮ ਸਪਰਿੰਟ ਵਿੱਚ ਛੇਵੇਂ ਸਥਾਨ ’ਤੇ ਰਹਿਣ ਕਰਕੇ ਤਗ਼ਮੇ ਦੀ ਦੌੜ ’ਚੋਂ ਬਾਹਰ ਹੋ ਗਈਆਂ।
ਹਾਕੀ: ਵੇਲਜ਼ ਤੋਂ ਹਾਰੀ ਭਾਰਤੀ ਮਹਿਲਾ ਟੀਮ
ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ੁਰੂਆਤ ਹੀ ਨਿਰਾਸ਼ਾਜਨਕ ਰਹੀ। ਹੇਠਲੇ ਰੈਂਕਿੰਗ ਵਾਲੀ ਵੇਲਸ ਨੇ ਆਖਰੀ ਪਲਾਂ ਵਿੱਚ ਗੋਲ ਕਰਕੇ ਉਸ ਨੂੰ ਗਰੁੱਪ-ਏ ਦੇ ਮੁਕਾਬਲੇ ਵਿੱਚ 3-2 ਨਾਲ ਹਰਾ ਦਿੱਤਾ।  ਵਿਸ਼ਵ ਰੈਂਕਿੰਗ ਵਿੱਚ ਦੱਸਵੇਂ ਸਥਾਨ ’ਤੇ ਕਾਬਜ਼ ਟੀਮ ਲਈ ਇਹ ਆਸਾਨ ਮੁਕਾਬਲਾ ਮੰਨਿਆ ਜਾ ਰਿਹਾ ਸੀ ਪਰ 26ਵੇਂ ਰੈਂਕ ਵਾਲੀ ਵੇਲਜ਼ ਨੇ ਉਸ ਨੂੰ ਦਰੜ ਦਿੱਤਾ।
ਪੋਸਟਰ ਗਰਲ ਪੀਅਰਸਨ ਨੇ ਖੇਡਾਂ ਤੋਂ ਨਾਂ  ਲਿਆ ਵਾਪਸ
ਅਥਲੈਟਿਕਸ ਦੀ ਪੋਸਟਰ ਗਰਲ ਸੈਲੀ ਪੀਅਰਸਨ ਨੇ ਸੱਟ ਤੋਂ ਪੂਰੀ ਤਰ੍ਹਾਂ ਉਭਰਨ ’ਚ ਨਾਕਾਮ ਰਹਿਣ ਮਗਰੋਂ ਰਾਸ਼ਟਰਮੰਡਲ ਖੇਡਾਂ ਤੋਂ ਨਾਂ ਵਾਪਸ ਲੈ ਲਿਆ ਹੈ। ਸੌ ਮੀਟਰ ਅੜਿੱਕਾ ਦੌੜ ਵਿੱਚ ਵਿਸ਼ਵ ਚੈਂਪੀਅਨ ਆਸਟਰੇਲੀਅਨ ਅਥਲੀਟ ਪੀਅਰਸਨ ਨੇ ਕਿਹਾ ਕਿ ਆਪਣੇ ਇਸ ਫ਼ੈਸਲੇ ਤੋਂ ਉਹ ਨਿਰਾਸ਼ ਹੈ, ਪਰ ਟੋਕੀਓ ਓਲੰਪਿਕ 2020 ਨੂੰ ਧਿਆਨ ’ਚ ਰੱਖਦਿਆਂ ਇਹ ਫ਼ੈਸਲਾ ਲਿਆ ਹੈ।
ਡਫ਼ੀ ਨੇ ਜਿੱਤਿਆ ਪਹਿਲਾ ਸੋਨ ਤਗ਼ਮਾ
ਗੋਲਡ ਕੋਸਟ - ਵਿਸ਼ਵ ਚੈਂਪੀਅਨ ਬਰਮੁਡਾ ਦੀ ਟਰਾਇਥਲਨ ਖਿਡਾਰਨ ਫਲੋਰਾ ਡਫ਼ੀ ਨੇ 21ਵੀਆਂ ਰਾਸ਼ਟਰਮੰਡਲ ਖੇਡਾਂ ਦਾ ਪਹਿਲਾ ਸੋਨ ਤਗ਼ਮਾ ਆਪਣੇ ਨਾਂ ਕੀਤਾ ਹੈ। ਡਫ਼ੀ ਨੇ ਇੰਗਲੈਡ ਦੀ ਜੈਸਿਕਾ ਲੀਅਰਮੋਂਥ ਨੂੰ ਹਰਾਇਆ।
ਬਾਸਕਟਬਾਲ: ਪੁਰਸ਼ਾਂ ਦੀ ਟੀਮ ਨੇ ਕੈਮਰੂਨ ਨੂੰ ਹਰਾਇਆ
ਅਮਜਯੋਤ ਸਿੰਘ ਦੀ ਸ਼ਾਨਦਾਰ ਖੇਡ ਦੇ ਦਮ ’ਤੇ ਭਾਰਤ ਦੀ ਪੁਰਸ਼   ਬਾਸਕਟਬਾਲ ਟੀਮ ਨੇ ਅੱਜ ਖੇਡਾਂ ਦੇ ਪਹਿਲੇ ਦਿਨ ਕੈਮਰੂਨ ਨੂੰ 83-81 ਨਾਲ ਹਰਾਇਆ। ਪੂਲ ਬੀ ਦੇ ਇਸ ਮੈਚ ਦਾ ਪਹਿਲਾ ਤੇ ਦੂਜਾ ਕੁਆਰਟਰ ਭਾਰਤੀ ਟੀਮ ਦੇ ਨਾਂ ਰਿਹਾ ਜਿਸ ਨੇ ਜਮਾਇਕਾ ’ਤੇ 63-39 (27-15, 36-24) ਨਾਲ ਬੜ੍ਹਤ ਕਾਇਮ ਕੀਤੀ।
ਭਾਰਤ ਲਈ ਅਮਜਯੋਤ ਨੇ 23 ਅੰਕ ਬਣਾਏ। ਭਾਰਤੀ ਮਹਿਲਾ ਟੀਮ ਨੂੰ ਨਿਰਾਸ਼ਾ ਹੱਥ ਲੱਗੀ ਜਿਸ ਨੂੰ ਜਮਾਇਕਾ ਨੇ 66-57 ਨਾਲ ਸ਼ਿਕਸਤ ਦਿੱਤੀ। ਮਹਿਲਾ ਟੀਮ ਦਾ ਅਗਲਾ ਮੁਕਾਬਲਾ ਸੱਤ ਅਪਰੈਲ ਨੂੰ ਮਲੇਸ਼ੀਆ ਨਾਲ ਹੋਵੇਗਾ ਉਥੇ ਪੁਰਸ਼ ਇਸੇ ਦਿਨ ਇੰਗਲੈਂਡ ਦੇ ਖ਼ਿਲਾਫ਼ ਕਿਸਮਤ ਅਜਮਾਏਗਾ।            
ਮੋਦੀ ਵੱਲੋਂ ਚਾਨੂ ਤੇ ਗੁਰੂਰਾਜਾ ਨੂੰ ਵਧਾਈ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੇਟਲਿਫ਼ਟਰ ਸਾਇਖੋਮ ਮੀਰਾਬਾਈ ਚਾਨੂੰ ਤੇ ਪੀ.ਗੁਰੂਰਾਜਾ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਤਗ਼ਮੇ ਜਿੱਤਣ ’ਤੇ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਅੱਜ ਸਾਰਾ ਮੁਲਕ ਖ਼ੁਸ਼ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਸਾਈਖੋਮ ਮੀਰਾਬਾਈ ਚਾਨੂੰ ਨੂੰ #ਗੋਲਕੋਸਟ 2018 ਵਿੱਚ ਭਾਰਤ ਦਾ ਪਹਿਲਾ ਸੋਨ ਤਗ਼ਮਾ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਤਿੰਨ ਰਿਕਾਰਡ ਕਾਇਮ ਕਰਨ ’ਤੇ ਵਧਾਈਆਂ। ਭਾਰਤ ਉਨ੍ਹਾਂ ਦੀਆਂ ਪ੍ਰਾਪਤੀਆਂ ਤੋਂ ਖ਼ੁਸ਼ ਹੈ।’ ਸ੍ਰੀ ਮੋਦੀ ਨੇ ਇਕ ਹੋਰ ਟਵੀਟ ’ਚ ਗੁਰੂਰਾਜਾ ਨੂੰ ਭਾਰਤ ਲਈ ਤਗ਼ਮਾ ਜਿੱਤਣ ’ਤੇ ਵਧਾਈ ਦਿੱਤੀ ਹੈ। ਇਸ ਦੌਰਾਨ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਰਾਸ਼ਟਰਮੰਡਲ ਖੇਡਾਂ ਦੇ ਪਹਿਲੇ ਦਿਨ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ’ਤੇ ਖ਼ੁਸ਼ੀ ਜਤਾਉਂਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਤਗ਼ਮਿਆਂ ਦੀ ਗਿਣਤੀ ਹੋਰ ਵਧੇਗੀ।   
