ਸੁਕਮਾ ਵਿੱਚ ਨਕਸਲੀ ਹਮਲਾ: 9 ਸੀਆਰਪੀਐਫ ਜਵਾਨ ਹਲਾਕ


ਰਾਇਪੁਰ/ ਨਵੀਂ ਦਿੱਲੀ - ਛੱਤੀਸਗੜ੍ਹ ਦੇ ਸੁਕਮਾ ਵਿੱਚ ਅੱਜ ਨਕਸਲੀਆਂ ਵੱਲੋ ਕੀਤੇ ਗਏ ਬਾਰੂਦੀ ਸੁਰੰਗ ਧਮਾਕੇ ਵਿੱਚ ਸੀਆਰਪੀਐਫ ਦੇ 9 ਕਰਮੀ ਹਲਾਕ ਹੋ ਗਏ। ਸਾਲ ਪਹਿਲਾਂ ਇਸੇ ਜ਼ਿਲੇ ਵਿੱਚ ਇਸ ਤਰ੍ਹਾਂ ਦੇ ਹਮਲੇ ਵਿੱਚ ਦਰਜਨ ਜਵਾਨ ਮਾਰੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਲੇ ਦੀ ਨਿੰਦਾ ਕੀਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਵਾਰਦਾਤ ਪੰਜ ਕਿਲੋਮੀਟਰ ਲੰਮੀ ਉਸਾਰੀ ਅਧੀਨ ਕਿਸਤਾਰਾਮ-ਪਲੋਦੀ ਸੜਕ ’ਤੇ ਬਾਅਦ ਦੁਪਹਿਰ 12:30 ਵਜੇ ਵਾਪਰੀ ਜਦੋਂ ਸੀਆਰਪੀਐਫ ਦੀ 212ਵੀ ਬਟਾਲੀਅਨ ਦੀ ਟੁਕੜੀ ਕੋਈ ਅਪਰੇਸ਼ਨ ਕਰਨ ਜਾ ਰਹੀ  ਸੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਵਾਰਦਾਤ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੀ ਹੈ ਅਤੇ ਉਨ੍ਹਾਂ ਸੀਆਰਪੀਐਫ ਦੇ ਡੀਜੀ ਆਰ ਆਰ ਭਟਨਾਗਰ ਨੂੰ ਤੁਰੰਤ ਛੱਤੀਸਗੜ੍ਹ ਭੇਜਿਆ ਹੈ। ਗ੍ਰਹਿ ਮੰਤਰੀ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਜਵਾਨਾਂ ਦੇ ਇਲਾਜ ਤੇ ਹਮਲਾਵਰਾਂ ਨੂੰ ਫੜਨ ਲਈ ਚਲਾਈ ਜਾ ਰਹੀ ਮੁਹਿੰਮ ਬਾਰੇ ਜਾਣਕਾਰੀ ਲਈ।
ਸ਼੍ਰੀ ਭਟਨਾਗਰ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਦੱਸਿਆ ‘‘ ਹਮਲੇ ਦੀ ਜ਼ਦ ਵਿਚ ਆਇਆ ਦਸਤਾ ਬਖਤਰਬੰਦ ਐਮਪੀਵੀ ਵਿੱਚ ਸਵਾਰ ਸੀ ਅਤੇ ਧਮਾਕੇ ਕਾਰਨ ਗੱਡੀ 10 ਫੁੱਟ ਉੱਚੀ ਉੱਛਲ ਕੇ ਸੜਕ ’ਤੇ ਡਿੱਗੀ। ਧਮਾਕੇ ਕਾਰਨ ਗੱਡੀ ਵਿੱਚ ਸਵਾਰ ਸਾਰੇ ਜਵਾਨ ਮਾਰੇ ਗਏ ਤੇ ਕੁਝ ਗੱਡੀ ਤੋਂ ਦੂਰ ਜਾ ਡਿੱਗੇ। ਉਸ ਦੇ ਨਾਲ ਹੀ ਆ ਰਹੇ ਮੋਟਰਸਾਈਕਲਾਂ ਤੇ ਦੋ ਐਮਪੀਵੀਜ਼ ਦਾ ਕਾਫ਼ਲਾ ਵੀ ਇਕ ਹੋਰ ਬਾਰੂਦੀ ਸੁਰੰਗ ਧਮਾਕੇ ਦੀ ਲਪੇਟ ਵਿੱਚ ਆ ਗਿਆ। ਉਨ੍ਹਾਂ ਦੱਸਿਆ ਕਿ ਉਹ ਰਾਜ ਦਾ ਦੌਰਾ ਕਰ ਕੇ ਅੱਜ ਸਵੇਰੇ ਹੀ ਪਰਤੇ ਸਨ। ਜਦੋਂ ਸ਼੍ਰੀ ਭਟਨਾਗਰ ਤੋਂ ਪੁੱਛਿਆ ਗਿਆ ਕਿ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਐਮਪੀਵੀਜ਼ ਕਿਉਂ ਵਰਤੀਆਂ ਜਾ ਰਹੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਅਪਰੇਸ਼ਨਾਂ ਲਈ ਇਹ ਗੱਡੀਆਂ ਕਦੇ ਕਦਾਈ ਵਰਤੀਆਂ ਜਾਂਦੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਲਈ 50 ਕਿਲੋ ਵਿਸਫੋਟਕ ਸਮੱਗਰੀ ਵਰਤੀ ਗਈ ਸੀ। ਰਾਇਪੁਰ ਵਿਚ ਸੀਆਰਪੀਐਫ ਦੇ ਇਕ ਸੀਨੀਅਰ ਅਫ਼ਸਰ ਨੇ ਦੱਸਿਆ ਕਿ ਗਸ਼ਤ ਦਸਤੇ ਨੇ ਕਿਸਤਾਰਾਮ ਤੋਂ ਪਲੋਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸ਼ੱਕ ਹੈ ਕਿ ਮਾਓਵਾਦੀਆਂ ਨੇ ਦੂਰੋਂ ਤਾਰਾਂ ਜੋੜ ਕੇ ਧਮਾਕਾ ਕੀਤਾ ਹੈ। ਹਮਲੇ ਤੋਂ ਤੁਰੰਤ ਬਾਅਦ ਰਾਇਪੁਰ ਤੋਂ ਕੁਮਕ ਭੇਜੀ ਜਾ ਰਹੀ ਸੀ। ਮਾਰੇ ਗਏ ਜਵਾਨਾਂ ਦੀ ਪਛਾਣ ਏਐਸਆਈ ਆਰਕੇਐਸ ਤੋਮਰ, ਹੈੱਡ ਕਾਂਸਟੇਬਲ ਲਕਸ਼ਮਣ ਅਤੇ ਕਾਂਸਟੇਬਲ ਅਜੈ ਕੇ ਯਾਦਵ, ਮਨੋਰੰਜਨ ਲੰਕਾ, ਜਿਤੇਂਦਰ ਸਿੰਘ, ਸ਼ੋਭਿਤ ਸ਼ਰਮਾ, ਮਨੋਜ ਸਿੰਘ, ਧਰਮੇਂਦਰ ਸਿੰਘ ਤੇ ਚੰਦਰ ਐਚ ਐਸ ਵਜੋਂ ਹੋਈ। ਜ਼ਖ਼ਮੀਆਂ ਵਿੱਚ ਮਦਨ ਕੁਮਾਰ ਤੇ ਰਾਜੇਸ਼ ਕੁਮਾਰ ਸ਼ਾਮਲ ਹਨ।
ਨਕਸਲਵਾਦ ਖਤਮ ਕਰਨ ਦੇ ਦਾਅਵੇ ਗ਼ਲਤ ਸਾਬਿਤ ਹੋਏ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਆਪਣੀ ਉਦੇਸ਼ਹੀਣ ਨੀਤੀ ਕਰ ਕੇ ਖੱਬੇਪੱਖੀ ਅਤਿਵਾਦ ਦੇ ਖਤਰੇ ਨਾਲ ਨਜਿੱਠਣ ਵਿੱਚ ਨਾਕਾਮ ਰਹੀ ਹੈ। ਕਾਂਗਰਸ ਦੇ ਸੰਚਾਰ ਮਾਮਲਿਆਂ ਦੇ ਮੁਖੀ ਰਣਦੀਪ ਸੂਰਜੇਵਾਲਾ ਨੇ ਸੁਕਮਾ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਖੋਖਲੇ ਦਾਅਵੇ, ਨਾਅਰੇਬਾਜ਼ੀ ਤੇ ਲਫਾਜ਼ੀ ਕਦੇ ਵੀ ਪੁਖਤਾ ਨੀਤੀ ਦਾ ਬਦਲ ਨਹੀਂ ਬਣ ਸਕਦੀ। ਸੁਰਖੀਆਂ ਨੱਪਣ ਦੀ ਕਵਾਇਦ ਅਕਸਰ ਪੁੱਠੀ ਪੈਂਦੀ ਹੈ।

 

 

fbbg-image

Latest News
Magazine Archive