ਨਾਜਾਇਜ਼ ਮਾਈਨਿੰਗ: ਅਕਾਲੀ ਦਲ ਤੇ ਕਾਂਗਰਸ ਦੀ

ਲਫ਼ਜ਼ੀ ਜੰਗ ਹੋਰ ਭਖ਼ੀ


ਚੰਡੀਗੜ੍ਹ - ਪੰਜਾਬ ’ਚ ਰੇਤੇ ਦੇ ਨਾਜਾਇਜ਼ ਖਣਨ ਦੇ ਮੁੱਦੇ ’ਤੇ ਹਾਕਮ ਧਿਰ ਅਤੇ ਅਕਾਲੀ ਦਲ ਦਰਮਿਆਨ ਸ਼ਬਦੀ ਜੰਗ ਤਿੱਖੀ ਹੁੰਦੀ ਜਾ ਰਹੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਜਵਾਬੀ ਹਮਲਾ ਕਰਦਿਆਂ ਦੋਸ਼ ਲਾਇਆ ਕਿ ਸਾਬਕਾ ਉਪ ਮੁੱਖ ਮੰਤਰੀ ਵੱਲੋਂ ਅਕਾਲੀ-ਭਾਜਪਾ ਸਰਕਾਰ ਦੇ ਪਿਛਲੇ ਦਸ ਸਾਲਾ ਕਾਰਜਕਾਲ ਦੌਰਾਨ ਕੀਤੀ ‘ਲੁੱਟ’ ਨੂੰ ਕਾਂਗਰਸ ਸਿਰ ਮੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਧਰ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਅਕਾਲੀ ਐਮਪੀ ਹਰਸਿਮਰਤ ਕੌਰ ਬਾਦਲ ਨੇ ਇਸ ਮੁੱਦੇ ਨੂੰ ਹਵਾ ਦਿੰਦਿਆਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਖ਼ਾਤਿਬ ਹੁੰਦਿਆਂ ਰੇਤੇ ਦੀ ਖਣਨ ’ਚ ਸ਼ਾਮਲ ਮੰਤਰੀਆਂ ਦੇ ਨਾਂ ਨਸ਼ਰ ਕਰਨ ਦੀ ਮੰਗ ਕੀਤੀ ਹੈ। ਅਕਾਲੀ ਦਲ ਵੱਲੋਂ ਪੋਲ ਖੋਲ੍ਹ ਰੈਲੀਆਂ ਦੌਰਾਨ ਰੇਤੇ ਦੇ ਮਾਮਲੇ ’ਤੇ ਕਾਂਗਰਸ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੇਤੇ ਦੀ ਨਾਜਾਇਜ਼ ਮਾਈਨਿੰਗ ਦਾ ਹਵਾਈ ਸਰਵੇਖਣ ਕਰਨ ਤੋਂ ਬਾਅਦ ਅਕਾਲੀ ਦਲ ਨੇ ਹਮਲੇ ਤਿੱਖੇ ਕਰ ਦਿੱਤੇ ਹਨ।
ਅਕਾਲੀ ਦਲ ਦੇ ਹਮਲਿਆਂ ਦਾ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਅੱਜ ਸਰਕਾਰ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ, ਕਿਉਂਕਿ ਅਕਾਲੀ ਸਰਕਾਰ ਦੇ ਸਮੇਂ ਸੂਬੇ ਵਿੱਚ ਦਹਾਕਾ ਭਰ ਹਰ ਤਰ੍ਹਾਂ ਦਾ ਮਾਫ਼ੀਆ ਸਰਕਾਰੀ ਸ਼ਹਿ ਅਤੇ ‘ਜਥੇਦਾਰਾਂ’ ਦੀ ਰਹਿਨੁਮਾਈ ਹੇਠ ਪਨਪਿਆ। ਉਨ੍ਹਾਂ ਕਿਹਾ ਕਿ ‘ਸੁਖਬੀਰ ਬਾਦਲ ਨੂੰ ਸ਼ੋਭਾ ਨਹੀਂ ਦਿੰਦਾ ਕਿ ਉਹ ਕੈਪਟਨ ਅਮਰਿੰਦਰ ਸਿੰਘ ’ਤੇ ਅਜਿਹੇ ਝੂਠੇ ਦੋਸ਼’ ਲਾਉਣ ਜਿਨ੍ਹਾਂ ਦੋਸ਼ਾਂ ’ਚ ਉਹ (ਸੁਖਬੀਰ) ਖੁਦ ਘਿਰੇ ਰਹੇ। ਉਨ੍ਹਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਨੇ ਖੁਦ ਸੂਬੇ ਦੀ ਸਿਵਲ ਤੇ ਪੁਲੀਸ ਮਸ਼ੀਨੀਰੀ ਦਾ ਰਾਜਨੀਤੀਕਰਨ ਕੀਤਾ ਹੋਇਆ ਸੀ ਤੇ ਪੰਜਾਬ ਵਿੱਚ ਕਾਨੂੰਨ ਦੀ ਥਾਂ ‘ਜਥੇਦਾਰਾਂ’ ਦਾ ਹੀ ਰਾਜ ਸੀ। ਉਨ੍ਹਾਂ ਸ੍ਰੀ ਬਾਦਲ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੀ ਕੋਈ ਇੱਕ ਮਿਸਾਲ ਪੇਸ਼ ਕਰਨ, ਜੋ ਸੂਬੇ ’ਚ ਗੈਰਕਾਨੂੰਨੀ ਸਰਗਰਮੀਆਂ ਨੂੰ ਠੱਲ੍ਹ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁੱਕੇ ‘ਦਲੇਰ ਅਤੇ ਠੋਸ ਕਦਮਾਂ’ ਨਾਲ ਮੇਲ ਖਾਂਦੀ ਹੋਵੇ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਜਲਦ ਹੀ ਸਾਰੇ ਵਾਅਦੇ ਪੂਰੇ ਹੁੰਦੇ ਦੇਖਣਗੇ ਅਤੇ ਇਸ ਦੀ ਸ਼ੁਰੂਆਤ ਸਰਕਾਰ ਦੇ ਪਹਿਲੇ ਸਾਲ ਤੋਂ ਹੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਕਾਲੀਆਂ ਵੱਲੋਂ 10 ਸਾਲਾਂ ਦੌਰਾਨ ਕੀਤੀ ਗੜਬੜ ਨੂੰ ਦੁਰਸਤ ਕਰਨ ਲਈ ਕੁਝ ਸਮਾਂ ਲੱਗੇਗਾ।

 

 

fbbg-image

Latest News
Magazine Archive