ਮਜੀਠੀਆ ਵੱਲੋਂ ਦੋ ਸਿੱਧੂਅਾਂ ਦਰਮਿਆਨ ਗੰਢ-ਤੁੱਪ ਦੇ ਦੋਸ਼


ਚੰਡੀਗੜ੍ਹ - ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦੀ ਰਿਪੋਰਟ ਦੇ ਮੁੱਦੇ ’ਤੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ, ਡਾ. ਨਵਜੋਤ ਕੌਰ ਸਿੱਧੂ ਅਤੇ ਐਸਟੀਐਫ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਲੰਬੇ ਹੱਥੀਂ ਲਿਆ। ੲਿਸ ਮੌਕੇ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਇਸ ਅਕਾਲੀ ਆਗੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਸਰਕਾਰ ਖ਼ਿਲਾਫ਼ ਇਕ ਲਫ਼ਜ਼ ਵੀ ਨਹੀਂ ਕਿਹਾ।
ਇੱਥੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਮਜੀਠੀਆ ਨੇ ਦੋਸ਼ ਲਾਇਆ ਕਿ ਐਸਟੀਐਫ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਗੱਠਜੋੜ ਬਣਿਆ ਹੋਇਆ ਹੈ ਅਤੇ ਇਹ ਰਿਪੋਰਟ ਝੂਠੀ ਤੇ ਮਨਘੜਤ ਹੈ। ਹਾਲਾਂਕਿ ਏਡੀਜੀਪੀ ਰੈਂਕ ਦੇ ਪੁਲੀਸ ਅਧਿਕਾਰੀ ਸ੍ਰੀ ਸਿੱਧੂ ਨੂੰ ਬਿਕਰਮ ਸਿੰਘ ਮਜੀਠੀਆ ਨੇ ਨਾਰਾਜ਼ ਰਿਸ਼ਤੇਦਾਰ ਤਾਂ ਦੱਸਿਆ ਪਰ ਰਿਸ਼ਤੇਦਾਰੀ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਉੱਧਰ, ਏਡੀਜੀਪੀ ਤੇ ਐਸਟੀਐਫ ਦੇ ਮੁਖੀ ਨੇ ਕਰੀਬੀ ਰਿਸ਼ਤੇਦਾਰ ਹੋਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਸ੍ਰੀ ਮਜੀਠੀਆ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਰਿਸ਼ਤੇਦਾਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ- ਕੋਰਟ ਦੇ ਹੁਕਮਾਂ ’ਤੇ ਇਹ ਜਾਂਚ ਕੀਤੀ ਗਈ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਜਾਂਚ ਪੂਰੀ ਤਰ੍ਹਾਂ ਨਿਰਪੱਖ ਤੇ ਬਿਨਾਂ ਕਿਸੇ ਦਬਾਅ ਤੋਂ ਕੀਤੀ ਗਈ ਹੈ। ਅਕਾਲੀ ਆਗੂ ਨੇ ਐਸਟੀਐਫ ਦੀ ਰਿਪੋਰਟ ਲੀਕ ਹੋਣ ਨੂੰ ਜਿੱਥੇ ਅਦਾਲਤੀ ਮਾਣਹਾਨੀ ਦਾ ਮਾਮਲਾ ਦੱਸਿਆ ਉੱਥੇ ਹੀ ਇਹ ਰਿਪੋਰਟ ਨਵਜੋਤ ਸਿੰਘ ਸਿੱਧੂ ਦੇ ਇਸ਼ਾਰੇ ’ਤੇ ਤਿਆਰ ਕਰਨ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੰਗੀ ਗਈ ਮੁਆਫ਼ੀ ਦੇ ਮਾਮਲੇ ਨੂੰ ਦਬਾਉਣ ਲਈ ਐਸਟੀਐਫ ਦੀ ਰਿਪੋਰਟ ਜਾਣ-ਬੁੱਝ ਕੇ ਜਨਤਕ ਕੀਤੀ ਗਈ ਹੈ। ਅਕਾਲੀ ਆਗੂ ਨੇ ਇਸ ਨੂੰ ਸਾਜਿਸ਼ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਰਿਪੋਰਟ ਤਿਆਰ ਕਰਨ ਲਈ ਉਨ੍ਹਾਂ ਨੇ ਸਮੱਗਰੀ ਦਿੱਤੀ ਸੀ ਜਾਂ ਨਹੀਂ। ਇਹ ਸਧਾਰਨ ਰਿਪੋਰਟ ਨਹੀਂ ਸੀ ਬਲਕਿ ਹਾਈ ਕੋਰਟ ਦੇ ਜੱਜਾਂ ਵੱਲੋਂ ਸੀਲ ਕਵਰ ਵਿੱਚ ਰੱਖੀ ਗਈ ਸੀ ਤੇ ਅਦਾਲਤੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਰਿਪੋਰਟ ਨੂੰ ਜਨਤਕ ਕੀਤਾ ਗਿਆ ਹੈ। ਸਾਬਕਾ ਮਾਲ ਮੰਤਰੀ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਰਿਪੋਰਟ ਵਿਚਲੇ ਜਿਨ੍ਹਾਂ ਤੱਥਾਂ ਦਾ ਹਵਾਲਾ ਸ੍ਰੀ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਦਿੱਤਾ ਗਿਆ ਹੈ, ਉਹ ਕੋਈ ਨਵੇਂ ਤੱਥ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਤੱਥਾਂ ਨੂੰ ਕਈ ਅਥਾਰਿਟੀਆਂ ਵੱਲੋਂ ਰੱਦ ਕੀਤਾ ਜਾ ਚੁੱਕਾ ਹੈ।
ਸ੍ਰੀ ਮਜੀਠੀਆ ਨੇ ਕਿਹਾ ਕਿ ਤਸਕਰੀ ਦੇ ਮਾਮਲੇ ਦੀ ਨਿਰਪੱਖ ਜਾਂਚ ਹੋਵੇ, ਉਹ ਇਸ ਦਾ ਸਵਾਗਤ ਕਰਦੇ ਹਨ ਪਰ ਬਿਨਾਂ ਮਤਲਬ ਤੋਂ ਕਿਸੇ ਦਾ ਨਾਂ ਨਹੀਂ ਘੜੀਸਿਆ ਜਾਣਾ ਚਾਹੀਦਾ। ਇਸ ਤੋਂ ਪਹਿਲਾਂ ੳੁਨ੍ਹਾਂ ਨੂੰ ਜਦੋਂ ਵੀ ਕਿਸੇ ਏਜੰਸੀ ਨੇ ਸੱਦਿਆ ਹੈ ਉਨ੍ਹਾਂ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਤਸਕਰੀ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਪਰ ਅਦਾਲਤ ਨੇ ਕੋਈ ਤੱਥ ਪ੍ਰਵਾਨ ਨਹੀਂ ਸੀ ਕੀਤਾ। ਇਸ ਦੌਰਾਨ ਸ੍ਰੀ ਮਜੀਠੀਆ ਨੇ ਸਿੱਧੂ ਜੋੜੇ ਬਾਰੇ ਕਈ ਤਰ੍ਹਾਂ ਦੇ ਫਿਕਰੇ ਵੀ ਕੱਸੇ।
ਐਸਟੀਐਫ ਮੁਖੀ ਨੂੰ ਦੱਸਿਆ ਨਾਰਾਜ਼ ਰਿਸ਼ਤੇਦਾਰ
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਥੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਏਡੀਜੀਪੀ ਰੈਂਕ ਦੇ ਪੁਲੀਸ ਅਧਿਕਾਰੀ ਤੇ ਐਸਟੀਐਫ ਦੇ ਮੁਖੀ ਹਰਪ੍ਰੀਤ ਸਿਘ ਸਿੱਧੂ ਨੂੰ ਨਾਰਾਜ਼ ਰਿਸ਼ਤੇਦਾਰ ਦੱਸਿਆ, ਹਾਲਾਂਕਿ ਰਿਸ਼ਤੇਦਾਰੀ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਉੱਧਰ, ਏਡੀਜੀਪੀ ਤੇ ਐਸਟੀਐਫ ਦੇ ਮੁਖੀ ਸ੍ਰੀ ਸਿੱਧੂ ਨੇ ਸ੍ਰੀ ਮਜੀਠੀਆ ਨਾਲ ਕਰੀਬੀ ਰਿਸ਼ਤੇਦਾਰੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸ੍ਰੀ ਮਜੀਠੀਆ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਰਿਸ਼ਤੇਦਾਰ ਹਨ।

 

 

fbbg-image

Latest News
Magazine Archive