ਟੀਡੀਪੀ ਦੇ ਦੋਵੇਂ ਕੇਂਦਰੀ ਮੰਤਰੀਆਂ ਵੱਲੋਂ ਅਸਤੀਫ਼ਾ


ਨਵੀਂ ਦਿੱਲੀ - ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿਚ ਤੇਲਗੂ ਦੇਸਮ ਪਾਰਟੀ ਦੇ ਦੋ ਮੰਤਰੀਆਂ ਅਸ਼ੋਕ ਗਜਪਤੀ ਰਾਜੂ  ਅਤੇ ਵਾਈਐਸ ਚੌਧਰੀ ਨੇ ਅੱਜ ਆਪਣੇ ਅਸਤੀਫ਼ੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪ ਦਿੱਤੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਨਿਵਾਸ ’ਤੇ ਮੁਲਾਕਾਤ ਤੋਂ ਬਾਅਦ ਸ਼੍ਰੀ ਰਾਜੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਸੱਤਾਧਾਰੀ ਗੱਠਜੋੜ ਦਾ ਹਿੱਸਾ ਬਣੀ ਰਹੇਗੀ। ਸ੍ਰੀ ਚੌਧਰੀ ਨੇ ਕਿਹਾ ਕਿ ‘‘ਨਾ ਟਾਲੇ ਜਾ ਸਕਣ ਵਾਲੇ ਹਾਲਾਤ’’ ਕਰ ਕੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ ਹੈ। ਉਨ੍ਹਾਂ ਕਿਹਾ ‘‘ ਜਦੋਂ ਸ਼ਾਦੀ ਹੁੰਦੀ ਹੈ ਤਾਂ ਹਰ ਕੋਈ ਖ਼ੁਸ਼ ਹੁੰਦਾ ਹੈ ਪਰ ਤਲਾਕ ਵੇਲੇ ਕੋਈ ਵੀ ਨਹੀਂ। ਲੋਕਰਾਜ ਦੀ ਖੂਬਸੂਰਤੀ ਹਰੇਕ ਨੂੰ ਖੁਸ਼ ਕਰਨ ’ਚ ਹੁੰਦੀ ਹੈ ਤੇ ਭਾਜਪਾ ਦੀ ਇਸ ਵੇਲੇ ਇਹੀ ਜ਼ਿੰਮੇਵਾਰੀ ਹੈ।’’ ਇਸ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਲੀਫੋਨ ’ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ। ਸੁਣਨ ’ਚ ਆਇਆ ਹੈ ਕਿ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਸਰਕਾਰ ’ਚੋਂ ਬਾਹਰ ਆਉਣ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਪਰ ਸ੍ਰੀ ਨਾਇਡੂ ਨੇ ਆਪਣੀ ਮਜਬੂਰੀ ਦੱਸੀ।
ਜਦੋਂ ਪੱਤਰਕਾਰਾਂ ਨੇ ਟੀਡੀਪੀ ਮੰਤਰੀਆਂ ਤੋਂ ਉਨ੍ਹਾਂ ਦੀ ਮੰਗ ਬਾਰੇ ਪ੍ਰਧਾਨ ਮੰਤਰੀ ਦੇ ਰਵੱਈਏ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਅਫ਼ਸੋਸਨਾਕ ਘਟਨਾਕ੍ਰਮ ਹੈ ਪਰ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਂਧਰਾ ਪ੍ਰਦੇਸ਼ ਦੇ ਨਾਲ ਹਨ। ਕੱਲ੍ਹ ਟੀਡੀਪੀ ਨੇਤਾ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੇ ਰਾਜ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਤੋਂ ਮਨ੍ਹਾਂ ਕਰਨ ਦੇ ਰੋਸ ਵਜੋਂ ਪਾਰਟੀ ਦੇ ਦੋਵੇਂ ਮੰਤਰੀ ਕੇਂਦਰ ਸਰਕਾਰ ਤੋਂ ਅਸਤੀਫ਼ਾ ਦੇ ਦੇਣਗੇ। ਸ੍ਰੀ ਰਾਜੂ ਮੋਦੀ ਸਰਕਾਰ ਵਿਚ ਸ਼ਹਿਰੀ ਹਵਾਬਾਜ਼ੀ ਮੰਤਰੀ ਸਨ ਜਦਕਿ ਸ੍ਰੀ ਚੌਧਰੀ ਸਾਇੰਸ ਤੇ ਤਕਨਾਲੋਜੀ ਰਾਜ ਮੰਤਰੀ ਸਨ। ਸ੍ਰੀ ਚੌਧਰੀ ਨੇ ਕਿਹਾ ਕਿ ਵਿਸ਼ੇਸ਼ ਰਾਜ ਦਾ ਦਰਜਾ ਰਾਜ ਲਈ ਜਜ਼ਬਾਤੀ ਮੁੱਦਾ ਹੈ ਪਰ ਕੇਂਦਰ ਨੇ ਇਸ ਨੂੰ ਮੁਖ਼ਾਤਬ ਨਹੀਂ ਹੋਇਆ ਹਾਲਾਂਕਿ ਇਸ ਵੱਲੋਂ ਐਲਾਨਿਆ ਵਿਸ਼ੇਸ਼ ਪੈਕੇਜ ਕਾਫ਼ੀ ਨਹੀਂ ਸੀ। ਉਂਜ, ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਕੇਂਦਰ ਨੇ ਰਾਜ ਲਈ ਕੁਝ ਨਹੀਂ ਕੀਤਾ।  