ਕੇਜਰੀਵਾਲ ਵੱਲੋਂ ਪੰਜਾਬ ਦੇ ਜਥੇਬੰਦਕ ਢਾਂਚੇ ਨੂੰ

ਨਵਾਂ ਰੂਪ ਦੇਣ ਦੀ ਤਿਆਰੀ


ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਇਕਾਈ ਦੇ ਜਥੇਬੰਦਕ ਢਾਂਚੇ ਨੂੰ ਨਵਾਂ ਰੂਪ ਦੇਣ ਦਾ ਸੰਕੇਤ ਦਿੱਤਾ ਹੈ ਅਤੇ ਭਵਿੱਖ ਵਿੱਚ ਸਾਰੇ ਫੈਸਲੇ ਪਾਰਟੀ ਪਲੇਟਫਾਰਮ ਉੱਤੇ ਹੋਣੇ ਯਕੀਨੀ ਬਣਾਏ ਜਾਣਗੇ। ਇਸ ਵੇਲੇ ਇਹ ਪ੍ਰਭਾਵ ਬਣਿਆ ਹੋਇਆ ਹੈ ਕਿ ਸਾਰੇ ਫੈਸਲੇ ਵਿਧਾਇਕ ਦਲ ਦੀਆਂ ਮੀਟਿੰਗਾਂ ਵਿੱਚ ਹੀ ਹੋ ਰਹੇ ਹਨ।
ਸ੍ਰੀ ਕੇਜਰੀਵਾਲ ਵੱਲੋਂ ਕੁੱਝ ਦਿਨ ਪਹਿਲਾਂ ਹੀ ਬਣਾਈ 21 ਮੈਂਬਰੀ ਕੋਰ ਕਮੇਟੀ ਕਾਇਮ ਰੱਖਣ ਅਤੇ ਮੁੱਖ ਫੈਸਲੇ ਕਰਨ ਦੇ ਅਧਿਕਾਰ ਇਸ ਕਮੇਟੀ ਨੂੰ ਹੀ ਦੇਣ ਦੀ ਰਣਨੀਤੀ ਬਣਾਈ ਜਾ ਰਹੀ ਹੈ। ਦੱਸਣਯੋਗ ਹੈ ਕਿ 16 ਮਾਰਚ ਨੂੰ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਸੀ ਕਿ ਮੀਟਿੰਗ ਵਿੱਚ ਹਾਈਕਮਾਂਡ ਵੱਲੋਂ ਬਣਾਈ ਕੋਰ ਕਮੇਟੀ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸੂਤਰਾਂ ਅਨੁਸਾਰ ਸ੍ਰੀ ਖਹਿਰਾ ਤੇ ਵਿਧਾਇਕ ਕੰਵਰ ਸੰਧੂ ਨੇ ਹਾਈਕਮਾਂਡ ਨੂੰ ਕੇਵਲ 6 ਮੈਂਬਰੀ ਕੋਰ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਸੀ ਪਰ ਬਾਅਦ ਵਿੱਚ ਸ੍ਰੀ ਕੇਜਰੀਵਾਲ ਨੇ ਪੰਜਾਬ ਦੇ ਹੋਰ ਆਗੂਆਂ ਦੇ ਵਿਚਾਰਾਂ ਨੂੰ ਮੁੱਖ ਰੱਖਦਿਆਂ 21 ਮੈਂਬਰੀ ਕੋਰ ਕਮੇਟੀ ਬਣਾਈ ਸੀ। ਹਾਈਕਮਾਂਡ ਵੱਲੋਂ ਪਹਿਲਾਂ ਹੀ ਪੰਜਾਬ ਦੇ ਸਹਿ ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ ਕੋਲੋਂ ਪੰਜਾਬ ਦਾ ਜਥੇਬੰਦਕ ਢਾਂਚਾ ਬਣਾਉਣ ਦੇ ਅਧਿਕਾਰ ਲੈ ਕੇ ਮੀਤ ਪ੍ਰਧਾਨ ਡਾ ਬਲਬੀਰ ਸਿੰਘ ਪਟਿਆਲਾ ਨੂੰ ਜ਼ਿੰਮੇਵਾਰੀ ਸੌਂਪ ਕੇ ਜਥੇਬੰਦਕ ਢਾਂਚੇ ਵਿੱਚ ਤਬਦੀਲੀ ਦੇ ਸੰਕੇਤ ਦਿੱਤੇ ਹਨ। ਸੂਤਰਾਂ ਅਨਸਾਰ ਪੰਜਾਬ ਇਕਾਈ ਦੇ ਜਥੇਬੰਦਕ ਢਾਂਚੇ ਨੂੰ ਨਵਾਂ ਰੂਪ ਦੇਣ ਵੇਲੇ ਵਿਧਾਇਕਾਂ ਨੂੰ ਪਾਰਟੀ ਵਿੰਗਾਂ ਦੇ ਮੁਖੀ ਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਦਿੱਲੀ ਦੇ ਆਗੂ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਪ੍ਰਧਾਨ ਵਜੋਂ ਕਾਇਮ ਰੱਖਣ ਦੇ ਰੌਂਅ ਵਿੱਚ ਹੈ। ਸੂਤਰਾਂ ਅਨੁਸਾਰ ਹਾਈਕਮਾਂਡ ਨੂੰ ਪੰਜਾਬ ਵਿਚੋਂ ਅਜਿਹੀਆਂ ਰਿਪੋਰਟਾਂ ਗਈਆਂ ਹਨ ਕਿ ਜੋ ਫੈਸਲੇ ਪੰਜਾਬ ਇਕਾਈ ਦੇ ਪਲੇਟਫਾਰਮ ’ਤੇ ਹੋਣੇ ਚਾਹੀਦੇ ਹਨ, ਉਹ ਫੈਸਲੇ ਵੀ ਵਿਧਾਇਕ ਦਲ ਦੀਆਂ ਮੀਟਿੰਗਾਂ ਵਿੱਚ ਲਏ ਜਾ ਰਹੇ ਹਨ। ਸੂਤਰਾਂ ਅਨੁਸਾਰ ਕੱਲ੍ਹ ਦਿੱਲੀ ਵਿੱਚ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੇ ਪੰਜਾਬ ਦੇ 5 ਜ਼ੋਨਾਂ ਦੇ ਪ੍ਰਧਾਨਾਂ ਕੁਲਦੀਪ ਧਾਲੀਵਾਲ, ਪਰਮਜੀਤ ਸਿੰਘ ਸਚਦੇਵਾ, ਗੁਰਦਿੱਤ ਸਿੰਘ ਸੇਖੋਂ, ਅਨਿਲ ਠਾਕੁਰ ਤੇ ਦਲਬੀਰ ਸਿੰਘ ਢਿੱਲੋਂ, ਪੰਜਾਬ ਦੇ ਮੀਤ ਪ੍ਰਧਾਨ ਡਾ ਬਲਬੀਰ ਸਿੰਘ, ਖਜ਼ਾਨਚੀ ਸੁਖਵਿੰਦਰ ਸੁੱਖੀ ਅਤੇ ਜਥੇਬੰਦਕ ਸਕੱਤਰ ਗੈਰੀ ਵੜਿੰਗ ਨਾਲ ਵੱਖਰੇ ਤੌਰ ’ਤੇ ਮੀਟਿੰਗ ਕੀਤੀ ਹੈ, ਜਿਸ ਵਿੱਚ ਪੰਜਾਬ ਦੇ ਜਥੇਬੰਦਕ ਢਾਂਚੇ ਉਪਰ ਲੰਮੀ ਚਰਚਾ ਹੋਈ ਹੈ। ਸੂਤਰਾਂ ਅਨੁਸਾਰ ਸ੍ਰੀ ਕੇਜਰੀਵਾਲ ਅਤੇ ਸ੍ਰੀ ਸਿਸੋਦੀਆ ਨਾਲ ਪੰਜਾਬ ਦੇ ਆਗੂਆਂ ਨਾਲ ਲੰਘੀ ਸ਼ਾਮ ਹੋਈਆਂ ਮੀਟਿੰਗਾਂ ਵਿਚ ਸ੍ਰੀ ਖਹਿਰਾ ਵੱਲੋਂ ਅਕਸਰ ਹਾਈਕਮਾਂਡ ਦੀ ਨੁਕਤਾਚੀਨੀ ਕਰਨ ਦਾ ਮੁੱਦਾ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਅਤੇ ਕੁਝ ਆਗੂਆਂ ਨੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦਾ ਸੁਝਾਅ ਦਿੱਤਾ ਸੀ ਪਰ ਬਹੁਗਿਣਤੀ ਨੇ ਇਸ ਮਾਮਲੇ ਨੂੰ ਗੱਲਬਾਤ ਨਾਲ ਹੱਲ ਕਰਨ ਉਪਰ ਜੋਰ ਦਿੱਤਾ ਹੈ, ਜਿਸ ਤੋਂ ਬਾਅਦ ਕੇਜਰੀਵਾਲ ਨੇ ਸ੍ਰੀ ਖਹਿਰਾ ਤੇ ਹੋਰ ਨਾਰਾਜ਼ ਵਿਧਾਇਕਾਂ ਨਾਲ ਮੀਟਿੰਗ ਕਰਨ ਦਾ ਫੈਸਲਾ ਲਿਆ ਹੈ।
ਮੇਰਾ ਨੇਤਾ ਕੇਜਰੀਵਾਲ: ਬੁੱਧ ਰਾਮ
ਵਿਧਾਨ ਸਭਾ ਹਲਕਾ ਬੁਢਲਾਢਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਨੇਤਾ ਅਰਵਿੰਦ ਕੇਜਰੀਵਾਲ ਹੈ ਅਤੇ ਉਹ 18 ਮਾਰਚ ਨੂੰ ਦਿੱਲੀ ਵਿੱਚ ਕੌਮੀ ਪ੍ਰਧਾਨ ਨੂੰ ਮੀਟਿੰਗ ਕਰਨ ਸੁਖਪਾਲ ਖਹਿਰਾ ਦੇ ਨੁਮਾਇੰਦੇ ਦੇ ਤੌਰ ’ਤੇ ਨਹੀਂ ਸਗੋਂ ਆਪਣੀ ਹੈਸੀਅਤ ਵਿੱਚ ਗਏ ਸਨ। ਦੱਸਣਯੋਗ ਹੈ ਕਿ ਸ੍ਰੀ ਖਹਿਰਾ ਨੇ ਦਾਅਵਾ ਕੀਤਾ ਸ੍ਰੀ ਕਿ ਚਾਰ ਵਿਧਾਇਕ ਬੁੱਧ ਰਾਮ, ਰੁਪਿੰਦਰ ਰੂਬੀ, ਮਨਜੀਤ ਸਿੰਘ ਬਿਲਾਸਪੁਰ ਤੇ ਜੈਕ੍ਰਿਸ਼ਨ ਰੋੜੀ ਉਨ੍ਹਾਂ ਦੇ ਨੁਮਾਇੰਦੇ ਵਜੋਂ ਇਸ ਮੀਟਿੰਗ ਵਿੱਚ ਗਏ ਹਨ।
ਮੈਂ ਅਸਤੀਫ਼ਾ ਵਾਪਸ ਨਹੀਂ ਲਵਾਂਗਾ: ਭਗਵੰਤ ਮਾਨ
ਚੰਡੀਗੜ੍ਹ - ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ ਵਾਪਸ ਨਹੀਂ ਲਿਆ ਜਾਵੇਗਾ। ਸ੍ਰੀ ਮਾਨ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਡਰੱਗ ਦੇ ਮਾਮਲੇ ਵਿੱਚ ਉਨ੍ਹਾਂ ਵਿਰੁੱਧ ਚੱਲ ਰਹੇ ਮਾਣਹਾਨੀ ਦੇ ਕੇਸ ਵਿੱਚ ਮੁਆਫ਼ੀ ਮੰਗਣ ਕਾਰਨ ਉਨ੍ਹਾਂ ਦੇ ਮਨ ਨੂੰ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਡਰੱਗ ਦੇ ਮੁੱਦੇ ਉਪਰ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਹ ਪਾਰਟੀ ਲਈ ਇੱਕ ਮੈਂਬਰ ਵਜੋਂ ਹੀ ਕੰਮ ਕਰਨਗੇ।

 

 

fbbg-image

Latest News
Magazine Archive