ਰਾਸ਼ਟਰਮੰਡਲ ਖੇਡਾਂ: ਮਨਪ੍ਰੀਤ ਸਿੰਘ ਨੂੰ ਸੌਂਪੀ ਭਾਰਤੀ ਹਾਕੀ ਦੀ ਸਰਦਾਰੀ


ਨਵੀਂ ਦਿੱਲੀ - ਰਾਸ਼ਟਰਮੰਡਲ ਖੇਡਾਂ ਲਈ ਐਲਾਨੀ 18 ਮੈਂਬਰੀ ਭਾਰਤੀ ਹਾਕੀ ਟੀਮ ਵਿੱਚੋਂ ਅੱਜ ਸਾਬਕਾ ਕਪਤਾਨ ਅਤੇ ਅਨੁਭਵੀ ਖਿਡਾਰੀ ਸਰਦਾਰ ਸਿੰਘ ਨੂੰ ਬਾਹਰ ਕਰ ਦਿੱਤਾ ਹੈ, ਜਦੋਂਕਿ ਚਾਰ ਤੋਂ 14 ਅਪਰੈਲ ਤਕ ਆਸਟਰੇਲੀਆ ਦੇ ਗੋਲਡ ਕੋਸਟ ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਟੀਮ ਦੀ ਕਮਾਨ ਮਿਡਫੀਲਡਰ ਮਨਪ੍ਰੀਤ ਸਿੰਘ ਹੱਥ ਹੋਵੇਗੀ। ਅਜ਼ਲਾਨ ਸ਼ਾਹ ਕੱਪ ਵਿੱਚ ਖ਼ਰਾਬ ਪ੍ਰਦਰਸ਼ਨ ਮਗਰੋਂ ਸਰਦਾਰ ਸਿੰਘ ਦਾ ਟੀਮ ਵਿੱਚੋਂ ਬਾਹਰ ਹੋਣਾ ਤੈਅ ਸੀ। ਹਾਕੀ ਇੰਡੀਆ ਨੇ (ਐਚਆਈ) ਨੇ ਫਾਰਵਰਡ ਰਮਨਦੀਪ ਸਿੰਘ ਨੂੰ ਵੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ। ਹਾਲਾਂਕਿ ਗੋਲਕੀਪਰ ਪੀਆਰ ਸ੍ਰੀਜੇਸ਼ ਦੀ ਵਾਪਸੀ ਹੋਈ ਪਰ ਸੂਰਜ ਕਰਕਰਾ ਨੂੰ ਟੀਮ ਵਿੱਚ ਬਦਲਵੇਂ ਗੋਲਕੀਪਰ ਵਜੋਂ ਰੱਖਿਆ ਹੈ।
ਮਨਪ੍ਰੀਤ ਰਾਸ਼ਟਰਮੰਡਲ ਖੇਡਾਂ 2018 ਵਿੱਚ ਟੀਮ ਦੀ ਕਪਤਾਨੀ ਕਰੇਗਾ ਜਦਕਿ ਚਿੰਗਲੇਨਸਾਨਾ ਸਿੰਘ ਕੰਗੁਜ਼ਮ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਭਾਰਤ ਨੂੰ ਖੇਡਾਂ ਵਿੱਚ ਗਰੁੱਪ ਬੀ ਵਿੱਚ ਪਾਕਿਸਤਾਨ, ਮਲੇਸ਼ੀਆ, ਵੇਲਜ਼ ਅਤੇ ਇੰਗਲੈਂਡ ਨਾਲ ਰੱਖਿਆ ਗਿਆ ਹੈ ਜਦਕਿ ਸੱਤ ਅਪਰੈਲ ਨੂੰ ਉਸ ਦੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਖ਼ਿਲਾਫ਼ ਹੋਵੇਗੀ। ਭਾਰਤੀ ਟੀਮ ਵਿੱਚ ਛੇ ਡਿਫੈਂਡਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਅਨੁਭਵੀ ਰੁਪਿੰਦਰ ਪਾਲ ਸਿੰਘ ਦੀ ਵਾਪਸੀ ਹੋਈ ਹੈ। ਇਸ ਤੋਂ ਇਲਾਵਾ ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ ਕੋਠਾਜੀਤ ਸਿੰਘ, ਗੁਰਿੰਦਰ ਸਿੰਘ ਅਤੇ ਅਮਿਤ ਰੋਹਿਦਾਸ ਹਨ। ਫਾਰਵਰਡ ਲਾਈਨ ਵਿੱਚ ਆਕਾਸ਼ਦੀਪ ਸਿੰਘ, ਐਸਵੀ ਸੁਨੀਲ, ਜੂਨੀਅਰ ਵਿਸ਼ਵ ਕੱਪ ਜੇਤੂ ਗੁਰਜੰਟ ਸਿੰਘ, ਮਨਦੀਪ ਸਿੰਘ, ਲਲਿਤ ਉਪਾਧਿਆਇ ਅਤੇ ਦਿਲਪ੍ਰੀਤ ਸਿੰਘ ’ਤੇ ਜ਼ਿੰਮੇਵਾਰੀ ਰਹੇਗੀ। ਚਿੰਗਲੇਨਸਾਨਾ ਨੂੰ ਮਿਡਫੀਲਡਰ ਰੱਖਿਆ ਗਿਆ ਹੈ। ਸੁਮਿਤ ਅਤੇ ਵਿਵੇਕ ਸਾਗਰ ਪ੍ਰਸਾਦ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ ਨੇ ਮਨਪ੍ਰੀਤ ਦੀ ਅਗਵਾਈ ਵਿੱਚ ਹੀ ਏਸ਼ੀਆ ਕੱਪ 2017 ਦਾ ਖ਼ਿਤਾਬ ਆਪਣੇ ਨਾਮ ਕੀਤਾ ਸੀ ਅਤੇ ਉਸ ਮਗਰੋਂ ਭੁਵਨੇਸ਼ਵਰ ਵਿਸ਼ਵ ਲੀਗ ਫਾਈਨਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਹਾਕੀ ਟੀਮ ਦੇ ਕੌਮੀ ਕੋਚ ਸ਼ੋਰਡ ਮਾਰਿਨ ਨੇ ਕਿਹਾ, ‘‘ਏਸ਼ੀਆ ਕੱਪ 2017 ਮਗਰੋਂ ਹੀ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖ ਕੇ ਇਸ ਟੀਮ ਨੂੰ ਤਿਆਰ ਕੀਤਾ ਗਿਆ ਹੈ। ਅਸੀਂ ਪਿਛਲੇ ਟੂਰਨਾਮੈਂਟਾਂ ਵਿੱਚ ਵੀ ਰਲਵੇਂ-ਮਿਲਵੇਂ ਖਿਡਾਰੀਆਂ ਨੂੰ ਉਤਾਰਿਆ ਹੈ ਅਤੇ ਸਾਨੂੰ ਯਕੀਨ ਹੈ ਕਿ ਰਾਸ਼ਟਰਮੰਡਲ ਖੇਡਾਂ 2018 ਵਿੱਚ ਵੀ ਇਹ ਤਰੀਕਾ ਕੰਮ ਆਵੇਗਾ।’’ ਹਾਲੈਂਡ ਦੇ 43 ਸਾਲਾ ਮਾਰਿਨ ਨੇ ਕਿਹਾ ਕਿ ਟੀਮ ਵਿੱਚ ਜਿੱਤਣ ਦਾ ਜਜ਼ਬਾ ਹੈ ਅਤੇ ਉਹ ਟੂਰਨਾਮੈਂਟ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਉਤਰੇਗੀ।     
ਸਰਦਾਰ ਤੇ ਰਮਨਦੀਪ ਨੂੰ ਬਾਹਰ ਕਰਨ ਦੇ ਵੱਖਰੇ ਕਾਰਨ: ਹਾਕੀ ਕੋਚ
ਬੰਗਲੌਰ: ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ ਕਿ ਅਨੁਭਵੀ ਸਰਦਾਰ ਸਿੰਘ ਨੂੰ ਸਖ਼ਤ ਮੁਕਾਬਲੇ ਅਤੇ ਰਮਨਦੀਪ ਸਿੰਘ ਨੂੰ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਖ਼ਰਾਬ ਪ੍ਰਦਰਸ਼ਨ ਕਾਰਨ ਬਾਹਰ ਕੀਤਾ ਗਿਆ ਹੈ। ਸਰਦਾਰ ਨੂੰ ਸੈਂਟਰ ਪੁਜ਼ੀਸ਼ਨ ਲਈ ਸਖ਼ਤ ਮੁਕਾਬਲੇ ਕਾਰਨ ਬਾਹਰ ਕੀਤਾ ਹੈ। ਉਨ੍ਹਾਂ ਮੰਨਿਆ ਕਿ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਹਰਾਉਣਾ ਸਖ਼ਤ ਚੁਣੌਤੀ ਹੈ।

 

 

fbbg-image

Latest News
Magazine Archive