ਡਬਲਿੳੂਟੀਓ ਦੀ ਭਾਰਤ ’ਚ ਹੋਣ ਵਾਲੀ ਬੈਠਕ ’ਚ

ਹਿੱਸਾ ਨਹੀਂ ਲਵੇਗਾ ਪਾਕਿ


ਭਾਰਤ ’ਚ ਪਾਕਿ ਡਿਪਲੋਮੈੱਟਾਂ ਦੇ ਪਰਿਵਾਰਾਂ ਨੂੰ ਤੰਗ ਕੀਤੇ ਜਾਣ ਕਾਰਨ ਲਿਅਾ ਫ਼ੈਸਲਾ
ਇਸਲਾਮਾਬਾਦ - ਭਾਰਤ ’ਚ ਡਿਪਲੋਮੈਟਾਂ ਨੂੰ ਕਥਿਤ ਤੌਰ ’ਤੇ ਪਰੇਸ਼ਾਨ ਕੀਤੇ ਜਾਣ ਦੇ ਰੋਸ ਵਜੋਂ ਪਾਕਿਸਤਾਨ ਨੇ ਦਿੱਲੀ ’ਚ ਅਗਲੇ ਹਫ਼ਤੇ ਹੋਣ ਵਾਲੀ ਵਿਸ਼ਵ ਵਪਾਰ ਸੰਸਥਾ (ਡਬਲਿੳੂਟੀਓ) ਦੀ ਬੈਠਕ ਤੋਂ ਦੂਰ ਰਹਿਣ ਦਾ ਫ਼ੈਸਲਾ ਲਿਆ ਹੈ। ਭਾਰਤ ਨੇ ਪਿਛਲੇ ਮਹੀਨੇ ਪਾਕਿਸਤਾਨ ਦੇ ਵਣਜ ਮੰਤਰੀ ਪਰਵੇਜ਼ ਮਲਿਕ ਨੂੰ ਡਬਲਿੳੂਟੀਓ ਦੀ ਦਿੱਲੀ ’ਚ 19 ਅਤੇ 20 ਮਾਰਚ ਨੂੰ ਹੋਣ ਵਾਲੀ ਮੰਤਰੀ ਪੱਧਰ ਦੀ ਰਸਮੀ ਬੈਠਕ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਜਿਸ ਨੂੰ ਇਸਲਾਮਾਬਾਦ ਨੇ ਸਵੀਕਾਰ ਕਰ ਲਿਆ ਸੀ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਡਿਪਲੋਮੈਟਾਂ ਦੇ ਪਰਿਵਾਰਾਂ ਨੂੰ ਲਗਾਤਾਰ ਪਰੇਸ਼ਾਨ ਕੀਤੇ ਜਾਣ ਮਗਰੋਂ ਹਾਲਾਤ ਬਦਲ ਗਏ ਹਨ ਅਤੇ ਉਨ੍ਹਾਂ ਬੈਠਕ ਤੋਂ ਲਾਂਭੇ ਰਹਿਣ ਦਾ ਫ਼ੈਸਲਾ ਲਿਆ ਹੈ। ਇਸ ਦੀ ਜਾਣਕਾਰੀ ਭਾਰਤ ਨੂੰ ਦੇ ਦਿੱਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਭਾਰਤ ਨੂੰ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਉਲੰਘਣਾ ਅਤੇ ਕਸ਼ਮੀਰ ’ਚ ਵਧੀਕੀਆਂ ਰੋਕਣੀਆਂ ਚਾਹੀਦੀਆਂ ਹਨ। ਖੇਤੀਬਾਡ਼ੀ ਅਤੇ ਸੇਵਾਵਾਂ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ ਵਟਾਂਦਰੇ ਲਈ ਭਾਰਤ ਨੇ ਅਮਰੀਕਾ, ਚੀਨ ਅਤੇ ਪਾਕਿਸਤਾਨ ਸਮੇਤ 50 ਮੁਲਕਾਂ ਦੇ ਵਣਜ ਮੰਤਰੀਆਂ ਨੂੰ ਬੈਠਕ ’ਚ ਹਿੱਸਾ ਲੈਣ ਦਾ ਸੱਦਾ ਭੇਜਿਆ ਹੈ।
ਮੁਲਕ ਦੀ ਰਾਖੀ ਲਈ ਸੈਨਾ ਪਾਰ ਕਰ ਸਕਦੀ ਹੈ ਸਰਹੱਦ: ਰਾਜਨਾਥ
