ਅੰਨਾ ਹਜ਼ਾਰੇ ਵੱਲੋਂ ਦਿੱਲੀ ’ਚ ਬੇਮਿਆਦੀ ਭੁੱਖ ਹੜਤਾਲ ਸ਼ੁਰੂ


ਨਵੀਂ ਦਿੱਲੀ - ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਲੋਕਪਾਲ ਦੀ ਨਿਯੁਕਤੀ ਅਤੇ ਕਿਸਾਨ ਮੰਗਾਂ ਨੂੰ ਲੈ ਕੇ ਅੱਜ ਤੋਂ ਦਿੱਲੀ ਦੇ ਰਾਮ ਲੀਲਾ ਮੈਦਾਨ ’ਚ ਬੇਮਿਆਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕਰੀਬ 7 ਸਾਲਾਂ ਬਾਅਦ ਅੰਨਾ ਨੇ ਉਸੇ ਸਥਾਨ ਤੋਂ ਦੂਜਾ ਕੌਮੀ ਪੱਧਰ ਦਾ ਅੰਦੋਲਨ ਸ਼ੁਰੂ ਕੀਤਾ ਹੈ ਜਿੱਥੇ ਉਨ੍ਹਾਂ ਭ੍ਰਿਸ਼ਟਾਚਾਰ ਖ਼ਿਲਾਫ਼ ਅੰਦੋਲਨ ਸ਼ੁਰੂ ਕਰਕੇ ਯੂਪੀਏ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ। 2011 ਵਿੱਚ ਇਸੇ ਅੰਦੋਲਨ ਤੋਂ ਨਿਕਲੀ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਵੱਡੀ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਬਣਾਈ ਸੀ ਅਤੇ ਪੰਜਾਬ ਵਿੱਚ ਵੱਡੀ ਵਿਰੋਧੀ ਧਿਰ ਬਣ ਕੇ ਉਭਰੀ ਸੀ।
ਅੰਨਾ ਹਜ਼ਾਰੇ ਨੇ ਪਹਿਲਾਂ ਸ਼ਹੀਦੇ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਪਾਰਕ (ਆਈਟੀਓ) ਵਿਖੇ ਲੱਗੇ ਬੁੱਤਾਂ ’ਤੇ ਸ਼ਰਧਾ ਭੇਟ ਕਰਕੇ ਸਿਰ ਨਿਵਾਇਆ ਅਤੇ ਫਿਰ ਰਾਮ ਲੀਲਾ ਮੈਦਾਨ ਵਿਖੇ ਡੇਰੇ ਲਾ ਲਏ। ਉਨ੍ਹਾਂ ਇਸ ਵਾਰ ਕਿਸਾਨਾਂ ਦੀ ਮੁੱਖ ਮੰਗ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਾਉਣ ਅਤੇ ਲੋਕਪਾਲ ਦੀ ਨਿਯੁਕਤੀ ਲਈ ਸੰਘਰਸ਼ ਸ਼ੁਰੂ ਕੀਤਾ ਹੈ। ਉਹ ਭਾਜਪਾ ਦੀ ਮੋਦੀ ਸਰਕਾਰ ਤੋਂ ਇਸ ਗੱਲੋਂ ਖਫ਼ਾ ਹਨ ਕਿ ਪ੍ਰਧਾਨ ਮੰਤਰੀ ਨੂੰ ਕਈ ਚਿੱਠੀਆਂ ਲਿਖਣ ਮਗਰੋਂ ਵੀ ਪੀਐਮਓ ਨੇ ਉਨ੍ਹਾਂ ਦਾ ਕੋੲੀ ਜਵਾਬ ਨਹੀਂ ਦਿੱਤਾ ਹੈ। ਇਸ ਵਾਰ ਪੰਜਾਬ, ਹਰਿਆਣਾ, ਯੂਪੀ ਅਤੇ ਹੋਰ ਰਾਜਾਂ ਤੋਂ ਕਿਸਾਨ ਵੀ ਅੰਨਾ ਦੇ ਅੰਦੋਲਨ ਦਾ ਹਿੱਸਾ ਬਣ ਰਹੇ ਹਨ।
ਲੋਕਾਂ ਨੂੰ ਰਾਮ ਲੀਲਾ ਮੈਦਾਨ ਵੱਲ ਪੈਂਦੀਆਂ ਸਡ਼ਕਾਂ ’ਤੇ ਨਾ ਜਾਣ ਦੀ ਸਲਾਹ
ਦਿੱਲੀ ਟ੍ਰੈਫਿਕ ਪੁਲੀਸ ਨੇ ਲੋਕਾਂ ਨੂੰ ਰਾਮ ਲੀਲਾ ਮੈਦਾਨ ਵੱਲ ਜਾਂਦੀਆਂ ਸੜਕਾਂ ਅਰੁਣਾ ਆਸਿਫ਼ ਅਲੀ ਰੋਡ, ਦਿੱਲੀ ਗੇਟ, ਦਰਿਆਗੰਜ, ਨਵੀਂ ਦਿੱਲੀ ਰੇਲਵੇ ਸਟੇਸ਼ਨ, ਅਜਮੇਰੀ ਗੇਟ, ਪਹਾੜਗੰਜ, ਆਈਟੀਓ, ਰਾਜਘਾਟ, ਮਿੰਟੋ ਰੋਡ, ਵਿਵੇਕਾਨੰਦ ਮਾਰਗ, ਜੇਐਲਅੈਨ ਮਾਰਗ ਵੱਲ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਅੰਦੋਲਨਕਾਰੀਆਂ ਕਾਰਨ ਪੁਲੀਸ ਨੂੰ ਇਨ੍ਹਾਂ ਸੜਕਾਂ ਉਪਰ ਜਾਮ ਲੱਗਣ ਦਾ ਖ਼ਦਸ਼ਾ ਹੈ।

 

 

fbbg-image

Latest News
Magazine Archive