ਤੇਲਗੂ ਦੇਸਮ ਪਾਰਟੀ ਦੇ ਲੋਕ ਸਭਾ ਵਿਚ 16 ਅਤੇ ਰਾਜ ਸਭਾ ਵਿੱਚ 6 ਮੈਂਬਰ ਹਨ। ਇਸ ਦੌਰਾਨ, ਭਾਜਪਾ ਨੇ ਅੱਜ ਸਵੇਰੇ ਆਂਧਰਾ ਪ੍ਰਦੇਸ਼ ਵਿੱਚ ਨਾਇਡੂ ਸਰਕਾਰ ਵਿੱਚ ਆਪਣੇ ਦੋ ਮੰਤਰੀ ਵਾਪਸ ਬੁਲਾ ਲਏ ਹਨ। ਪਾਰਟੀ ਦੇ ਇਕ ਐਮਪੀ ਨਰਮਲੀ ਸ਼ਿਵਾਪ੍ਰਸ਼ਾਦ ਨੇ ਕਿਹਾ ਕਿ ਭਾਜਪਾ ਤੇਲਗੂ ਦੇਸਮ ਨੂੰ ਛੋਟੀ ਪਾਰਟੀ ਗਿਣਦੀ ਰਹੀ ਹੈ ਪਰ ਇਸ ਦੀ ਤਾਕਤ ਹੁਣ ਸਮਝ ਆਵੇਗੀ।
ਟੀਡੀਪੀ ਦੇ ਦੋ ਮੰਤਰੀਆਂ ਵੱਲੋਂ ਕੇਂਦਰੀ ਵਜ਼ਾਰਤ ’ਚੋਂ ਅਸਤੀਫ਼ੇ ਦੇਣ ਮਗਰੋਂ ਭਵਿੱਖੀ ਸਿਆਸਤ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਮੁੱਖ ਮੰਤਰੀ ਨੇ ਟੀਡੀਪੀ ਦੇ ਸੀਨੀਅਰ ਆਗੂਆਂ ਜਿਨ੍ਹਾਂ ’ਚ ਕਲਵਾ ਸ੍ਰੀਨਿਗਾਸੁਲੂ, ਸੋਮੀਰੈੱਡੀ ਚੰਦਰਮੋਹਨ ਰੈੱਡੀ ਤੇ ਨਰਾਇਣ ਸ਼ਾਮਲ ਸਨ, ਨਾਲ ਅੱਜ ਸ਼ਾਮ ਨੂੰ ਮੀਟਿੰਗ ਕੀਤੀ। ਮੀਟਿੰਗ ਮਗਰੋਂ ਆਂਧਰਾ ਪ੍ਰਦੇਸ਼ ਸਰਕਾਰ ਦੇ ਸਲਾਹਕਾਰ ਪ੍ਰਾਕਲਾ ਪ੍ਰਭਾਕਰ ਨੇ ਸੂਬੇ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੋਈ ਗੱਲਬਾਤ ਬਾਰੇ ਜਾਣਕਾਰੀ ਮੀਡੀਆ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਬੀਤੀ ਰਾਤ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਹੋ ਨਾ ਸਕੀ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਅੱਜ ਮੁੜ ਗੱਲ ਕੀਤੀ ਹੈ। ਸ੍ਰੀ ਨਾਇਡੂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਹ ਸਪੱਸ਼ਟ ਕਹਿ ਦਿੱਤਾ ਸੀ ਕਿ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦਿੱਤਾ ਜਾਣਾ ਸੰਭਵ ਨਹੀਂ ਹੈ ਤੇ ਇਹ ਉਨ੍ਹਾਂ ਨੂੰ ਪ੍ਰਵਾਨ ਨਹੀਂ ਹੈ।
ਮੋਦੀ-ਨਾਇਡੂ ਗੱਲਬਾਤ ਰਹੀ ਬੇਸਿੱਟਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨਾਲ ਫੋਨ ’ਤੇ 10 ਮਿੰਟ ਲੰਮੀ ਗੱਲਬਾਤ ਕਰਕੇ ਮਸਲੇ ’ਤੇ ਮੁੜ ਵਿਚਾਰ ਕਰਨ ਦੀ ਗੱਲ ਕਹੀ, ਪਰ ਸ੍ਰੀ ਨਾਇਡੂ ਨੇ ਉਨ੍ਹਾਂ ਨੂੰ ਆਪਣੀ ਮਜਬੂਰੀ ਦੱਸੀ ਹੈ। ਭਾਜਪਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਆਗੂਆਂ ਵਿਚਾਲੇ ਹੋਈ ਗੱਲਬਾਤ ਨਾਲ ਦੋਵਾਂ ਪਾਰਟੀਆਂ ਵਿਚਾਲੇ ਪਈ ਦੂਰੀ ਮਿਟਣ ਦੀ ਆਸ ਹੈ।

 

 

fbbg-image

Latest News
Magazine Archive