ਨਵੀਂ ਦਿੱਲੀ - ਦਹਿਸ਼ਤੀ ਸਰਗਨੇ ਹਾਫ਼ਿਜ਼ ਸਈਦ ਨੂੰ ਸਿਆਸੀ ਸ਼ਹਿ ਦੇਣ ’ਤੇ ਪਾਕਿਸਤਾਨ ਦੀ ਜ਼ੋਰਦਾਰ ਆਲੋਚਨਾ ਕਰਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਮੁਲਕ ਦੀ ਇਲਾਕਾਈ ਅਖੰਡਤਾ ਦੀ ਰਾਖੀ ਲਈ ਲੋਡ਼ ਪੈਣ ’ਤੇ ਸੁਰੱਖਿਆ ਬਲ ਕੰਟਰੋਲ ਰੇਖਾ ਪਾਰ ਵੀ ਕਰ ਸਕਦੇ ਹਨ। ਜੰਮੂ ਕਸ਼ਮੀਰ ਨੂੰ ਭਾਰਤ ਦਾ ਅਟੁੱਟ ਹਿੱਸਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਸ਼ਮੀਰ ਮਸਲੇ ਦਾ ਸਥਾਈ ਹੱਲ ਚਾਹੁੰਦੀ ਹੈ ਅਤੇ ਕੇਂਦਰ ਵੱਲੋਂ ਨਿਯੁਕਤ ਵਾਰਤਾਕਾਰ ਕਿਸੇ ਨਾਲ ਵੀ ਗੱਲਬਾਤ ਕਰਨ ਲਈ ਤਿਆਰ ਹੈ। ਇਕ ਟੀਵੀ ਚੈਨਲ ਦੇ ਪ੍ਰੋਗਰਾਮ ਦੌਰਾਨ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਹਮੇਸ਼ਾ ਪਾਕਿਸਤਾਨ ਨਾਲ ਦੋਸਤਾਨਾ ਸਬੰਧ ਰੱਖਣਾ ਚਾਹੁੰਦਾ ਹੈ ਪਰ ਉਹ (ਪਾਕਿਸਤਾਨ) ਇਸ ਲਈ ਕੋਈ ਹੇਜ ਨਹੀਂ ਦਿਖਾਉਂਦੇ। ਉਨ੍ਹਾਂ ਕਿਹਾ,‘‘ਪਾਕਿਸਤਾਨ ਸੰਯੁਕਤ ਰਾਸ਼ਟਰ ਦੇ ਨਾਮਜ਼ਦ ਦਹਿਸ਼ਤਗਰਦ ਨੂੰ ਸਿਆਸੀ ਸ਼ਹਿ ਪ੍ਰਦਾਨ ਕਰ ਰਿਹਾ ਹੈ। ਹਾਫ਼ਿਜ਼ ਸਈਦ ਨੂੰ ਸਿਆਸੀ ਪਾਰਟੀ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਉਹ ਚੋਣ ਲਡ਼ ਕੇ ਸੰਸਦ ਪਹੁੰਚ ਜਾਵੇਗਾ। ਹੱਕਾਨੀ ਨੈੱਟਵਰਕ, ਜੋ ਕਈ ਲੋਕਾਂ ਦੀਆਂ ਹੱਤਿਆਵਾਂ ਲਈ ਜ਼ਿੰਮੇਵਾਰ ਹੈ, ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ।’’ ਉਂਜ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤਿਵਾਦ ਖ਼ਿਲਾਫ਼ ਲਡ਼ਾਈ ਦਾ ਮੁੱਦਾ ਸਫ਼ਲਤਾ ਨਾਲ ਕੌਮਾਂਤਰੀ ਮੰਚ ’ਤੇ ਉਠਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪਾਕਿਸਤਾਨ ਖ਼ਿਲਾਫ਼ ਕੋਈ ਨਹੀਂ ਬੋਲਦਾ ਸੀ ਪਰ ਹੁਣ ਅਤਿਵਾਦ ਲਈ ਅਮਰੀਕਾ ਵੱਲੋਂ ਪਾਕਿਸਤਾਨ ਦੀ ਲਾਹ-ਪਾਹ ਕੀਤੀ ਜਾਂਦੀ ਹੈ। ਸ੍ਰੀ ਸਿੰਘ ਨੇ ਕਿਹਾ ਕਿ ਮਾਓਵਾਦੀਆਂ ਖ਼ਿਲਾਫ਼ ਜੰਗ ਗੋਲੀਆਂ ਨਾਲ ਨਹੀਂ ਜਿੱਤੀ ਜਾ ਸਕਦੀ ਜਿਸ ਕਰਕੇ ਵਿਕਾਸ ਨਾਲ ਸਬੰਧਤ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉੱਤਰ-ਪੂਰਬ ’ਚ ਪਿਛਲੇ ਕੁਝ ਸਾਲਾਂ ਦੌਰਾਨ ਹਿੰਸਾ ਦੀਆਂ ਘਟਨਾਵਾਂ ’ਚ 75 ਫ਼ੀਸਦੀ ਕਮੀ ਆਈ ਹੈ।
 

 

 

fbbg-image

Latest News
Magazine Archive