ਫ਼ੈਡਰਲ ਭਾਰਤ, ਜਮਹੂਰੀ ਪੰਜਾਬ ਲਈ 'ਪੰਜਾਬ ਮੰਚ' ਦਾ ਗ਼ਠਨ


ਪਟਿਆਲਾ - ਦੇ ਲੋਕ ਸਭਾ ਮੈਂਬਰ ਡਾ: ਧਰਮਵੀਰ ਗਾਂਧੀ ਨੇ ਅੱਜ 'ਪੰਜਾਬ ਮੰਚ' ਨਾਮ ਦਾ ਇਕ ਨਵਾਂ ਥੜਾ ਬਨਾਉਣ ਦਾ ਐਲਾਨ ਕੀਤਾ ਜਿਹੜਾ ਕੁਝ ਅਰਸੇ ਤੱਕ ਇਕ ਬਕਾਇਦਾ ਸਿਆਸੀ ਪਾਰਟੀ ਵਿਚ ਵਿਕਸਤ ਹੋ ਜਾਏਗਾ।
ਇਸ ਮੰਚ ਦਾ ਉਦੇਸ਼ "ਫ਼ੈਡਰਲ ਭਾਰਤ, ਜਮਹੂਰੀ ਪੰਜਾਬ" ਦੀ ਸਿਰਜਣਾ ਹੈ ਅਤੇ ਇਕ ਅਜਿਹੇ ਦੇਸ਼ ਦਾ ਭਵਿੱਖ ਨਕਸ਼ਾ ਹੈ ਜਿਸਦੀ ਜੜ੍ਹਾਂ ਮਜਬੂਤੀ ਨਾਲ ਜਮੂਹਰੀਅਤ ਵਿਚ ਲੱਗੀਆਂ ਹੋਣ ਅਤੇ ਜਿੱਥੇ ਵਿਅਕਤੀਗ਼ਤ ਰਾਜ, ਸਮੂਹਿਕ ਤੌਰ 'ਤੇ ਫ਼ੈਡਰਲ ਤਾਕਤਾਂ ਮਾਨਣ, ਜਿਵੇਂ ਕਿ ਸੰਵਿਧਾਨ ਵਿਚ "ਰਾਜਾਂ ਦਾ ਜਥੇਬੰਦੀ" ਦ੍ਰਿਸ਼ਟੀ ਗੋਚਰ ਕੀਤਾ ਗਿਆ ਹੈ।
ਪੰਜਾਬ ਮੰਚ ਦਾ ਵਿਸ਼ਵਾਸ ਹੈ ਕਿ ਭਾਰਤ ਦੀ ਅਸਲੀ ਹੋਣੀ, ਵੱਖੋ ਵੱਖ ਕੌਮੀ, ਨਸਲੀ, ਧਾਰਮਿਕ ਤੇ ਸਭਿਆਚਾਰਕ ਧਾਗਿਆਂ ਨੂੰ ਇਕ ਮਨਮੋਹਕ ਅਤੇ ਭਰਪੂਰ ਫੁਲਕਾਰੀ ਵਿਚ ਬੁਣੇ ਜਾਣ ਨਾਲ ਜੁੜੀ ਹੋਈ ਹੈ।
ਅੱਜ ਸਥਿਤੀ ਇਹ ਹੈ ਕਿ ਇਕੱਲੇ ਇਕੱਲੇ ਰਾਜ, ਇਸ ਜ਼ਾਹਰਾ-ਤੌਰ-'ਤੇ ਤਾਕਤਵਰ, ਦਮ-ਘੋਟੂ ਅਤੇ ਹੱਦੋਂ-ਵੱਧ ਕੇਂਦ੍ਰੀਕ੍ਰਿਤ ਭਾਰਤ ਸਰਕਾਰ ਸਾਹਵੇਂ ਨਿਤਾਣੇ, ਸਾਹਸਤਹੀਣ ਤੇ ਭਿਖਾਰੀ ਬਣਾ ਦਿੱਤੇ ਗਏ ਹਨ।
ਦੁਨੀਆਂ ਭਰ ਵਿਚੋਂ ਅਲੋਕਾਰੀ ਵਿਲੱਖਣਤਾਵਾਂ ਨਾਲ ਗੜੁੱਚੇ ਭਾਰਤ ਨੂੰ ਇਸਦੇ ਵੱਖੋ ਵੱਖਰੇ ਕੌਮੀ, ਇਲਾਕਾਈ, ਧਾਰਮਿਕ, ਭਾਸ਼ਾਈ ਅਤੇ ਸਭਿਆਚਾਰਕ ਭਾਈਚਾਰਿਆਂ ਦੇ ਭਰਪੂਰ ਅਤੇ ਸਰਬੰਗੀ ਪਲਰਨ ਪਸਰਨ ਦੇ ਮੌਕਿਆਂ ਨੂੰ ਇਕ ਕੇਂਦਰੀਕ੍ਰਿਤ ਸਿਆਸੀ ਆਰਥਿਕ ਪ੍ਰਣਾਲੀ ਠੋਕ ਕੇ ਦਬਾਇਆ ਜਾ ਰਿਹਾ ਹੈ ਜਿਸ ਵਿਚ 'ਰਾਜਾਂ ਦੀ ਜਥੇਬੰਦੀ' ਅਤੇ 'ਅਨੇਕਤਾ ਵਿਚ ਏਕਤਾ' ਦਾ ਸੰਕਲਪ, ਇਕ ਛਲਾਵਾ ਬਣ ਕੇ ਰਹਿ ਗਿਆ ਹੈ।
