ਲੋਕ ਸਭਾ ਵੱਲੋਂ ਰੌਲੇ ਰੱਪੇ ਦੌਰਾਨ ਦੋ ਹੋਰ ਬਿੱਲ ਪਾਸ


ਨਵੀਂ ਦਿੱਲੀ - ਵਿਰੋਧੀ ਧਿਰ ਦੇ ਮੈਂਬਰਾਂ ਨੇ ਅੱਜ ਕਾਗਜ਼ ਟੁਕਡ਼ੇ ਟੁਕਡ਼ੇ ਕਰ ਕੇ ਲੋਕ ਸਭਾ ਵਿੱਚ ਖਿਲਾਰ ਦਿੱਤੇ ਜਦਕਿ ਐਨਡੀਏ ਦੀ ਭਿਆਲ ਟੀਡੀਪੀ ਵੱਲੋਂ ਰੋਸ ਮੁਜ਼ਾਹਰਾ ਜਾਰੀ ਰਹਿਣ ਕਰ ਕੇ ਪਾਰਲੀਮੈਂਟ ਦੇ ਦੋਵੇਂ ਸਦਨਾਂ ਦੀ ਕਾਰਵਾਈ ਲਗਾਤਾਰ ਨੌਵੇਂ ਦਿਨ ਵੀ ਠੱਪ ਰਹੀ। ਉਂਜ, ਸਰਕਾਰ ਰੌਲੇ ਰੱਪੇ ਦੌਰਾਨ ਹੀ ਬਿਨਾਂ ਬਹਿਸ ਤੋਂ ਦੋ ਬਿੱਲ ਪਾਸ ਕਰਵਾੳੁਣ ’ਚ ਕਾਮਯਾਬ ਰਹੀ।
ਸਪੀਕਰ ਸੁਮਿਤਰਾ ਮਹਾਜਨ ਨੇ ਲੋਕ ਸਭਾ ਦੀ ਕਾਰਵਾਈ ਪਹਿਲਾਂ ਦੁਪਹਿਰ ਤੱਕ ਤੇ ਫਿਰ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਜਦਕਿ ਰਾਜ ਸਭਾ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕਰਨੀ ਪੲੀ ਤੇ ਰੌਲੇ ਰੱਪੇ ਕਾਰਨ ਵਿੱਤ ਬਿੱਲ ਤੇ ਖਰਚਾ ਬਿੱਲ ਉਪਰ ਚਰਚਾ ਨਾ ਹੋ ਸਕੀ।
ਵਿਰੋਧੀ ਦੇ ਮੈਂਬਰਾਂ ਤੋਂ ਇਲਾਵਾ ਸੱਤਾਧਾਰੀ ਐਨਡੀਏ ਦੇ ਭਿਆਲ ਟੀਡੀਪੀ ਤੇ ਟੀਆਰਐਸ ਦੇ ਮੈਂਬਰਾਂ ਵੱਲੋਂ ਬੈਂਕ ਘੁਟਾਲਿਆਂ, ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜਾ ਅਤੇ ਕਾਵੇਰੀ ਪ੍ਰਬੰਧਕ ਬੋਰਡ ਕਾਇਮ ਕਰਨ ਜਿਹੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਪਾਰਲੀਮੈਂਟ ਵਿਚ ਰੋਸ ਮੁਜ਼ਾਹਰੇ ਜਾਰੀ ਰਹੇ। ਲੋਕ ਸਭਾ ਵਿੱਚ ਸਰਕਾਰ ਰੌਲੇ ਰੱਪੇ ਦੌਰਾਨ ਹੀ ਦੋ ਬਿੱਲ- ਗ੍ਰੈਚੁਟੀ ਸੋਧ ਬਿੱਲ ਅਤੇ ਵਿਸ਼ੇਸ਼ ਰਾਹਤ ਸੋਧ ਬਿੱਲ ਬਿਨਾਂ ਬਹਿਸ ਤੋਂ ਪਾਸ ਕਰਵਾ ਗਈ। ਸਪੀਕਰ ਦੇ ਅਾਸਣ ਮੂਹਰੇ ਵਿਰੋਧ ਜਤਾ ਰਹੇ ਕਾਂਗਰਸ ਅਾਗੂ ਜਯੋਤਿਰਦਿਤਿਆ ਸਿੰਧੀਆ ਨੇ ਬਿਲਾਂ ’ਤੇ ਬਹਿਸ ਕਰਵਾਉਣ ਦੀ ਮੰਗ ਕੀਤੀ। ਜਦੋਂ ਬਹਿਸ ਦਾ ਮਾਹੌਲ ਨਾ ਬਣ ਸਕਿਆ ਤਾਂ ਸਪੀਕਰ ਨੇ ਬਿੱਲ ਪਾਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਜਦੋਂ ਦੂਜਾ ਬਿੱਲ ਵੀ ਬਹਿਸ ਤੋਂ ਬਿਨਾਂ ਪਾਸ ਕੀਤਾ ਜਾਣ ਲੱਗਿਆ ਤਾਂ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੇ ਕੁਝ ਕਾਗਜ਼ਾਤ ਫਾਡ਼ ਕੇ ਖਿਲਾਰ ਦਿੱਤੇ ਅਤੇ ਫਿਰ ਸਪੀਕਰ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ। ਪਹਿਲਾਂ ਕਿਰਤ ਮੰਤਰੀ ਸੰਤੋੋਸ਼ ਕੁਮਾਰ ਗੰਗਵਾਰ ਨੇ ਗ੍ਰੈਚੁਟੀ ਬਿੱਲ ਪੇਸ਼ ਕਰਦਿਆਂ ਕਿਹਾ ਕਿ ਇਹ ਮੁਲਾਜ਼ਮਾਂ ਖਾਸ ਕਰ ਕੇ ਔਰਤਾਂ ਲਈ ਅਹਿਮ ਬਿੱਲ ਹੈ। ਇਸ ਵਿੱਚ ਪ੍ਰਸੂਤੀ ਛੁੱਟੀ ਅਤੇ ਕੇਂਦਰ ਸਰਕਾਰ ਨੂੰ ਗ੍ਰੈਚੁਟੀ ਦੀ ਸੀਲਿੰਗ ਬਾਰੇ ਕਾਨੂੰਨ ਵਿੱਚ ਸੋਧ ਕੀਤੇ ਬਗ਼ੈਰ ਸਮੇਂ ਸਮੇਂ ’ਤੇ ਨੋਟੀਫਾੲੀ ਕਰਨ ਦਾ ਅਖਤਿਆਰ ਦੇਣ ਦੀ ਵਿਵਸਥਾ ਹੈ। ਵਿਸ਼ੇਸ਼ ਰਾਹਤ (ਸੋਧ) ਬਿੱਲ ਵਿੱਚ ਕੋਈ ਕਾਰੋਬਾਰੀ ਕਰਾਰ ਟੁੱਟਣ ਦੀ ਸੂਰਤ ਵਿੱਚ ਕਿਸੇ ਧਿਰ ਨੂੰ ਦੂਜੀ ਧਿਰ ਤੋਂ ਮੁਆਵਜ਼ਾ ਮੰਗਣ ਅਤੇ ਇਹੋ ਜਿਹੇ ਮਾਮਲਿਆਂ ਵਿੱਚ ਅਦਾਲਤ ਦੇ ਅਖ਼ਤਿਆਰ ਨੂੰ ਸੀਮਤ ਕੀਤਾ ਗਿਆ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਮੁਜ਼ਾਹਰਾ ਕਰ ਰਹੇ ਮੈਂਬਰਾਂ ਨੂੰ ਸਦਨ ਚੱਲਣ ਦੇਣ ਦੀ ਅਪੀਲ ਕੀਤੀ।

 

 

fbbg-image

Latest News
Magazine Archive