ਕੁਪਵਾਡ਼ਾ ਮੁਕਾਬਲਾ: ਪੰਜ ਸੁਰੱਖਿਆ ਕਰਮੀ ਸ਼ਹੀਦ


ਸ੍ਰੀਨਗਰ - ਜੰਮੂ ਕਸ਼ਮੀਰ ਦੇ ਕੁਪਵਾਡ਼ਾ ਜ਼ਿਲ੍ਹੇ ’ਚ ਦਹਿਸ਼ਤਗਰਦਾਂ ਨਾਲ ਕਰੀਬ 48 ਘੰਟਿਆਂ ਤਕ ਚੱਲੇ ਮੁਕਾਬਲੇ ਦੌਰਾਨ ਤਿੰਨ ਫ਼ੌਜੀ ਅਤੇ ਦੋ ਪੁਲੀਸ ਕਰਮੀ ਹਲਾਕ ਹੋ ਗਏ। ਮੁਕਾਬਲੇ ’ਚ ਪੰਜ ਦਹਿਸ਼ਤਗਰਦ ਵੀ ਮਾਰੇ ਗਏ ਹਨ। ਪੁਲੀਸ ਤਰਜਮਾਨ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਕੱਲ੍ਹ ਇਹ ਮੁਕਾਬਲਾ ਹਲਾਮਤਪੋਰਾ ਇਲਾਕੇ ’ਚ ਸ਼ੁਰੂ ਹੋਇਆ ਸੀ। ਕੁਪਵਾਡ਼ਾ ਪੁਲੀਸ, ਫ਼ੌਜ, ਪ੍ਰਾਦੇਸ਼ਿਕ ਸੈਨਾ ਅਤੇ ਸੀਆਰਪੀਐਫ ਦੀਆਂ ਕੰਪਨੀਆਂ ਦੀ ਸਾਂਝੀ ਟੀਮ ਨੇ ਆਪਰੇਸ਼ਨ ਚਲਾਇਆ। ਕੰਟਰੋਲ ਰੇਖਾ ’ਤੇ ਫ਼ੌਜ ਦੀ ਚੌਕਸੀ ਦੀ ਘਾਟ ਸਾਹਮਣੇ ਆ ਗਈ ਕਿਉਂਕਿ ਦਹਿਸ਼ਤਗਰਦਾਂ ਦਾ ਗੁੱਟ ਸ਼ਮਸਬਾਡ਼ੀ ਪਹਾਡ਼ੀ ਦੀਆਂ ਦੋ ਚੋਟੀਆਂ ਪਾਰ ਕਰਕੇ ਅੱਠ ਕਿਲੋਮੀਟਰ ਅੰਦਰ ਤਕ ਸਰਹੱਦ ’ਚ ਦਾਖ਼ਲ ਹੋ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਦਹਿਸ਼ਤਗਰਦ ਵਾਦੀ ’ਚ ਪਹਿਲਾਂ ਤੋਂ ਮੌਜੂਦ ਹੋਰ ਹਮਾਇਤੀਆਂ ਨਾਲ ਮਿਲੇ ਅਤੇ ਉਹ ਕੁਪਵਾਡ਼ਾ ਸ਼ਹਿਰ ਵੱਲ ਜਾ ਰਹੇ ਸਨ ਤਾਂ ਪੁਲੀਸ ਕਰਮੀਆਂ ਦੀ ਉਨ੍ਹਾਂ ’ਤੇ ਨਜ਼ਰ ਪੈ ਗਈ। ਮਸਜਿਦ ਅੰਦਰ ਛਿਪੇ ਦਹਿਸ਼ਤਗਰਦਾਂ ਨੇ ਆਪਣੇ ਬਚਾਅ ਲਈ ਜੰਗਲ ਵੱਲ ਭੱਜਣਾ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਚਾਰ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਗਿਆ। ਪੰਜਵੇਂ ਦਹਿਸ਼ਤਗਰਦ, ਜੋ ਉਚਾਈ ’ਤੇ ਛਿਪਿਆ ਹੋਇਆ ਸੀ, ਨੂੰ ਅੱਜ ਸ਼ਾਮ ਮਾਰ ਮੁਕਾਇਆ। ਪੁਲੀਸ ਤਰਜਮਾਨ ਨੇ ਕਿਹਾ ਕਿ ਮਾਰੇ ਗਏ ਪੰਜ ਦਹਿਸ਼ਤਗਰਦ ਵਿਦੇਸ਼ੀ ਜਾਪਦੇ ਹਨ ਅਤੇ ਉਹ ਕੰਟਰੋਲ ਰੇਖਾ ਰਾਹੀਂ ਘੁਸਪੈਠ ਕਰਨ ਵਾਲੇ ਗੁੱਟ ਦਾ ਹਿੱਸਾ ਹਨ। ਮੁਕਾਬਲੇ ’ਚ ਦੋ ਪੁਲੀਸ ਕਰਮੀ ਦੀਪਕ ਅਤੇ ਐਸਪੀਓ ਮੁਹੰਮਦ ਯੂਸਫ਼, 160 ਪ੍ਰਾਦੇਸ਼ਿਕ ਸੈਨਾ ਦਾ ਸਿਪਾਹੀ ਅਸ਼ਰਫ਼ ਰਾਠਰ ਅਤੇ 5 ਬਿਹਾਰ ਦਾ ਨਾਇਕ ਰਣਜੀਤ ਖੋਲਕਾ ਹਲਾਕ ਹੋ ਗਏ। ਇਸ ਤੋਂ ਪਹਿਲਾਂ ਐਸਪੀਓ ਜਾਵੇਦ ਅਹਿਮਦ ਦੁਵੱਲੀ ਗੋਲੀਬਾਰੀ ’ਚ ਜ਼ਖ਼ਮੀ ਹੋ ਗਿਆ ਸੀ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿਥੇ ੳੁਸ ਦੀ ਹਾਲਤ ਸਥਿਰ ਹੈ।

 

Latest News
Magazine Archive