ਪੰਜਾਬ ਮੰਚ ਇਕ ਅਜੇਹੇ ਦੇਸ਼ ਲਈ ਲੋਚਦਾ ਹੈ ਜਿਥੇ ਹਰ ਰੰਗ ਦੀਆਂ ਵਿਲੱਖਣਤਾਵਾਂ, ਇਕ ਵੱਡੇ ਗ਼ੁਲਦਸਤੇ ਦੇ ਹਿੱਸੇ ਵਜੋਂ ਖ਼ਿੜਨ ਦੇ ਮੌਕੇ ਮਾਣ ਸਕਣ। ਇਸ ਮੰਤਵ ਦੀ ਪੂਰਤੀ ਵਾਸਤੇ ਮੰਚ ਵਿਗੜੇ ਹੋਏ ਕੇਂਦਰ-ਰਾਜ ਸਬੰਧਾਂ ਨੂੰ ਮੁੜ ਪਰੀਭਾਸ਼ਤ ਕਰਨ ਲਈ ਯਤਨਸ਼ੀਲ ਹੋਵੇਗਾ ਤਾਂ ਕਿ ਇਕ ਸੱਚਮੁੱਚ ਦਾ ਫ਼ੈਡਰਲ ਭਾਰਤ ਬਣਾਇਆ ਜਾ ਸਕੇ।
ਮੰਚ, ਰਾਜ ਦੇ ਪ੍ਰਸ਼ਾਸਨ ਦੇ ਮੁਕੰਮਲ ਜਮੂਹਰੀਕਰਣ ਲਈ ਅਤੇ ਇਕ ਵਸੀਹ ਜਮਹੂਰੀ ਸਮਾਜ ਸਿਰਜਣ ਵਾਸਤੇ ਪਾਬੰਦ ਹੈ।ਇਸ ਮਕਸਦ ਲਈ ਇਹ ਪੰਜਾਬੀਆਂ ਨੂੰ ਨਿਆਂ,ਬਰਾਬਰੀ, ਅਜ਼ਾਦੀ ਅਤੇ ਭਾਈਚਾਰੇ ਦੇ ਅਸੂਲਾਂ ਦੇ ਅਧਾਰ 'ਤੇ ਇਕੱਠੇ ਹੋ ਜਾਣ ਲਈ ਅਪੀਲ ਕਰਦਾ ਹੈ ਤਾਂ ਕਿ ਸਮਾਜ ਅੰਦਰ ਧਰਮ, ਜਾਤ ਪਾਤ, ਲਿੰਗ ਅਤੇ ਨਸਲ ਅਧਾਰਤ ਵੰਡੀਆਂ ਖਤਮ ਕਰਕੇ ਇਕ ਨਰੋਈ ਪੰਜਾਬੀ ਕੌਮ ਦਾ ਨਿਰਮਾਣ ਹੋ ਸਕੇ।
ਪੰਜਾਬ ਮੰਚ ਦੇ ਮੋਢੀ ਮੈੰਬਰ ਹਨ:
ਡਾ ਧਰਮਵੀਰ ਗਾਂਧੀ, ਡਾ.ਜਗਜੀਤ ਚੀਮਾ, ਪ੍ਰੋ ਬਾਵਾ ਸਿੰਘ, ਪ੍ਰੋ.ਮਲਕੀਅਤ ਸਿੰਘ ਸੈਨੀ, ਪ੍ਰੋ. ਰੌਣਕੀ ਰਾਮ, ਸ. ਸੁਖਦੇਵ ਸਿੰਘ ਪੱਤਰਕਾਰ, ਸ੍ਰੀਮਤੀ ਹਰਮੀਤ ਬਰਾੜ, ਸ਼੍ਰੀਮਤੀ ਗੁਰਪ੍ਰੀਤ ਗਿੱਲ, ਦਿਲਪ੍ਰੀਤ ਗਿੱਲ ਅਤੇ ਡਾ.ਹਰਿੰਦਰ ਜ਼ੀਰਾ

 

 

fbbg-image

Latest News
Magazine Archive