ਭਾਰਤ ਨੂੰ 500 ਦਾ ਅੰਕੜਾ ਛੋਹਣ ਲਈ 62 ਤਗਮਿਆਂ ਦੀ ਲੋੜ
ਬਿ੍ਰਸਬੇਨ - ਇੱਥੇ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਖ਼ੂਬਸੂਰਤ ਸ਼ਹਿਰ ਗੋਲਡ ਕੋਸਟ ਦੇ ਕੈਰਾਰਾ ਸਟੇਡੀਅਮ ’ਚ ਆਸਟਰੇਲੀਆ ਦੇ ਨਕਸ਼ੇ ਨੂੰ ਉਕੇਰ ਕੇ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨ ਸਮਾਰੋਹ ’ਚ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਦੀ ਅਗਵਾਈ ਵਿੱਚ ਜਿਵੇਂ ਹੀ ਭਾਰਤੀ ਦਲ ਮਾਰਚ ਪਾਸਟ ਦੌਰਾਨ ਮੰਚ ਦੇ ਸਾਹਮਣਿਓਂ ਲੰਘਿਆ ਤਾਂ 25 ਹਜ਼ਾਰ ਦਰਸ਼ਕਾਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਸ਼ਾਨਦਾਰ ਸਵਾਗਤ ਕੀਤਾ। ਆਸਟਰੇਲੀਆ ’ਚ ਉਦਘਾਟਨ ਸਮਾਰੋਹ ਦੇ ਨਾਲ ਹੀ 21ਵੀਆਂ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ ਹੋ ਗਈ।  ਭਾਰਤ ਨੇ ਰਾਸ਼ਟਰਮੰਡਲ ਖੇਡਾਂ ‘ਚ 16 ਵਾਰ ਹਿੱਸਾ ਲਿਆ ਹੈ ਅਤੇ ਅਜੇ ਤੱਕ 155 ਸੋਨ, 155 ਚਾਂਦੀ ਅਤੇ 128 ਕਾਂਸੀ ਤਮਗੇ ਸਮੇਤ 438 ਤਮਗੇ ਜਿੱਤੇ ਹਨ। ਭਾਰਤ ਨੂੰ 500 ਦਾ ਅੰਕੜਾ ਛੋਹਣ ਲਈ 62 ਤਮਗਿਆਂ ਦੀ ਜ਼ਰੂਰਤ ਹੈ। ਜੇ ਭਾਰਤ ਪੰਜ ਸੌ ਤਮਗਿਆਂ ਦਾ ਅੰਕੜਾ ਹਾਸਲ ਕਰ ਲੈਂਦਾ ਹੈ ਤਾਂ ਉਹ ਅਜਿਹਾ ਕਰਨ ਵਾਲਾ ਆਸਟਰੇਲੀਆ, ਇੰਗਲੈਂਡ, ਕੈਨੇਡਾ ਅਤੇ ਨਿਊਜ਼ੀਲੈਂਡ ਦੇ ਬਾਅਦ ਪੰਜਵਾਂ ਦੇਸ਼ ਬਣ ਜਾਵੇਗਾ।

 

 

fbbg-image

Latest News
Magazine Archive